
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਜਨਤਕ ਤੌਰ ਤੇ ਸਾਰੇ ਹੀ ਦੇਸ਼ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਦੇਸ਼ ਵਿੱਚ ਇਸ ਵੇਲੇ ਬਲੱਡ-ਬੈਂਕਾਂ ਅੰਦਰ ਖ਼ੂਨ ਦੀ ਕਮੀ ਪਾਈ ਜਾ ਰਹੀ ਹੈ ਅਤੇ ਤੁਰੰਤ ਘੱਟੋ ਘੱਟ 16,000 ਅਜਿਹੇ ਲੋਕਾਂ ਦੀ ਜ਼ਰੂਰਤ ਹੈ ਜੋ ਕਿ ਆਪਣਾ ਖ਼ੂਨ ਜਾਂ ਪਲਾਜ਼ਮਾ ਦਾਨ ਕਰ ਸਕਣ ਅਤੇ ਇਸ ਵਾਸਤੇ ਉਹ ਤੁਰੰਤ ਸਥਾਨਕ ਰੈਡ ਕਰਾਸ ਅਧਿਕਾਰੀਆਂ ਨਾਲ ਸੰਪਰਕ ਕਰਨ। ਵੈਸੇ ਤਾਂ ਹਰ ਤਰ੍ਹਾਂ ਦੇ ਬਲੱਡ ਗਰੁੱਪ ਦੇ ਦਾਨੀ ਨੂੰ ਹੀ ਅਪੀਲ ਕੀਤੀ ਜਾ ਰਹੀ ਹੈ ਪਰੰਤੂ ਓ ਪਾਜ਼ਿਟਿਵ ਅਤੇ ਏ ਪਾਜ਼ਿਟਿਵ (O+ and A+) ਵਾਲੇ ਗਰੁੱਪਾਂ ਦੀ ਖਾਸ ਜ਼ਰੂਰਤ ਹੈ ਅਤੇ ਇਨ੍ਹਾਂ ਗਰੁੱਪਾਂ ਦੀ ਹੁਣ ਦੇਸ਼ ਅੰਦਰ ਮਹਿਜ਼ ਦੋ ਦਿਨਾਂ ਦੀ ਹੀ ਸਪਲਾਈ ਰਹਿ ਗਈ ਹੈ ਅਤੇ ਇਸ ਵਾਸਤੇ ਅਪੀਲ ਕੀਤੀ ਜਾ ਰਹੀ ਹੈ ਕਿ ਅਗਲੇ ਦੋ ਹਫਿਤਿਆਂ ਦੌਰਾਨ ਖ਼ੂਨ ਦਾਨੀ ਅੱਗੇ ਆਉਣ ਅਤੇ ਆਪਣਾ ਖ਼ੂਨ ਦਾਨ ਕਰਨ। ਲਾਈਫਬਲੱਡ ਦੇ ਕਾਰਜਕਾਰੀ ਡਾਇਰੈਕਰ ਕੈਥ ਸਟੋਨ ਦਾ ਕਹਿਣਾ ਹੈ ਕਿ ਹਰ ਹਫ਼ਤੇ 31,000 ਖ਼ੂਨ ਦਾਨੀਆਂ ਦੀ ਜ਼ਰੂਰਤ ਪੈਂਦੀ ਹੈ ਅਤੇ ਇਨ੍ਹਾਂ ਦੀ ਮਦਦ ਨਾਲ ਟਰੌਮਾ, ਵੱਡੀਆ ਸਰਜਰੀਆਂ, ਕੈਂਸਰ ਦੇ ਮਰੀਜ਼ਾਂ, ਜੱਚਾ-ਬੱਚਾ ਅਤੇ ਕਈ ਤਰ੍ਹਾਂ ਦੀਆਂ ਹੋਰ ਆਪਦਾਵਾਂ ਸਮੇਂ ਸਪਲਾਈ ਕੀਤੀ ਜਾਂਦੀ ਹੈ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ ਪਰੰਤੂ ਦੇਖਣ ਨੂੰ ਇਹ ਆ ਰਿਹਾ ਹੈ ਕਿ ਕਿ ਹਰ ਰੋਜ਼ 1200 ਡੋਨਰ ਆਪਣਾ ਨਾਮ ਖ਼ੂਨਦਾਨ ਸਮੇਂ ਵਾਪਿਸ ਲੈ ਲੈਂਦੇ ਹਨ ਅਤੇ ਇਸ ਕਾਰਨ ਬਲੱਡ ਬੈਂਕਾਂ ਅੰਦਰ ਖ਼ੂਨ ਦੀ ਕਾਫੀ ਕਮੀ ਪਾਈ ਜਾਣ ਲੱਗ ਪਈ ਹੈ। ਜ਼ਿਕਰਯੋਗ ਹੈ ਕਿ ਸਮੁੱਚੇ ਆਸਟ੍ਰੇ਼ਲੀਆ ਅੰਦਰ ਮੌਜੂਦਾ ਸਮੇਂ ਵਿੱਚ ਉਪਰੋਕਤ ਦੋਹਾਂ ਗਰੁੱਪਾਂ ਦੀ 71% ਜਨਸੰਖਿਆ ਮੌਜੂਦ ਹੈ ਅਤੇ ਇਸ ਵਾਸਤੇ ਅਪੀਲ ਕੀਤੀ ਜਾਂਦੀ ਹੈ ਕਿ ਲੋਕ ਵੱਧ ਤੋਂ ਵੱਧ ਗਿਣਤੀ ਵਿਚ ਅੱਗੇ ਆਉਣ ਅਤੇ ਆਪਣਾ ਖ਼ੂਨ ਦਾਨ ਕਰਨ।