ਤਿੜਕ ਰਹੇ ਅਕਾਲੀ ਭਾਜਪਾ ਰਿਸ਼ਤਿਆਂ ਦੇ ਸੰਦਰਭ ਵਿੱਚ ਪੰਜਾਬ ਪ੍ਰਸਤ ਕਹਾਉਂਦੇ ਆਗੂਆਂ ਦੀ ਪਹੁੰਚ

ਅਕਾਲੀ ਆਗੂਆਂ ਦੀ ਹਾਲਤ ਪਿੰਜਰੇ ਦੇ ਉਸ ਤੋਤੇ ਵਰਗੀ,ਜਿਹੜਾ ਆਪਣੇ ਖੰਭਾਂ ਦੀ ਹੋਂਦ ਦਾ ਅਹਿਸਾਸ ਹੀ ਭੁੱਲ ਚੁੱਕਾ ਹੈ

ਅਕਾਲੀ ਦਲ ਦੀ ਕੀ ਮਜਬੂਰੀ ਹੈ,ਜਿਹੜਾ ਉਨ੍ਹਾਂ ਦੀ ਲੀਡਰਸ਼ਿੱਪ ਨੂੰ ਭਾਜਪਾ ਵੱਲੋਂ ਵਾਰ ਵਾਰ ਠਿੱਠ ਕੀਤੇ ਜਾਣ ਦੇ ਬਾਵਜੂਦ ਵੀ ਉਨ੍ਹਾਂ ਦੇ ਪਿਛਲੱਗ ਬਣੇ ਰਹਿਣ ਲਈ ਵੀ ਪੈਰਾਂ ਚ ਨੱਕ ਰਗੜ ਕੇ ਗਿੜ ਗਿੜਾਉਣਾ ਪੈ ਰਿਹਾ ਹੈ। ਇਹ ਸੁਆਲ ਅੱਜ ਦਾ ਨਹੀਂ ਬਲਕਿ ਬਹੁਤ ਲੰਮੇ ਸਮੇਂ ਤੋ ਹਰ ਪੰਜਾਬ ਪ੍ਰਸਤ ਦੀ ਜ਼ੁਬਾਨ ਤੇ ਹੈ,ਪਰ ਅਕਾਲੀ ਦਲ ਦੀ ਆਹਲਾ ਕਮਾਂਡ ਨੇ ਆਪਣੇ ਨਿੱਜੀ ਹਿਤਾਂ ਦੇ ਸਾਹਮਣੇ ਕਦੇ ਵੀ ਨਾ ਹੀ ਕਿਸੇ ਪੰਜਾਬ ਪ੍ਰਸਤ ਦੀ ਅਤੇ ਨਾ ਹੀ ਲੋਕ ਰਾਇ ਦੀ ਪ੍ਰਵਾਹ ਕੀਤੀ ਹੈ। ਕੇਂਦਰ ਚ ਰਾਖਵੀਂ ਕੁਰਸੀ ਖਾਤਰ ਪੰਜਾਬ ਦੇ ਹਿਤਾਂ ਦੀ ਬਲੀ ਦੇ ਕੇઠ ਭਾਰਤੀ ਜਨਤਾ ਪਾਰਟੀ ਨਾਲ ਕੀਤਾ ਗਿਆ ਗੱਠਜੋੜ ਕਿਸੇ ਵੀ ਨਜ਼ਰੀਏ ਤੋ ਪੰਜਾਬ ਦੇ ਫਿੱਟ ਨਹੀਂ ਬੈਠਦਾ,ਪ੍ਰੰਤੂ ਫਿਰ ਵੀ ਅਕਾਲੀ ਦਲ ਨੇ ਇਸ ਗੈਰ ਸਿਧਾਂਤਕ ਗੱਠਜੋੜ ਨੂੰ ਹਮੇਸ਼ਾ ਸਹੀ ਹੀ ਨਹੀਂ ਠਹਿਰਾਇਆ ਬਲਕਿ ਹਿੰਦੂ ਵੋਟ ਹਾਸਲ ਕਰਨ ਖ਼ਾਤਰઠ ਸਿੱਖ ਏਕਤਾ ਦੇ ਨਾਮ ਤੇ ਭਾਰਤੀ ਜਨਤਾ ਪਾਰਟੀ ਨਾਲ ਨਹੁੰ ਮਾਸ ਦਾ ਰਿਸ਼ਤਾ ਦੱਸਿਆ ਅਤੇ ਇਸ ਤੋ ਵੀ ਅੱਗੇ ਜਾ ਕੇ ਸਾਰੀਆਂ ਅਣਖਾਂ ਗੈਰਤਾਂ ਕਿੱਲੇ ਟੰਗ ਕੇ ਭਾਰਤੀ ਜਨਤਾ ਪਾਰਟੀ ਨਾਲ ਅਕਾਲੀ ਦਲ ਦੇ ਰਿਸ਼ਤੇ ਨੂੰ ਪਤੀ ਪਤਨੀ ਦਾ ਰਿਸ਼ਤਾ ਵੀ ਬੜੇ ਜ਼ੋਰ ਸ਼ੋਰ ਨਾਲ ਪ੍ਰਚਾਰਿਆ ਜਾਂਦਾ ਰਿਹਾ ਹੈ।ਸਿਰਫ਼ ਤੇ ਸਿਰਫ਼ ਵੋਟ ਦੀ ਰਾਜਨੀਤੀ ਪਿੱਛੇ ਆਰ ਐਸ ਐਸ ਦੇ ਸਿਆਸੀ ਵਿੰਗ ਭਾਰਤੀ ਜਨਤਾ ਪਾਰਟੀ ਨਾਲ ਗੈਰ ਸਿਧਾਂਤਕ ਗੱਠਜੋੜ ਕਰਕੇ ਆਪਣੇ ਪੈਰ ਤੇ ਖ਼ੁਦ ਕੁਹਾੜਾ ਮਾਰਨ ਵਾਲਾ ਫ਼ੈਸਲਾ ਉਸ ਸਿੱਖ ਆਗੂ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਹੈ, ਜਿਹੜੇ ਘਾਗ ਸਿਆਸਤਦਾਨ ਦੇ ਤੌਰ ਤੇ ਜਾਣੇ ਜਾਂਦੇ ਹਨ,ਪਰੰਤੂ ਨਾਂ ਹੀ ਇਹਨਾਂ ਸਮਝੌਤਿਆਂ ਦੇ ਨੁਕਸਾਨ ਦੀ ਭਰਪਾਈ ਪੰਜਾਬ ਤੋ ਨੇੜ ਭਵਿੱਖ ਵਿੱਚ ਹੋਣ ਦੀ ਕੋਈ ਸੰਭਾਵਨਾ ਹੈ,ਅਤੇ ਨਾ ਹੀ ਜਿਹੜੇ ਪੰਜਾਬ ਵਿਰੋਧੀ ਤੇ ਸਿੱਖ ਵਿਰੋਧੀ ਕਾਰਨਾਮੇ ਕੀਤੇ ਹਨ ਉਨ੍ਹਾਂ ਬਦਲੇ ਸ੍ਰ ਬਾਦਲ ਨੂੰ ਪੰਜਾਬ ਹਿਤੈਸ਼ੀ ਲੋਕ ਮੁਆਫ਼ ਹੀ ਕਰਨਗੇ।
ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਪੰਜਾਬ ਅੰਦਰ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਵਜੂਦ ਨਹੀਂ ਸੀ,ਇਹ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਮਿਹਰਬਾਨੀ ਹੈ ਕਿ ਅੱਜ ਭਾਰਤੀ ਜਨਤਾ ਪਾਰਟੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਆਪਣੇ ਬਲਬੂਤੇ ਤੇ ਲੜ ਕੇ ਪੰਜਾਬ ਅੰਦਰ ਸਰਕਾਰ ਬਣਾਉਣ ਦੇ ਸੁਪਨੇ ਹੀ ਨਹੀਂ ਲੈ ਰਹੀ,ਬਲਕਿ ਪੰਜਾਬ ਸਰ ਕਰਨ ਦਾ ਟੀਚਾ ਮਿੱਥ ਕੇ ਬੈਠੀ ਹੋਈ ਹੈ।ਹੁਣੇ ਹੁਣੇ ਦਿੱਲੀ ਵਿੱਚ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੇ ਅਕਾਲੀ ਦਲ ਨੂੰ ਨਜ਼ਰ-ਅੰਦਾਜ਼ ਕੀਤਾ ਹੈ,ਇਸ ਨੂੰ ਵੀ ਅਣਗੌਲਿਆ ਨਹੀਂ ਕੀਤਾ ਜਾਣਾ ਚਾਹੀਦਾ,ਬਲਕਿ ਕੌਮ ਲਈ ਵੀ ਭਵਿੱਖੀ ਖ਼ਤਰਿਆਂ ਦੇ ਸੰਦਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ।ਇਹ ਅਕਾਲੀਆਂ ਦੀ ਹੀ ਦੇਣઠ ਹੈ ਕਿ ਉਨ੍ਹਾਂ ਨੇ ਆਪਣੀਆਂ ਨਿੱਜੀ ਲੋਭ ਲਾਲਸਾਵਾਂ ਕਾਰਨ ਕੌਮ ਦੀ ਅਣਖ ਗ਼ੈਰਤ ਨੂੰ ਵੀ ਭਾਰਤੀ ਜਨਤਾ ਪਾਰਟੀ ਵਰਗੀਆਂ ਉਨ੍ਹਾਂ ਤਾਕਤਾਂ ਕੋਲ ਗਿਰਵੀ ਕਰ ਦਿੱਤਾ ਹੋਇਆ ਹੈ,ਜਿਹੜੀਆਂ ਘੱਟ ਗਿਣਤੀਆਂ ਨੂੰ ਜਾਂ ਤਾਂ ਖ਼ਤਮ ਕਰ ਦੇਣਾ ਚਾਹੁੰਦੀਆਂ ਹਨ, ਜਾਂ ਫਿਰ ਦੇਸ਼ ਚੋ ਬਾਹਰ ਕੱਢ ਦੇਣਾ ਚਾਹੁੰਦੀਆਂ ਹਨ।ਜਿਸ ਤਰਾਂ ਗੁਰਦੁਆਰਾ ਪ੍ਰਬੰਧ ਵਿੱਚ ਭਾਜਪਾ ਅਤੇ ਆਰ ਐਸ ਐਸ ਦੀ ਘੁਸਪੈਠ ਹੋ ਚੁੱਕੀ ਹੈ ਤੇ ਆਏ ਦਿਨ ਸਿੱਖੀ ਤੇ ਹਮਲੇ ਹੋ ਰਹੇ ਹਨ,ਇਹਦੇ ਲਈ ਸਿੱਧੇ ਤੌਰ ਤੇ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਪੂਰੀ ਤਰਾਂ ਜ਼ੁੰਮੇਵਾਰ ਹੈ।ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਵੱਲੋਂ ਅੰਗੂਠਾ ਦਿਖਾਏ ਜਾਣ ਦੇ ਬਾਵਜੂਦ ਵੀ ਜਿਸ ਤਰਾਂ ਬੇਗ਼ੈਰਤ ਹੋ ਕੇ ਅਤੇ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਕੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਕੁਰਸੀ ਨਾਲ ਚਿਪਕਾਇਆ ਹੋਇਆ ਹੈ,ਉਸ ਤੋ ਜਾਪਦਾ ਹੈ ਕਿ ਬਾਦਲ ਪਰਿਵਾਰ ਅਜੇ ਵੀ ਭਾਜਪਾ ਨਾਲ ਰਿਸ਼ਤਾ ਬਣਾਈ ਰੱਖਣਾ ਚਾਹੁੰਦਾ ਹੈ,ਕਿਉਂਕਿ ਉਨ੍ਹਾਂ ਲਈ ਕੌਮੀ ਹਿਤ ਤਾਂ ਕੋਈ ਅਰਥ ਹੀ ਨਹੀਂ ਰੱਖਦੇ।
ਜਦੋਂਕਿ ਚਾਹੀਦਾ ਤਾਂ ਇਹ ਸੀ ਕਿ ਜਦੋਂ ਭਾਜਪਾ ਨੇ ਉਨ੍ਹਾਂ ਨੂੰ ਦਿੱਲੀ ਚੋਣਾਂ ਵਿੱਚ ਕੋਈ ਮਹੱਤਤਾ ਨਹੀਂ ਸੀ ਦਿੱਤੀ ਤਾਂ ਉਨ੍ਹਾਂ ਨੂੰ ਕਿਸੇ ਕਿਸਮ ਦਾ ਬਿਆਨ ਦੇਣ ਤੋ ਵੀ ਪਹਿਲਾਂ ਹੀ ਕੇਂਦਰੀ ਕੈਬਨਿਟ ਦਾ ਮੋਹ ਤਿਆਗ ਦੇਣਾ ਚਾਹੀਦਾ ਸੀ,ਪ੍ਰੰਤੂ ਇਹ ਪਿੰਜਰੇ ਦੇ ਤੋਤੇ ਤਾਂ ਆਪਣੇ ਖੰਭਾਂ ਦੀ ਹੋਂਦ ਦਾ ਅਹਿਸਾਸ ਹੀ ਭੁੱਲ ਚੁੱਕੇ ਹਨ,ਫਿਰ ਇਹਨਾਂ ਤੋ ਅਜਿਹੀ ਆਸ ਕਿਵੇਂ ਕੀਤੀ ਜਾ ਸਕਦੀ ਹੈ।ਉਧਰ ਦੂਜੇ ਪਾਸੇ ਅਕਾਲੀ ਦਲ ਤੋ ਵੱਖ ਹੋ ਕੇ ਆਪਣੇ ਪਰ ਤੋਲ ਰਹੇ ਸ੍ਰ ਸੁਖਦੇਵ ਸਿੰਘ ਢੀਂਡਸਾ ਦੇ ਧੜੇ ਵੱਲੋਂ ਦਿੱਲੀ ਚ ਕੀਤੇ ਗਏ ਸ਼ਕਤੀ ਪ੍ਰਦਰਸ਼ਨ ਤੋ ਜਾਪਦਾ ਹੈ ਕਿ ਉਹ ਵੀ ਭਾਜਪਾ ਦੇ ਓਟ ਆਸਰੇ ਦੀ ਝਾਕ ਲਾਈ ਬੈਠੇ ਹਨ,ਤਾਂ ਕਿ ਕੇਂਦਰ ਦੀ ਹਮਾਇਤ ਨਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋ ਬਾਦਲ ਦੇ ਕਬਜ਼ੇ ਨੂੰ ਤੋੜਿਆ ਜਾ ਸਕੇ,ਪ੍ਰੰਤੂ ਸ੍ਰ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਉਹ ਸਾਰੇ ਹੀ ਸਾਥੀਆਂ ਨੂੰ ਇਹ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਹੁਣ ਪੰਜਾਬ ਦੇ ਲੋਕ ਉਸ ਪਾਰਟੀ,ਧੜੇ ਜਾਂ ਵਿਅਕਤੀ ਵਿਸ਼ੇਸ਼ ਨੂੰ ਕਦੇ ਵੀ ਮੂੰਹ ਨਹੀਂ ਲਾਉਣਗੇ,ਜਿਹੜੇ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਭਿਆਲੀ ਪਾਕੇ ਪੰਜਾਬ ਪ੍ਰਸਤ ਹੋਣ ਦਾ ਨਾਟਕઠ ਕਰਕੇ ਲੋਕਾਂ ਨੂੰ ਭਰਮਾਉਣ ਦਾ ਭੁਲੇਖਾ ਪਾਲੀ ਬੈਠੇ ਹਨ,ਕਿਉਂਕਿ ਹੁਣ ਦੇਸ਼ ਵਿੱਚ ਵਾਪਰ ਰਹੇ ਮਾਨਵਤਾ ਵਿਰੋਧੀ ਵਰਤਾਰੇ ਕਾਰਨ ਪੰਜਾਬ ਦੇ ਲੋਕ ਵੀ ਆਪਣੀ ਗ਼ਫ਼ਲਤ ਦੀ ਨੀਂਦ ਚੋਂ ਕਾਫ਼ੀ ਹੱਦ ਤੱਕ ਜਾਗ ਚੁੱਕੇ ਹਨ,ਇਸ ਲਈ ਪੰਜਾਬ ਦੀ ਰਾਜਨੀਤੀ ਚ ਪੰਜਾਬ ਪ੍ਰਸਤ ਹੋਣ ਦੀ ਦੁਹਾਈ ਦੇਣ ਵਾਲੇ ਹਰ ਇੱਕ ਨੇਤਾ ਨੂੰ ਇਹ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਭਾਜਪਾ ਦੇ ਥਾਪੜੇ ਨਾਲ ਪੰਜਾਬ ਦੇ ਸਿਆਸੀ ਪਾਲੇ ਚ ਉਤਰਨਾ ਆਪਣੇ ਲੋਕਾਂ ਨਾਲ ਵਿਸ਼ਵਾਸਘਾਤ ਕਰਨ ਵਰਗਾ ਵਰਤਾਰਾ ਸਮਝਿਆ ਜਾਵੇਗਾ।

Install Punjabi Akhbar App

Install
×