ਖੂਨ ਦਾਨ-ਮਹਾਂ ਦਾਨ: ਪੰਥਕ ਵਿਚਾਰ ਮੰਚ ਨਿਊਜ਼ੀਲੈਂਡ ਵੱਲੋਂ ਲਗਾਏ ਗਏ ਖੂਨ ਦਾਨ ਕੈਂਪ ਦਾ ਪਹਿਲਾ ਗੇੜ ਸਮਾਪਤ

NZ PIC 8 June-1

ਪੰਥਕ ਵਿਚਾਰ ਮੰਚ ਨਿਊਜ਼ੀਲੈਂਡ ਵੱਲੋਂ ਭਾਰਤੀ ਭਾਈਚਾਰੇ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਜ਼ ਦੇ ਸਹਿਯੋਗ ਸਦਕਾ ਇਸ ਵਾਰ ਸੱਤਵਾਂ ਮਹਾਨ ਖੂਨਦਾਨ ਕੈਂਪ ‘ਨਿਊਜ਼ੀਲੈਂਡ ਬਲੱਡ ਸਰਵਿਸ’ ਕੈਵਿਨਡਿਸ਼ ਡ੍ਰਾਈਵ ਮੈਨੁਕਾਓ ਵਿਖੇ ਲਗਾਇਆ ਗਿਆ। ਇਹ ਸਮਾਜਿਕ ਕਾਰਜ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹਾਦਤ ਅਤੇ ਜੂਨ 1984 ਦੇ ਸਮੂਹ ਸਿੰਘਾਂ-ਸਿੰਘਣੀਆਂ ਦੀ ਕੁਰਬਾਨੀ ਨੂੰ ਸਮਰਪਿਤ ਕੀਤਾ ਗਿਆ ਸੀ।  ਬਾਅਦ ਦੁਪਹਿਰ 2 ਵਜੇ ਸਮਾਂ ਨਿਯਤ ਸੀ ਪਰ ਦਾਨੀਆਂ ਦੀ ਗਿਣਤੀ ਜਿਆਦਾ ਹੋਣ ਕਰਕੇ ਇਹ ਮਹਾਨ ਕਾਰਜ 12 ਵਜੇ ਦੇ ਕਰੀਬ ਹੀ ਸ਼ੁਰੂ ਕਰ ਦਿੱਤਾ ਗਿਆ ਸੀ। ਦਾਨੀ ਸੱਜਣਾਂ ਦੀ ਆਓ ਭਗਤ ਵਾਸਤੇ ਸੇਵਾਦਾਰਾਂ ਅਤੇ ਸਹਿਯੋਗੀਆਂ ਵੱਲੋਂ ਰਿਫ੍ਰੈਸ਼ਮੈਂਟ ਵਸਤਾਂ ਦਾ ਪ੍ਰਬੰਧ ਕੀਤਾ ਗਿਆ ਸੀ। ਭਾਈ ਸਰਵਣ ਸਿੰਘ, ਸ. ਖੜਗ ਸਿੰਘ, ਸ. ਹਰਜਿੰਦਰ ਸਿੰਘ ਮਾਨ, ਜਸਮੀਤ ਸਿੰਘ ਅਤੇ ਭਾਈ ਹਰਪ੍ਰੀਤ ਸਿੰਘ ਖਾਲਸਾ ਸਮੇਤ ਹੋਰ ਕਈ ਵੀਰ ਖਾਣ-ਪੀਣ ਦੀਆਂ ਵਸਤਾਂ ਲੈ ਕੇ ਪਹੁੰਚੇ ਸਨ। ਆਮ ਆਦਮੀ ਪਾਰਟੀ ਦੇ ਵਲੰਟੀਅਰਜ਼ ਵੱਲੋਂ ਇਸ ਖੂਨ ਦਾਨ ਕੈਂਪ ਸਬੰਧੀ ਕਾਫੀ ਸਮੇਂ ਤੋਂ ਜਾਗੂਰਿਕਤਾ ਮੁਹਿੰਮ ਸ਼ੋਸ਼ਲ ਮੀਡੀਆ ‘ਤੇ ਚਲਾਈ ਗਈ ਸੀ। ਆਕਲੈਂਡ ਤੋਂ ਇਲਾਵਾ ਰੋਟੋਰੂਆ ਆਦਿ ਤੋਂ ਵੀ ਦਾਨੀ ਸੱਜਣ ਪਹੁੰਚੇ।  ਇਸ ਖੂਨ ਦਾਨ ਕੈਂਪ ਦਾ ਦੂਜਾ ਗੇੜ 14 ਜੂਨ ਦਿਨ ਮੰਗਲਵਾਰ ਨੂੰ ਇਸੇ ਸਥਾਨ ‘ਤੇ ਹੈ। ਖੂਨ ਦੇ ਨਾਲ ਲੋਕ ਪਲਾਜ਼ਮਾ ਵੀ ਦਾਨ ਕਰ ਸਕਣਗੇ ਪਰ ਜੋ ਲੋਕ ਸ਼ਾਮ 6 ਵਜੇ ਤੋਂ ਬਾਅਦ ਪਹੁੰਚਣਗੇ ਉਹ ਲੇਟ ਦੇ ਵਿਚ ਗਿਣੇ ਜਾਣਗੇ ਅਤੇ ਖੂਨ ਦਾਨ ਕਰਨ ਤੋਂ ਵਾਂਝੇ ਰਹਿ ਸਕਦੇ ਹਨ। ਪੰਥਕ ਵਿਚਾਰ ਮੰਚ ਦੀ ਸਮੁੱਚੀ ਟੀਮ ਵੱਲੋਂ ਜਿੱਥੇ ਸਾਰੇ ਦਾਨੀ ਸੱਜਣਾਂ, ਸਹਿਯੋਗੀਆਂ, ਆਮ ਆਦਮੀ ਪਾਰਟੀ ਵਿੰਗ, ਪਹੁੰਚੀਆਂ ਬੀਬੀਆਂ ਦਾ ਧੰਨਵਾਦ ਕੀਤਾ ਗਿਆ ਹੈ ਉਥੇ ਅਗਲੇ ਗੇੜ ਦੇ ਵਿਚ ਪਹੁੰਚਣ ਵਾਲੇ ਸਾਰੇ ਦਾਨੀ ਵਿਅਕਤੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਮੇਂ ਸਿਰ ਪਹੁੰਚਣ ਤਾਂ ਕਿ ਇਸ ਮਹਾਨ ਕਾਰਜ ਦੇ ਵਿਚ ਉਨ੍ਹਾਂ ਦਾ ਯੋਗਦਾਨ ਪੈ ਸਕੇ।
ਵਰਨਣਯੋਗ ਹੈ ਕਿ ਪਿਛਲੇ 6 ਸਾਲਾਂ ਦੌਰਾਨ 1000 ਤੋਂ ਵੱਧ ਖੂਨ ਦੀਆਂ ਬੋਤਲਾਂ ਇਨ੍ਹਾਂ ਕੈਂਪਾਂ ਰਾਹੀਂ ਬਲੱਡ ਬੈਂਕ ਦੇ ਝੋਲੀ ਪਾਈਆਂ ਜਾ ਚੁੱਕੀਆਂ ਹਨ। ਇਕ ਅੰਦਾਜ਼ੇ ਮੁਤਾਬਿਕ ਇਕ ਵਾਰ ਦਿੱਤਾ ਗਿਆ ਖੂਨ ਲਗਪਗ ਤਿੰਨ ਜਾਨਾਂ ਬਚਾ ਸਕਦਾ ਹੈ।

Install Punjabi Akhbar App

Install
×