ਕਾਵਿ ਸੰਗ੍ਰਹਿ “ਪੋਰ ਦੀ ਜੂਨ” ਲੋਕ ਅਰਪਣ ਅਤੇ ਕਵੀ ਦਰਬਾਰ

 ਬਠਿੰਡਾ–ਪੰਜਾਬੀ ਸਾਹਿਤ ਸਭਾ (ਰਜਿ.) ਬਠਿੰਡਾ ਵੱਲੋਂ  ਭੁਪਿੰਦਰ ਸੰਧੂ ਬਠਿੰਡਾ ਦੀ ਕਾਵਿ ਪੁਸਤਕ “ਪੋਰ ਦੀ ਜੂਨ” ਦਾ ਲੋਕ ਅਰਪਣ ਸਮਾਰੋਹ ਇੱਥੋਂ ਦੇ ਡੀ ਏ ਵੀ ਕਾਲਜ ਬਠਿੰਡਾ ਦੇ ਸੈਮੀਨਾਰ ਹਾਲ ਵਿੱਚ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਉੱਘੇ ਮਾਰਕਸਵਾਦੀ ਆਲੋਚਕ  ਡਾ ਭੀਮ ਇੰਦਰ ਸਿੰਘ ਨੇ ਕੀਤੀ ਅਤੇ ਮੁੱਖ ਮਹਿਮਾਨ ਦੇ ਤੌਰ ਤੇ ਪ੍ਰੋ. ਵਰੇਸ਼ ਗੁਪਤਾ ਸ਼ਾਮਲ ਹੋਏ।  ਸਮਾਰੋਹ ਦੇ ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਦੇ ਨਾਲ ਸਭਾ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ, ਡਾ. ਸਤਨਾਮ ਸਿੰਘ ਜੱਸਲ, ਪ੍ਰਿੰ. ਜਗਦੀਸ਼ ਘਈ,  ਡਾ. ਅਜੀਤਪਾਲ ਸਿੰਘ, ਡਾ. ਸੁਰਜੀਤ ਬਰਾੜ ਅਤੇ ਡਾ. ਤੇਜਾ ਸਿੰਘ ਤਿਲਕ ਸ਼ੁਸ਼ੋਭਿਤ ਸਨ। ਸਮਾਰੋਹ ਦੇ ਸ਼ੁਰੂ ਵਿੱਚ ਵਿੱਛੜੇ ਸਾਹਿਤਕਾਰਾਂ ਡਾ.ਜੁਗਿੰਦਰ ਸਿੰਘ ਪੁਆਰ, ਡਾ. ਕੁਲਦੀਪ ਸਿੰਘ ਧੀਰ,  ਨਾਟਕਕਾਰ ਹੰਸਾ ਸਿੰਘ , ਪ੍ਰੋ. ਅਵਤਾਰ ਜੌੜਾ,  ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ ਪੋਤਰੇ ਸਦੀਪ ਸਿੰਘ,  ਟੀ. ਐਸ. ਯੂ.  ਆਗੂ ਲੇਖਰਾਜ ਦੇ ਨੋਜਵਾਨ ਬੇਟੇ, ਨੂੰ ਇਕ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।ਇਸ ਇਕ ਹੋਰ ਮਤੇ ਰਾਹੀਂ ਚੰਡੀਗੜ੍ਹ ਤੇ ਪੰਜਾਬੀ ਬਚਾਓ ਮੰਚ ਚੰਡੀਗੜ੍ਹ ਵੱਲੋਂ ਨਿਊ ਪੰਜਾਬ ਦਿਨ ਨੂੰ  ਕਾਲੇ ਦਿਵਸ ਵਜੋਂ ਮਨਾਉਣ ਦਾ ਸਮਰਥਨ ਕਰਨ ਤੋਂ ਇਲਾਵਾ  ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੰਜਾਬੀ ਮਾਂ ਬੋਲੀ ਨੂੰ ਪਰਿਵਾਰ, ਬਾਜ਼ਾਰ, ਰੁਜ਼ਗਾਰ, ਸਿੱਖਿਆ ਅਦਾਲਤਾਂ   ਅਤੇ  ਸਰਕਾਰੀ ਕੰਮ- ਕਾਜ ਵਿੱਚ   ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ।  ਸੁਰਿੰਦਰਪ੍ਰੀਤ ਘਣੀਆ ਨੇ ਸਭਾ  ਵੱਲੋਂ ਹਾਜ਼ਰੀਨ ਨੂੰ  ਜੀਅ ਆਇਆਂ ਕਹਿਣ ਦੇ ਨਾਲ ਨਾਲ ਸਵਾ ਦੀ ਭਵਿੱਖ ਦੇ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਭੁਪਿੰਦਰ ਸੰਧੂ ਨੂੰ  ਨਵੀਂ ਕਿਤਾਬ ਲਈ ਮੁਬਾਰਕਬਾਦ ਦਿੱਤੀ।  ਇਸ ਉਪਰੰਤ ਸਮੁੱਚੇ ਪ੍ਰਧਾਨਗੀ ਮੰਡਲ ਨੇ ਪੋਰ ਦੀ ਜੂਨ ਪੁਸਤਕ ਦਾ ਲੋਕ ਅਰਪਣ ਕੀਤਾ ਇਸ ਤੋਂ ਤੁਰੰਤ ਬਾਅਦ   ਹੋਣਹਾਰ ਸੰਗੀਤਕਾਰ ਕਰਨ ਸੰਧੂ ਅਤੇ ਟੀਪੂ ਸੁਲਤਾਨ ਵੱਲੋਂ ਪੋਰ ਦੀ ਜੂਨ ਵਿੱਚੋਂ  ਇੱਕ ਗੀਤ ਪੇਸ਼ ਕੀਤਾ ਗਿਆ।        ਡਾ. ਭੁਪਿੰਦਰ ਸਿੰਘ ਬੇਦੀ ਵੱਲੋਂ ਲੋਕ ਅਰਪਿਤ ਪੁਸਤਕ ਉਪਰ ਆਪਣਾ ਖੋਜ ਭਰਪੂਰ  ਪਰਚਾ ਪੇਸ਼ ਕਰਦਿਆਂ  ਭੁਪਿੰਦਰ ਸੰਧੂ ਦੀ ਕਵਿਤਾ ਨੂੰ ਪ੍ਰਗਤੀਵਾਦੀ ਕਵਿਤਾ ਸਥਾਪਿਤ ਕਰਦਿਆਂ  ਕਿਹਾ ਕਿ  ਪੋਰ ਦੀ ਜੂਨ ਵਿਚਲੀ ਕਵਿਤਾ ਮਨੁੱਖ ਨੂੰ ਸ਼ੰਘਰਸੀ ਜੀਵਨ ਜਿਊਣ ਲਈ ਪ੍ਰੇਰਿਤ ਕਰਦੀ ਹੈ।ਪੜ੍ਹੇ  ਗਏ ਉਕਤ ਪਰਚੇ ਉਪਰ ਡਾ. ਮਨੋਰਮਾ ਸਮਾਘ, ਕੰਵਲਜੀਤ ਕੁਟੀ, ਪ੍ਰਿੰ. ਜਗਮੇਲ ਸਿੰਘ ਜਠੌਲ, ਡਾ. ਜਸਵਿੰਦਰ ਸ਼ਰਮਾ, ਪ੍ਰਿੰ. ਜਗਦੀਸ਼ ਸਿੰਘ ਘਈ, ਭੀਮ ਸੈਨ, ਤੇਜਾ ਸਿੰਘ ਤਿਲਕ  ਆਦਿ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਪਰਚੇ ਨੂੰ ਬੇਹੱਦ ਸੰਤੁਲਿਤ ਦੱਸਿਆ ਅਤੇ ਭੁਪਿੰਦਰ ਸੰਧੂ ਦੀ ਕਵਿਤਾ ਨੂੰ ਜ਼ਿੰਦਗੀ ਨਾਲ ਜੁੜੀ ਹੋਈ ਕਰਤਾ ਆਖਿਆ। ਜ਼ਿੰਦਗੀ ਦੀ ਕਵਿਤਾ ਕਿਹਾ।ਡਾ. ਸੁਰਜੀਤ ਬਰਾੜ ਨੇ  ਵਿਚਾਰ ਚਰਚਾ ਨੂੰ ਸਮੇਟਦਿਆਂ ਭੁਪਿੰਦਰ ਸੰਧੂ ਦੀ ਕਵਿਤਾ ਨੂੰ ਨਵ ਪ੍ਰਗਤੀਵਾਦ ਦੌਰ ਦੀ ਕਵਿਤਾ ਕਹਿੰਦਿਆਂ ਕਿਹਾ ਕਿ ਵਰਤਮਾਨ ਦੌਰ ਵਿੱਚ ਅਜੇਹੀ ਕਵਿਤਾ ਦੀ ਸਖਤ ਜਰੂਰਤ ਹੈ। ਡਾ. ਭੀਮ ਇੰਦਰ ਸਿੰਘ  ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਭੁਪਿੰਦਰ ਸੰਧੂ ਦੀ ਪੁਸਤਕ ਬਾਰੇ ਗੱਲ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਉਹ ਕਵਿਤਾ ਹੀ ਪ੍ਰਸੰਗਿਕ ਹੈ ਜੋ ਮਾਨਵੀ ਸੰਵੇਦਨਾ ਨੂੰ ਸੰਘਰਸ਼ ਕਰਨ ਲਈ ਪ੍ਰੇਰਿਤ ਕਰਦੀ ਹੋਵੇ ਤੇ ਸੰਧੂ ਦੀ ਕਵਿਤਾ ਇਸ ਉਦੇਸ਼ ਨੂੰ ਪ੍ਰਣਾਈ ਹੋਈ ਹੈ।  ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਸੇਵਕ ਸਿੰਘ ਸ਼ਮੀਰੀਆ, ਡਾ. ਅਮਨਦੀਪ ਟੱਲੇਵਾਲੀਆ, ਮਾਸਟਰ ਜਗਨਨਾਥ, ਦਵੀ ਸਿੱਧੂ, ਕੁਲਦੀਪ ਸਿੰਘ ਬੰਗੀ, ਅਮਨਦੀਪ ਕੌਰ ਮਾਨ, ਅਮਰਜੀਤ ਕੌਰ ਹਰੜ, ਜਸਵੰਤ ਜੱਸ, ਆਤਮਾ ਰਾਮ ਰੰਜਨ, ਸੁਖਦਰਸ਼ਨ ਗਰਗ, ਗੁਰਸੇਵਕ ਚੁੱਘੇ ਖੁਰਦ, ਅੰਮ੍ਰਿਤਪਾਲ ਸਿੰਘ, ਰਾਮ ਦਿਆਲ ਸੇਖੋਂ, ਸਿਕੰਦਰ ਚੰਦਭਾਨ, ਹਰਗੋਬਿੰਦ ਸ਼ੇਖਪੁਰੀਆ, ਸੁਰਿੰਦਰਪ੍ਰੀਤ ਘਣੀਆ, ਡਾ. ਜਸਪਾਲਜੀਤ, ਆਦਿ  ਨਵ ਪੂੰਜੀਵਾਦ ਤਹਿਤ ਸਾਮਰਾਜਵਾਦੀ ਸਰਕਾਰਾਂ ਵੱਲੋਂ ਅਵਾਮ ਨੂੰ ਦਰਪੇਸ਼ ਚੁਣੌਤੀਆਂ ਅਤੇ ਕਿਸਾਨੀ ਸੰਕਟ ਨੂੰ ਪੇਸ਼ ਕਰਦੀਆਂ ਆਪਣੀਆਂ ਭਾਵਪੂਰਤ ਰਚਨਾਵਾਂ ਪੇਸ਼ ਕੀਤੀਆਂ। ਸਮਾਰੋਹ ਦੇ ਆਖੀਰ ਵਿੱਚ  ਡਾ.ਅਜੀਤਪਾਲ ਸਿੰਘ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ  ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਸਮੇਂ ਅਣਸਰਦੀ ਲੋੜ ਹਨ।  ਇਸ ਸਮੇਂ  ਉਘੇ  ਚਿੱਤਰਕਾਰ ਅਮਰਜੀਤ ਸਿੰਘ ਪੇਂਟਰ, ਜਸਪਾਲ ਜੱਸੀ, ਬਲਵਿੰਦਰ ਬਾਘਾ, ਭੁਪਿੰਦਰ ਜੈਤੋ, ਮੁਖਤਿਆਰ ਕੌਰ, ਮਨਜੀਤ ਕੌਰ, ਸੂਰਜ ਸੰਧੂ, ਜਗਦੀਪ ਸਿੰਘ ਕਪੂਰ, ਗੁਰਜੰਟ ਸਿੰਘ ਕੋਟਭਾਰਾ ਆਦਿ ਸ਼ਖਸੀਅਤਾਂ  ਵੀ ਹਾਜ਼ਰ ਸਨ। ਸਟੇਜ ਦੀ ਸਮੁੱਚੀ ਕਾਰਵਾਈ ਡਾ. ਜਸਪਾਲਜੀਤ  ਨੇ ਬਾਖੂਬੀ ਨਿਭਾਈ।

Install Punjabi Akhbar App

Install
×