ਡਾ. ਦਰਸ਼ਨ ਸਿੰਘ ‘ਆਸ਼ਟ’ ਵੱਲੋਂ ਪੁਸਤਕ ਮੇਲੇ ਵਿਚ ਬੱਚਿਆਂ ਨੂੰ ਪੁਸਤਕਾਂ ਭੇਂਟ

  • ਨਵੀਂ ਪੀੜ੍ਹੀ ਨੂੰ ਮਾਂ ਬੋਲੀ ਨਾਲ ਜੋੜਨ ਲਈ ਕੀਤਾ ਸਾਰਥਿਕ ਉਪਰਾਲਾ

BOOKS DONATED BY DR. DARSHAN SINGH AASHT

(ਪਟਿਆਲਾ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਯੋਜਿਤ ਕੀਤੇ ਗਏ ਵਿਸ਼ਾਲ ਪੁਸਤਕ ਮੇਲੇ ਦੇ ਆਖ਼ਰੀ ਦਿਨ ਸਾਹਿਤ ਅਕਾਦਮੀ ਐਵਾਰਡੀ ਅਤੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਬੱਚਿਆਂ ਨੂੰ ਆਪਣੀਆਂ ਲਿਖੀਆਂ ਬਾਲ ਪੁਸਤਕਾਂ ਭੇਂਟ ਕੀਤੀਆਂ। ਇਹ ਪੁਸਤਕਾਂ ਭਾਸ਼ਾ ਵਿਭਾਗ, ਨੈਸ਼ਨਲ ਬੁੱਕ ਟਰੱਸਟ, ਇੰਡੀਆ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਭਾਰਤ ਸਰਕਾਰ, ਤਰਲੋਚਨ ਪਬਲਿਸ਼ਰਜ਼, ਲਾਹੌਰ ਬੁੱਕ ਸ਼ਾਪ ਲੁਧਿਆਣਾ, ਪੰਜਾਬੀ ਅਕਾਦਮੀ ਦਿੱਲੀ, ਗੌਤਮ ਪਬਲੀਕੇਸ਼ਨਜ਼ ਅਤੇ ਲੋਕ ਗੀਤ ਪ੍ਰਕਾਸ਼ਨ ਆਦਿ ਪ੍ਰਸਿੱਧ ਸੰਸਥਾਵਾਂ ਵੱਲੋਂ ਛਾਪੀਆਂ ਗਈਆਂ ਹਨ।

ਬੱਚਿਆਂ ਨੂੰ ਪੁਸਤਕਾਂ ਭੇਂਟ ਕਰਨ ਉਪਰੰਤ ਡਾ. ‘ਆਸ਼ਟ’ ਨੇ ਦੱਸਿਆ ਕਿ ਉਹਨਾਂ ਦੀ ਲੇਖਣੀ ਦਾ ਮਕਸਦ ਨਵੀਂ ਪੀੜ੍ਹੀ ਦਾ ਆਪਣੀ ਮਾਂ ਬੋਲੀ ਪੰਜਾਬੀ ਨਾਲ ਸਨੇਹ ਪੈਦਾ ਕਰਨਾ ਅਤੇ ਉਹਨਾਂ ਵਿਚ ਪੜ੍ਹਨ ਰੁਚੀਆਂ ਪੈਦਾ ਕਰਨਾ ਹੈ ਤਾਂ ਜੋ ਉਹ ਉਸਾਰੂ ਜੀਵਨ ਮੁੱਲਾਂ ਨਾਲ ਜੁੜ ਸਕਣ ਅਤੇ ਭਾਸ਼ਾ,ਸਾਹਿਤ,ਸਭਿਆਚਾਰ ਅਤੇ ਵਿਰਾਸਤ ਦੀ ਮੁੱਲਵਾਨ ਪਰੰਪਰਾ ਤੋਂ ਜਾਗਰੂਕ ਹੋ ਸਕਣ। ਡਾ. ਆਸ਼ਟ ਨੇ ਇਸ ਗੱਲ ਉਪਰ ਜ਼ੋਰ ਦਿੱਤਾ ਕਿ ਨਵੀਂ ਪੀੜ੍ਹੀ ਭਾਵੇਂ ਕੰਪਿਊਟਰ ਅਤੇ ਮੋਬਾਈਲ ਦੇ ਯੁੱਗ ਵਿਚ ਬਿਜਲਈ ਮਾਧਿਅਮਾਂ ਦੇ ਰੁਝਾਨ ਵਿਚ ਰੁੱਝ ਗਈ ਹੈ ਪਰੰਤੂ ਬਾਲ ਸਾਹਿਤ ਅੱਜ ਵੀ ਸਾਰਥਿਕ ਹੈ ਜਿਸ ਦਾ ਅੰਦਾਜ਼ਾ ਬੱਚਿਆਂ ਵੱਲੋਂ ਪੁਸਤਕ ਮੇਲੇ ਵਿਚ ਕੀਤੀ ਗਈ ਉਤਸ਼ਾਹਜਨਕ ਸ਼ਿਰਕਤ ਤੋਂ ਹੋ ਜਾਂਦਾ ਹੈ। ਜ਼ਿਕਰਯੋਗ ਹੈ ਕਿ ਡਾ. ‘ਆਸ਼ਟ’ ਅਤੇ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਰਾਜਵੰਤ ਕੌਰ ਪੰਜਾਬੀ (ਸਟੇਟ ਐਵਾਰਡੀ) ਨੇ ਆਪਣੀ ਨਿੱਜੀ ਲਾਇਬ੍ਰੇਰੀ ਵਿਚੋਂ ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਨੂੰ 1000 ਤੋਂ ਵੱਧ ਪੁਸਤਕਾਂ ਤੋਹਫ਼ੇ ਵਜੋਂ ਭੇਂਟ ਕੀਤੀਆਂ ਸਨ। ਇਸ ਤੋਂ ਇਲਾਵਾ ਉਹ ਕਈ ਸਕੂਲਾਂ ਅਤੇ ਕਾਲਜਾਂ ਨੂੰ ਵੀ ਪੁਸਤਕਾਂ ਭੇਂਟ ਕਰ ਚੁੱਕੇ ਹਨ।
ਇਸ ਦੌਰਾਨ ਡਾ. ਰਾਜਵੰਤ ਕੌਰ ਪੰਜਾਬੀ ਸਮੇਤ ਯੂਨੀਵਰਸਿਟੀ ਦੇ ਕਈ ਅਧਿਕਾਰੀ,ਕਰਮਚਾਰੀ ਅਤੇ ਬੱਚਿਆਂ ਦੇ ਮਾਪੇ ਵੀ ਸ਼ਾਮਿਲ ਸਨ।

Welcome to Punjabi Akhbar

Install Punjabi Akhbar
×