ਕਾਲਾ ਹਿਰਨ ਕੇਸ ‘ਚ ਗਵਾਹ ਵੱਲੋਂ ਅਭਿਨੇਤਰੀ ਸੋਨਾਲੀ,ਨੀਲਮ ਤੇ ਤੱਬੂ ਦੀ ਪਹਿਚਾਣ

blackbuck

ਜੋਧਪੁਰ ਦੀ ਅਦਾਲਤ ਵਿਚ ਕਰੀਬ 16 ਸਾਲ ਪਹਿਲਾਂ ਵਾਪਰੇ ਕਾਲਾ ਹਿਰਨ ਸ਼ਿਕਾਰ ਮਾਮਲੇ ਦੀ ਸੁਣਵਾਈ ਦੌਰਾਨ ਕੇਸ ਦੇ ਇਕ ਗਵਾਹ ਨੇ ਅਦਾਕਾਰਾ ਸੋਨਾਲੀ ਬੇਂਦਰੇ, ਨੀਲਮ ਅਤੇ ਤੱਬੂ ਦੀ ਪਹਿਚਾਣ ਕੀਤੀ ਹੈ। ਸ਼ਿਕਾਰ ਦੀ ਘਟਨਾ ਕਨਕਾਨੀ ਪਿੰਡ ਨੇੜੇ ਵਾਪਰੀ ਸੀ ਅਤੇ ਮਾਮਲੇ ਵਿਚ ਸਲਮਾਨ ਖਾਨ ਤੇ ਸੈਫ ਅਲੀ ਖਾਨ ਦਾ ਨਾਂਅ ਵੀ ਸ਼ਾਮਿਲ ਹੈ। ਮਾਮਲੇ ਦੀ ਸੁਣਵਾਈ ਦੌਰਾਨ ਸਰਕਾਰੀ ਧਿਰ ਦੇ ਸਹਾਇਕ ਵਕੀਲ ਪ੍ਰਵੀਨ ਵਰਮਾ ਨੇ ਕਿਹਾ ਕਿ ਉਕਤ ਮਾਮਲੇ ਦੇ ਗਵਾਹ ਸ਼ੇਰਾਰਾਮ ਨੇ ਸੁਣਵਾਈ ਦੌਰਾਨ ਉਕਤ ਅਭਿਨੇਤਰੀਆਂ ਦੀ ਪਹਿਚਾਣ ਕੀਤੀ ਹੈ। ਗਵਾਹ ਨੇ ਕਿਹਾ ਕਿ ਉਕਤ ਘਟਨਾ ਵੇਲੇ ਇਹ ਸਾਰੇ ਮੌਕੇ ‘ਤੇ ਮੌਜੂਦ ਸਨ। ਵਕੀਲ ਵਰਮਾ ਮੁਤਾਬਿਕ ‘ਸ਼ੇਰਾਰਾਮ ਜੋ ਆਪਣੇ ਮਕਾਨ ਦੀ ਛੱਤ ‘ਤੇ ਸੁੱਤਾ ਪਿਆ ਸੀ, ਛੱਤ ਤੋਂ ਉਤਰਿਆ ਤਾਂ ਇਕ ਗੱਡੀ ਆਈ ਵੇਖੀ ਜਿਸ ਨੂੰ ਸਲਮਾਨ ਖਾਨ ਚਲਾ ਰਿਹਾ ਸੀ। ਉਸ ਨੇ ਆਪਣੇ ਗੁਆਂਢੀ ਮੰਗੀ ਲਾਲ ਨਾਲ ਹੋਰ ਲੋਕਾਂ ਦੀਆਂ ਆਵਾਜ਼ਾਂ ਸੁਣੀਆਂ ਤੇ ਫਿਰ ਗੋਲੀ ਚੱਲਣ ਦੀ ਆਵਾਜ਼ ਆਈ।’ ਵਰਮਾ ਮੁਤਾਬਿਕ ਸ਼ੇਰਾਰਾਮ ਨੇ ਦੱਸਿਆ ਕਿ ਸਲਮਾਨ ਖਾਨ ਗੱਡੀ ਵਿਚ ਅਗਲੀ ਸੀਟ ‘ਤੇ ਸੈਫ਼ ਅਲੀ ਖਾਨ ਵੀ ਬੈਠਾ ਸੀ ਤੇ ਉਨ੍ਹਾਂ ਨਾਲ ਗੱਡੀ ਦੇ ਪਿਛੇ ਤਿੰਨੇ ਅਭਿਨੇਤਰੀਆਂ ਵੀ ਸਨ। ਚੀਫ਼ ਜੁਡੀਸ਼ਲ ਮਜਿਸਟਰੇਟ (ਦਿਹਾਤੀ) ਅਨੁਪਮਾ ਬਿਜਲਾਨੀ ਨੇ ਆਦੇਸ਼ ਦਿੱਤੇ ਕਿ ਕੇਸ ਦੀ ਸੁਣਵਾਈ ਵੀਰਵਾਰ ਨੂੰ ਵੀ ਜਾਰੀ ਰਹੇਗੀ ਜਿਸ ਵਿਚ ਦੂਸਰਾ ਗਵਾਹ ਮੰਗੀ ਲਾਲ ਵੀ ਆਪਣੀ ਗਵਾਹੀ ਦੇਵੇਗਾ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਅਭਿਨੇਤਰੀ ਸੋਨਾਲੀ ਤੇ ਤੱਬੂ ਨੇ ਆਪਣੀ ਪੇਸ਼ੀ ਭੁਗਤੀ ਸੀ।