ਕਿਸਾਨੀ ਅੰਦੋਲਨ ਨੂੰ ਸਮਰਪਿਤ ਪੁਸਤਕ ਲੋਕ ਅਰਪਣ ਤੇ ਕਵੀ ਦਰਬਾਰ ਹੋਇਆ

ਕਿਸਾਨ ਸੰਘਰਸ ਸਬੰਧੀ ਸਾਹਿਤ ਰਚਨਾ ਕਰਨਾ ਸਮੇਂ ਦੀ ਲੋੜ-ਸ੍ਰੀ ਬੁੱਟਰ

ਬਠਿੰਡਾ – ਕਰੀਬ ਅੱਧੀ ਸਦੀ ਤੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਬੁਲੰਦੀਆਂ ਨੂੰ ਛੂਹਣ ਵਾਲੀ ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਵੱਲੋਂ ਸਥਾਨਕ ਟੀਚਰਜ ਹੋਮ ਵਿਖੇ ਕਿਸਾਨੀ ਅੰਦੋਲਨ ਨੂੰ ਸਮਰਪਿਤ ਇੱਕ ‘ਪੁਸਤਕ ਲੋਕ ਅਰਪਣ ਸਮਾਗਮ ਤੇ ਕਵੀ ਦਰਬਾਰ’ ਕਰਵਾਇਆ ਗਿਆ। ਜਿਸਦੀ ਪ੍ਰਧਾਨਗੀ ਕੇਂਦਰੀ ਲੇਖਕ ਸਭਾ ਰਜਿ: ਦੇ ਪ੍ਰਧਾਨ ਸ੍ਰ: ਦਰਸ਼ਨ ਬੁੱਟਰ ਨੇ ਕੀਤੀ ਤੇ ਮੁੱਖ ਮਹਿਮਾਨ ਵਜੋਂ ਸ੍ਰੀ ਪਰਮਿੰਦਰ ਸਿੰਘ ਸਿੱਧੂ ਨੇ ਸਿਰਕਤ ਕੀਤੀ। ਪ੍ਰਧਾਨਗੀ ਮੰਡਲ ਵਿੱਚ ਉਹਨਾਂ ਤੋਂ ਇਲਾਵਾ ਪ੍ਰਿ: ਜਗਦੀਸ ਘਈ, ਡਾ: ਅਜੀਤਪਾਲ ਸਿੰਘ, ਸੁਰਿੰਦਰਪ੍ਰੀਤ ਘਣੀਆਂ, ਗੁਰਪ੍ਰੇਮ ਲਹਿਰੀ ਤੇ ਅਮਰ ਸਿੰਘ ਸਿੱਧੂ ਸਾਮਲ ਸਨ।
ਸਮਾਗਮ ਦੇ ਸੁਰੂਆਤ ‘ਚ ਡਾ: ਅਜੀਤਪਾਲ ਨੇ ਹਾਜਰੀਨ ਨੂੰ ਜੀ ਆਇਆਂ ਕਿਹਾ ਅਤੇ ਦਿੱਲੀ ਵਿਖੇ ਚੱਲ ਰਹੇ ਕਿਸਾਨ ਸੰਘਰਸ ਪ੍ਰਤੀ ਕੇਂਦਰ ਸਰਕਾਰ ਦੀ ਅਮਾਨਵੀ ਨੀਤੀ ਦੀ ਪੁਰਜੋਰ ਨਿੰਦਾ ਕਰਦਿਆਂ ਨਿਖੇਧੀ ਮਤਾ ਪੇਸ ਕੀਤਾ, ਜਿਸਨੂੰ ਸਰਵ ਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਇਸ ਉਪਰੰਤ ਸੰਘਰਸ ਦੌਰਾਨ ਸਹੀਦ ਹੋਏ 169 ਕਿਸਾਨਾਂ ਨੂੰ ਦੋ ਮਿੰਟ ਦਾ ਮੋਨ ਧਾਰ ਦੇ ਸਰਧਾਂਜਲੀ ਭੇਂਟ ਕੀਤੀ ਗਈ। ਇਸਤੋਂ ਬਾਅਦ ਸਭਾ ਦੇ ਪ੍ਰਧਾਨ ਸ੍ਰੀ ਸੁਰਿੰਦਰਪ੍ਰੀਤ ਘਣੀਆ ਨੇ ਸਭਾ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੰਦਿਆਂ ਭਵਿੱਖ ਦੀਆਂ ਸਰਗਰਮੀਆਂ ਬਾਰੇ ਵਿਚਾਰ ਪੇਸ ਕੀਤੇ।
ਇਸ ਉਪਰੰਤ ਸ੍ਰ: ਅਮਰ ਸਿੰਘ ਸਿੱਧੂ ਦੀਆਂ ਦੋ ਪੁਸਤਕਕਾਂ ਕਾਵਿ ਸੰਗ੍ਰਹਿ ‘ਕੱਚ ਦੀ ਝਾਂਜਰ’ ਅਤੇ ਵਾਰਤਕ ਪੁਸਤਕ ‘ਬਾਬਾਣੀਆ ਕਹਾਣੀਆਂ’ ਅਤੇ ਨਿਊਜੀਲੈਂਡ ਵਸਦੇ ਕਵੀ ਤਰਨਦੀਪ ਦਿਓਲ ਦਾ ਕਾਵਿ ਸੰਗ੍ਰਹਿ ‘ਸੁਪਨ ਸਕੀਰੀ’ ਲੋਕ ਅਰਪਣ ਕੀਤਾ ਗਿਆ। ਅਮਰ ਸਿੰਘ ਸਿੱਧੂ ਨੇ ਆਪਣੀ ਪੁਸਤਕ ਚੋਂ ਦੋ ਗ਼ਜਲਾਂ ਹਾਜਰੀਨ ਨਾਲ ਸਾਂਝੀਆਂ ਕੀਤੀਆ। ਇਸਤੋਂ ਬਾਅਦ ਪੁਸਤਕ ‘ਕੱਚ ਦੀ ਝਾਂਜਰ’ ਉਪਰ ਡਾ: ਅਰਵਿੰਦਰ ਕੌਰ ਕਾਕੜਾ ਦਾ ਲਿਖਿਆ ਪੇਪਰ ਅਮਰਜੀਤ ਕੌਰ ਹਰੜ ਨੇ ਪੜ੍ਹਿਆ ਤੇ ਇਸੇ ਪੁਸਤਕ ਦੇ ਰੂਪਕ ਪੱਖ ਉੱਪਰ ਪਰਚਾ ਆਲੋਚਕ ਜਗਮੀਤ ਹਰਫ਼ ਨੇ ਪੜ੍ਹਿਆ। ਇਹਨਾਂ ਪਰਚਿਆਂ ਤੇ ਡਾ: ਜਸਪਾਲਜੀਤ, ਗੁਰਪ੍ਰੇਮ ਲਹਿਰੀ, ਸਤੀਸ ਬੇਦਾਗ, ਹਰਭਜਨ ਸਿੰਘ ਸੇਲਬਰਾਹ ਨੇ ਵਿਚਾਰ ਪੇਸ ਕੀਤੇ। ਬਾਬਾਣੀਆਂ ਕਹਾਣੀਆਂ ਤੇ ਸੁਪਨ ਸਕੀਰੀ ਤੇ ਵਿਚਾਰ ਪੇਸ ਕਰਦਿਆਂ ਸ੍ਰੀ ਸੁਰਿੰਦਰਪ੍ਰੀਤ ਘਣੀਆ ਨੇ ਕਿਹਾ ਕਿ ਇਹ ਬੜੀਆਂ ਮੁੱਲਵਾਨ ਤੇ ਪੜ੍ਹਣਯੋਗ ਪੁਸਤਕਾਂ ਹਨ।
ਇਸ ਉਪਰੰਤ ਸਮਾਗਮ ਦੇ ਦੂਜੇ ਸੈਸਨ ਵਿੱਚ ਕਵੀ ਦਰਬਾਰ ਹੋਇਆ, ਜਿਸ ਵਿੱਚ ਦਿੱਲੀ ਵਿਖੇ ਚਲਦੇ ਦੇਸ ਪੱਧਰ ਦੇ ਕਿਸਾਨ ਅੰਦੋਲਨ ਦੀ ਗੂੰਜ ਸੁਣਾਈ ਦਿੱਤੀ। ਇਸ ਮੌਕੇ ਪੋਰਿੰਦਰ ਕੁਮਾਰ ਸਿੰਗਲਾ, ਹਰਦਰਸਨ ਸੋਹਲ, ਪਰਮਿੰਦਰ ਪੈਮ, ਅਮਰਜੀਤ ਕੌਰ ਹਰੜ, ਬਲਵਿੰਦਰ ਭੁੱਲਰ, ਜਸ ਬਠਿੰਡਾ, ਰਾਜਬੀਰ ਕੌਰ, ਹਰਿੰਦਰ ਕੌਰ, ਲੀਲਾ ਸਿੰਘ ਰਾਏ, ਲਾਲ ਸਿੰਘ ਸੁਲਹਾਣੀ, ਜਗਨ ਨਾਥ ਸਿੰਘ, ਨਵਦੀਪ ਰਾਏ ਆਦਿ ਕਵੀਆਂ ਨੇ ਕਿਸਾਨੀ ਨਾਲ ਸਬੰਧਤ ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਰੋਤਿਆਂ ਨੂੰ ਸਮਝਣ ਤੇ ਸੋਚਣ ਲਈ ਮਜਬੂਰ ਕਰ ਦਿੱਤਾ। ਪ੍ਰਧਾਨਗੀ ਭਾਸਣ ਵਿੱਚ ਸ੍ਰੀ ਦਰਸਨ ਬੁੱਟਰ ਨੇ ਪੇਸ ਕੀਤੀਆਂ ਰਚਨਾਵਾਂ ਨੂੰ ਸਮਕਾਲ ਦਾ ਸ਼ੀਸ਼ਾ ਕਿਹਾ ਅਤੇ ਕਿਸਾਨ ਅੰਦੋਲਨ ਲਈ ਸਾਹਿਤਕਾਰਾਂ ਨੂੰ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾਉਣ ਤੇ ਸੰਘਰਸ ਸਬੰਧੀ ਸਾਹਿਤ ਰਚਨਾ ਕਰਨ ਦੀ ਲੋੜ ਤੇ ਜੋਰ ਦਿੱਤਾ। ਉਹਨਾਂ ਤਰੰਨਮ ਵਿੱਚ ਆਪਣੀਆਂ ਰਚਨਾਵਾਂ ਸੁਣਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਮੁੱਖ ਮਹਿਮਾਨ ਸ੍ਰੀ ਪਰਮਿੰਦਰ ਸਿੰਘ ਸਿੱਧੂ ਨੇ ਵੀ ਇੱਕ ਗੀਤ ਪੇਸ ਕੀਤਾ ਅਤੇ ਇਸ ਸਮਾਗਮ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਸਮਾਗਮ ਨੂੰ ਪ੍ਰਿ: ਜਗਦੀਸ ਘਈ ਤੇ ਸ੍ਰੀਮਤੀ ਭਰਪੂਰ ਕੌਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵ ਸ੍ਰੀ ਦਰਸਨ ਮੌੜ, ਪ੍ਰਿ: ਰਣਜੀਤ ਸਿੰਘ, ਹਰਦੀਪ ਸਿੰਘ ਤੱਗੜ, ਕੰਵਲਜੀਤ ਕੁਟੀ, ਦੇਵੀ ਸਰਮਾਂ, ਰਾਜਦੇਵ ਕੌਰ ਸਿੱਧੂ, ਅਮਰਜੀਤ ਪੇਂਟਰ ਆਦਿ ਵੀ ਮੌਜੂਦ ਸਨ। ਅਖਰੀ ਵਿੱਚ ਪ੍ਰਿ: ਜਗਮੇਲ ਸਿੰਘ ਰਠੌਲ ਨੇ ਸਭ ਦਾ ਧੰਨਵਾਦ ਕੀਤਾ।

Install Punjabi Akhbar App

Install
×