
ਬਠਿੰਡਾ– ਪੰਜਾਬੀ ਸਾਹਿਤ ਸਭਾ (ਰਜਿ.) ਬਠਿੰਡਾ ਵੱਲੋਂ ਸਭਾ ਦੇ ਜਰਨਲ ਸਕੱਤਰ ਭੁਪਿੰਦਰ ਸੰਧੂ ਦੇ ਨਵ- ਪ੍ਰਕਾਸ਼ਿਤ ਕਾਵਿ-ਸੰਗ੍ਰਿਹ ਸਬੰਧੀ ਲੋਕ ਅਰਪਣ ਸਮਾਗਮ ਅਤੇ ਕਵੀ ਦਰਬਾਰ ਇੱਥੋਂ ਦੇ ਡੀਏਵੀ ਕਾਲਜ ਬਠਿੰਡਾ ਦੇ ਸੈਮੀਨਾਰ ਹਾਲ ਵਿਚ 1 ਨਵੰਬਰ, ਦਿਨ ਐਤਵਾਰ, ਸਵੇਰੇ ਕਰਵਾਇਆ ਜਾ ਰਿਹਾ ਹੈ।ਸਭਾ ਦੇ ਪ੍ਰਚਾਰ ਸਕੱਤਰ ਗੁਰਸੇਵਕ ਚੁੱਘੇ ਖੁਰਦ ਅਨੁਸਾਰ ਪ੍ਰੋ ਵਰੇਸ ਗੁਪਤਾ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਅਤੇ ਡਾ. ਭੀਮ ਇੰਦਰ ਸਿੰਘ ਉੱਘੇ ਮਾਰਕਸਵਾਦੀ ਆਲੋਚਕ ਅਤੇ ਮੁਖੀ, ਪੰਜਾਬੀ ਸਾਹਿਤ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਸਮਾਗਮ ਦੀ ਪ੍ਰਧਾਨਗੀ ਕਰਨਗੇ।ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਦੇ ਨਾਲ ਉੱਘੇ ਅਲੋਚਕ ਡਾ. ਸਤਨਾਮ ਸਿੰਘ ਜੱਸਲ, ਪ੍ਰਿੰ. ਜਗਦੀਸ਼ ਘਈ, ਡਾ. ਸੁਰਜੀਤ ਬਰਾੜ, ਸੁਰਿੰਦਰਪ੍ਰੀਤ ਘਣੀਆਂ, ਡਾ. ਅਜੀਤਪਾਲ ਸਿੰਘ ਸ਼ਾਮਲ ਹੋਣਗੇ। ਵਿਚਾਰ ਅਧੀਨ ਪੁਸਤਕ ਵਾਰੇ ਉੱਘੇ ਆਲੋਚਕ ਡਾ. ਭੁਪਿੰਦਰ ਸਿੰਘ ਬੇਦੀ ਪਰਚਾ ਪੜ੍ਹਨਗੇ, ਜਿਸ ਉਪਰ ਡਾ. ਮਨੋਰਮਾ ਸਮਾਘ, ਪ੍ਰੋ. ਜਸਵਿੰਦਰ ਸ਼ਰਮਾ, ਕੰਵਲਜੀਤ ਕੁਟੀ, ਪ੍ਰਿੰ. ਜਗਮੇਲ ਸਿੰਘ ਜਠੌਲ, ਨਗਿੰਦਰ ਪਾਲ ਆਪਣੇ ਵਿਚਾਰ ਪੇਸ਼ ਕਰਨਗੇ।ਇਸ ਮੌਕੇ ਹਾਜ਼ਰ ਕਵੀਆਂ ਦਾ ਇਕ ਕਵੀ ਦਰਬਾਰ ਵੀ ਹੋਵੇਗਾ ।ਸਭਾ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ ਨੇ ਇਲਾਕੇ ਭਰ ਦੇ ਸਾਹਿਤਕਾਰਾਂ ਅਤੇ ਸਾਹਿਤ ਰਸੀਆਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ।