ਸੰਸਾਰ ਪ੍ਰਸਿੱਧ ਗਰੀਕ ਲੇਖਕ ਹੋਮਰ ਦੀ ਸੰਸਾਰ ਪ੍ਰਸਿੱਧ ਰਚਨਾ ‘ਦ ਇਲੀਅਦ’ ਦਾ ਮਰਹੂਮ ਲੇਖਕ ਹਰਦਿਲਬਾਗ ਸਿੰਘ ਗਿੱਲ ਵੱਲੋਂ ਅਨੁਵਾਦਿਤ ਪੁਸਤਕ-ਰੂਪ ਲੋਕ ਅਰਪਣ

ਬੀਤੇ ਕੱਲ੍ਹ, ਸਿੱਖ ਸਪੋਰਟ ਆਫ ਆਸਟ੍ਰੇਲੀਆ ਵੱਲੋਂ ਆਯੋਜਿਤ ਇੱਕ ਸਮਾਰੋਹ ਦੌਰਾਨ ਥਿਏਟਰ 2 ਪਾਰਕ ਕਮਿਊਨਿਟੀ ਸੈਂਟਰ ਐਡੀਲੇਡ ਵਿਖੇ, ਮਰਹੂਮ ਲੇਖਕ ਪ੍ਰੋਫੈਸਰ ਹਰਦਿਲਬਾਗ ਸਿੰਘ ਗਿੱਲ ਵੱਲੋਂ ਪੰਜਾਬੀ ਵਿੱਚ ਅਨੁਵਾਦਿਤ ਪੁਸਤਕ -(ਦ ਇਲੀਅਦ) ਜੋ ਯੁਨਾਨ ਦੇ ਲੇਖਕ ਹੋਮਰ ਵੱਲੋਂ 8ਵੀਂ ਸਦੀ (ਬੀ.ਸੀ.) ਦੌਰਾਨ ਲਿੱਖੀ ਗਈ ਮੰਨੀ ਜਾਂਦੀ ਹੈ ਅਤੇ ਇਸ ਕਿਤਾਬ ਨੂੰ ਇਲੀਅਨ ਜਾਂ ਇਲੀਅਮ ਦੇ ਗੀਤ (Songs of Illium or Illiun) ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਦਾ ਪ੍ਰੋਫੈਸਰ ਹਰਦਿਲਬਾਗ ਸਿੰਘ ਗਿੱਲ ਦੀ ਪਤਨੀ ਪਰਮਿੰਦਰ ਕੌਰ ਗਿੱਲ ਵੱਲੋਂ ਛੱਪਵਾ ਕੇ, ਇਸ ਦਾ ਲੋਕ ਅਰਪਣ ਕੀਤਾ ਗਿਆ। ਸ. ਗਿੱਲ ਉਘੇ ਫਿਲਾਸਫਰ ਅਤੇ ਲਿਖਾਰੀ ਦੇ ਰੂਪ ਵਿੱਚ ਜਾਣੇ ਜਾਂਦੇ ਸਨ ਅਤੇ ਉਨ੍ਹਾਂ ਵੱਲੋਂ ਸੰਸਾਰ ਪ੍ਰਸਿੱਧ ਕਈ ਪੁਸਤਕਾਂ ਦਾ ਅਨੁਵਾਦ ਕੀਤਾ ਗਿਆ ਹੈ। ਉਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਮਹਾਨ ਨਾਟਕਕਾਰ ਅਤੇ ਲਿਖਾਰੀ ਸ਼ੈਕਸਪੀਅਰ ਦੀਆਂ 6 ਕਿਤਾਬਾਂ ਦਾ ਅਨੁਵਾਦ ਪੰਜਾਬੀ ਸਾਹਿਤ ਨੂੰ ਦਿੱਤਾ ਅਤੇ ਉਨ੍ਹਾਂ ਨੇ ਪੰਜਾਬੀ ਨਾਵਲ ‘ਅੰਨ੍ਹੇ ਘੋੜੇ ਦਾ ਦਾਨ’ ਅੰਗ੍ਰੇਜ਼ੀ ਵਿੱਚ ਅਨੁਵਾਦ ਕਰਕੇ ਪੰਜਾਬੀ ਸਾਹਿਤ ਨੂੰ ਸੰਸਾਰ ਪੱਧਰ ਉਪਰ ਜਾਣੂ ਕਰਵਾਇਆ। ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ਕਾਰਨ ਉਨ੍ਹਾਂ ਦੀਆਂ ਕਈ ਅਨੁਵਾਦਿਤ ਖਰੜੇ ਪਰਿਵਾਰ ਨੇ ਸਾਂਭ ਕੇ ਰੱਖੇ ਹਨ ਅਤੇ ਉਨ੍ਹਾਂ ਦੀ ਛਪਾਈ ਕਰਵਾ ਕੇ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਏ ਜਾ ਰਹੇ ਹਨ।
ਇਸ ਸਮਾਗਮ ਦੌਰਾਨ ਇੱਕ ਮੁਸ਼ਾਇਰੇ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਕਿ ਪੂਰਨ ਪੰਜਾਬ (ਚੜ੍ਹਦਾ-ਲਹਿੰਦਾ) ਦੇ ਕਵੀਆਂ ਨੇ ਹਿੱਸਾ ਲਿਆ ਅਤੇ ਇਨ੍ਹਾਂ ਸ਼ਖ਼ਸੀਅਤਾਂ ਵਿੱਚ ਲੇਖਕ ਮੋਹਣ ਸਿੰਘ ਮਲਹਾਂਸ, ਮਿੰਟੂ ਬਰਾੜ, ਜੇ ਐਸ ਰੁਪਾਣਾ, ਮਨਦੀਪ ਕੌਰ ਢੀਂਡਸਾ, ਸ਼ੇਖ਼ ਮਨਸੂਰ, ਸ਼ਾਇਰਾ ਸੁਰਿੰਦਰ ਸਿਦਕ, ਅਫ਼ਜ਼ਲ ਰਿਜ਼ਵੀ, ਰਿਸ਼ੀ ਗੁਲਾਟੀ, ਡਾ. ਅਲੀ ਆਰਜ਼ੂ, ਸ਼ੰਮੀ ਜਲੰਧਰੀ, ਡਾ. ਮੁਹੰਮਦ ਅਫ਼ਜ਼ਲ, ਰਮਨਪ੍ਰੀਤ ਕੋਰ, ਬਸ਼ਾਰਤ ਸ਼ਮੀ ਆਦਿ ਨੇ ਰੰਗ ਬੰਨ੍ਹਿਆ ਅਤੇ ਦਰਸ਼ਕਾਂ ਨੇ ਵੀ ਇਨ੍ਹਾਂ ਦੀਆਂ ਰਚਨਾਵਾਂ ਦਾ ਭਰਪੂਰ ਆਨੰਦ ਮਾਣਿਆ।
ਸ਼ਾਇਰਾ ਰਮਨਪ੍ਰੀਤ ਕੌਰ ਦੀ ਪੰਜਾਬੀ ਸਾਹਿਤ ਨੂੰ ਦੇਣ ਸਦਕਾ, ਉਨ੍ਹਾਂ ਨੂੰ ਇਸ ਮੌਕੇ ਤੇ ਪ੍ਰੋਫੈਸਰ ਹਰਦਿਲਬਾਗ ਸਿੰਘ ਗਿੱਲ ਯਾਦਗਾਰੀ ਇਨਾਮ ਨਾਲ ਨਵਾਜਿਆ ਗਿਆ ਅਤੇ ਐਲਾਨ ਕੀਤਾ ਗਿਆ ਕਿ ਉਕਤ ਇਨਾਮ ਹਰ ਸਾਲ ਅਜਿਹੇ ਕਿਸੇ ਨਾ ਕਿਸੇ ਲੇਖਕ/ਕਵੀ ਨੂੰ ਉਸ ਦੇ ਯੋਗਦਾਨ ਬਦਲੇ ਵਿੱਚ ਦਿੱਤਾ ਜਾਇਆ ਕਰੇਗਾ।

Install Punjabi Akhbar App

Install
×