ਅਮਰੀਕਾ ਦੇ 50 ਚੋਣਵੇਂ ਸਿੱਖਾਂ ਸਬੰਧੀ ਕਿਤਾਬ ਹੋਈ ਰਿਲੀਜ਼

ਵਾਸ਼ਿੰਗਟਨ, 5 ਫ਼ਰਵਰੀ — ਅਮਰੀਕਾ ਦੇ 50 ਸਿੱਖਾਂ ਦੇ ਵੱਖ-ਵੱਖ ਖੇਤਰਾਂ ‘ਚ ਪਾਏ ਵੱਡਮੁੱਲੇ ਯੋਗਦਾਨ ਲਈ ਇਕ ਕਿਤਾਬ ਪੰਜਾਬੀ ਯੂਨੀਵਰਸਿਟੀ ਦੇ ਡਾ. ਪ੍ਰਭਲੀਨ ਸਿੰਘ ਦੁਆਰਾ ਲਿਖੀ ਗਈ ਹੈ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਕਿਤਾਬ ਵਿਚ ਅਮਰੀਕਾ ਭਰ ਤੋਂ 50 ਸਿਰਕੱਢ ਸਿੱਖਾਂ ਨੂੰ ਚੁਣ ਕੇ ਇਸ ਕਿਤਾਬ ‘ਚ ਸੁਸ਼ੋਭਿਤ ਕੀਤਾ ਗਿਆ ਹੈ। ਇਸ ਵਿਚ ਕੈਲੀਫੋਰਨੀਆ ਸਟੇਟ ਤੋਂ ਵੀ ਕੁੱਝ ਚੋਣਵੀਆਂ ਸ਼ਖਸੀਅਤਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿਚ ਦੀਦਾਰ ਸਿੰਘ ਬੈਂਸ, ਕਰਨੈਲ ਸਿੰਘ (ਮਾਈਕ) ਸੰਧੂ, ਗੁਰਜਤਿੰਦਰ ਸਿੰਘ ਰੰਧਾਵਾ, ਡਾ. ਨਰਿੰਦਰ ਸਿੰਘ ਕਪਾਨੀ, ਡਾ. ਅਮਰਜੀਤ ਸਿੰਘ ਮਰਵਾਹਾ, ਚਰਨਜੀਤ ਸਿੰਘ ਘਈ, ਭੁਪਿੰਦਰ ਸਿੰਘ ਢਿੱਲੋਂ, ਗੁਰਦੀਪ ਕੌਰ ਚਾਵਲਾ, ਹਰਲੀਨ ਸਿੰਘ, ਨਵਨੀਤ ਸਿੰਘ ਚੁੱਘ, ਰਸ਼ਪਾਲ ਸਿੰਘ ਢੀਂਡਸਾ, ਡਾ. ਮਨਬੀਰ ਸਿੰਘ, ਮੈਨੀ ਗਰੇਵਾਲ, ਹਰਪ੍ਰੀਤ ਸਿੰਘ ਸੰਧੂ, ਡਾ. ਜਸਬੀਰ ਸਿੰਘ ਕੰਗ, ਦਵਿੰਦਰ ਸਿੰਘ ਬੈਂਸ, ਰਾਣਾ ਸੋਢੀ, ਹਰਪ੍ਰੀਤ ਸਿੰਘ ਦਰਦੀ, ਸਤਿੰਦਰ ਸਿੰਘ ਰੇਖੀ ਵੀ ਸ਼ਾਮਲ ਹਨ। ਇਸ ਕਿਤਾਬ ਨੂੰ ਵਾਸ਼ਿੰਗਟਨ ਡੀ.ਸੀ. ਅਤੇ ਕੈਲੀਫੋਰਨੀਆ ‘ਚ ਵੱਡੇ ਸਮਾਗਮਾਂ ਦੌਰਾਨ ਰਿਲੀਜ਼ ਕੀਤਾ ਗਿਆ। ਯੂ.ਐੱਸ. ਕੈਪੀਟਲ ‘ਚ ਕਰਵਾਏ ਗਏ ਕਿਤਾਬ ਦੇ ਰਿਲੀਜ਼ ਸਮਾਗਮ ਮੌਕੇ 15 ਕਾਂਗਰਸਮੈਨ ਹਾਜ਼ਰ ਸਨ, ਜਿਨ੍ਹਾਂ ਵਿਚ ਜੌਹਨ ਗੈਰਾਮੰਡੀ, ਜੂਡੀ ਚੂ, ਐਮੀ ਬੇਰਾ, ਗਰੈਗ ਸਟੈਨਟਨ, ਰਾਜਾ ਕ੍ਰਿਸ਼ਨਾਮੂਰਤੀ, ਸਟੀਵ ਕੋਹੇਨ, ਗ੍ਰੇਸ ਮੈਂਗ, ਹੈਲੀ ਸਟੀਵਨਸ, ਪ੍ਰੋਮਿਲਾ ਜੈਪਾਲ, ਟਾਮ ਸੂਊਜ਼ੀ, ਜੈਰੀ ਮੈਕਨੇਰਨੀ, ਜਿੰਮ ਕੋਸਟਾ, ਕੈਰੋਲੀਨ ਮੈਲੋਨੀ, ਰੋਅ ਖੰਨਾ ਅਤੇ ਪਿਟਰ ਕਿੰਗ ਆਦਿ ਸ਼ਾਮਲ ਸਨ। ਇਸ ਦੌਰਾਨ ਇਨ੍ਹਾਂ ਕਾਂਗਰਸਮੈਨਾਂ ਨੇ ਆਪੋ-ਆਪਣੇ ਭਾਸ਼ਨਾਂ ਦੌਰਾਨ ਬੋਲਦਿਆਂ ਕਿਹਾ ਕਿ ਸਿੱਖ ਅਮਰੀਕਾ ਦਾ ਮਿਸਾਲੀ ਭਾਈਚਾਰਾ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸਿੱਖਾਂ ਨੇ ਅਮਰੀਕਾ ‘ਚ ਵਿਸ਼ੇਸ਼ ਯੋਗਦਾਨ ਪਾਇਆ ਹੈ ਅਤੇ ਅਰਥਚਾਰੇ ਨੂੰ ਮਜ਼ਬੂਤ ਕੀਤਾ ਹੈ। ਇਨ੍ਹਾਂ ਆਗੂਆਂ ਨੇ ਸਿੱਖ ਕੌਮ ਨੂੰ ਯਕੀਨ ਦਿਵਾਇਆ ਕਿ ਅਸੀਂ ਸਿੱਖ ਕੌਮ ਨਾਲ ਸੰਬੰਧਤ ਹਰ ਤਰ੍ਹਾਂ ਦੇ ਮੁੱਦੇ ਚੁੱਕਾਂਗੇ ਅਤੇ ਤੁਹਾਡੀ ਮਦਦ ਲਈ ਹਾਜ਼ਰ ਹਾਂ। ਵਾਸ਼ਿੰਗਟਨ ਵਿਚ ਹੋਏ ਸਮਾਗਮ ਵਿਚ 200 ਤੋਂ ਵੱਧ ਪਤਵੰਤੇ ਸੱਜਣਾਂ ਨੇ ਹਾਜ਼ਰੀ ਭਰੀ। ਇਸ ਤੋਂ ਬਾਅਦ ਸੈਨਹੋਜ਼ੇ, ਕੈਲੀਫੋਰਨੀਆ ਵਿਖੇ ਵੀ ਹਜ਼ਾਰਾਂ ਸੰਗਤਾਂ ਸਾਹਮਣੇ ਇਸ ਕਿਤਾਬ ਨੂੰ ਰਿਲੀਜ਼ ਕੀਤਾ ਗਿਆ।ਕੈਲੀਫੋਰਨੀਆ ਦੇ ਮੁੱਖ ਸਮਾਗਮ ਵਿਚ ਸਟੇਟ ਦੀ ਲੈਫਟੀਨੈਂਟ ਗਵਰਨਰ ਐਲਿਨੀ ਕੋਨਾਲਾਕੀਸ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਈ ਅਤੇ ਉਨ੍ਹਾਂ ਨੇ ਇਹ ਕਿਤਾਬ ਰਿਲੀਜ਼ ਕੀਤੀ। ਇਸ ਮੌਕੇ ਕਿਤਾਬ ਵਿਚ ਸ਼ਾਮਲ ਕੀਤੇ ਗਏ ਕੁੱਝ ਸਿੱਖ ਪਤਵੰਤੇ ਵੀ ਹਾਜ਼ਰ ਸਨ। ਡਾ. ਪ੍ਰਭਲੀਨ ਸਿੰਘ ਨੇ ਅਮਰੀਕਾ ਵਿਚ ਇਸ ਕਿਤਾਬ ਨੂੰ ਰਿਲੀਜ਼ ਕਰਨ ਲਈ ਖੁਸ਼ੀ ਦਾ ਇਜ਼ਹਾਰ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਤਿਕਾਰਯੋਗ ਸ਼ਖਸੀਅਤਾਂ ਨੂੰ ਕਿਤਾਬ ਵਿਚ ਪਰੋਅ ਕੇ ਮੇਰੇ ਮਨ ਨੂੰ ਬਹੁਤ ਤਸੱਲੀ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਡਾ. ਪ੍ਰਭਲੀਨ ਸਿੰਘ ਨੇ ਭਾਰਤ ਦੇ 50 ਪਤਵੰਤੇ ਸਿੱਖਾਂ ਬਾਰੇ ਇਕ ਕਿਤਾਬ ਛਾਪੀ ਸੀ, ਜਿਸ ਨੂੰ ਭਾਰਤ ਦੇ ਰਾਸ਼ਟਰਪਤੀ ਨੇ ਰਿਲੀਜ਼ ਕੀਤਾ ਸੀ।

Install Punjabi Akhbar App

Install
×