ਪੰਜਾਬ ਵਿਚ ਅਕਾਲੀ ਦਲ ਦਾ ਨਿਘਾਰ, ਬੀ.ਜੇ.ਪੀ. ਦਾ ਉਭਾਰ 

Ujagar Singh 190703 BJP and Sad conflict tt

ਪੰਜਾਬ ਵਿਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਸਾਫ ਵਿਖਾਈ ਦਿੰਦਾ ਹੈ ਕਿ ਅਕਾਲੀ ਦਲ ਬਾਦਲ ਦਾ ਨਿਘਾਰ ਅਤੇ ਭਾਰਤੀ ਜਨਤਾ ਪਾਰਟੀ ਦਾ ਉਭਾਰ ਸ਼ੁਰੂ ਹੋ ਗਿਆ ਹੈ। ਭਾਰਤੀ ਜਨਤਾ ਪਾਰਟੀ ਦੇ ਉਭਾਰ ਨਾਲ ਪੰਜਾਬ ਵਿਚ ਬਾਦਲ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚ ਕਲੇਸ਼ ਪੈਣ ਦੀ ਸੰਭਾਵਨਾ ਵੱਧ ਗਈ ਹੈ।ਅਕਾਲੀ ਦਲ ਬਾਦਲ ਲਈ ਖ਼ਤਰੇ ਦੀ ਘੰਟੀ ਵੱਜ ਗਈ ਹੈ। ਅਕਾਲੀ ਦਲ ਬਾਦਲ ਲਈ ਆਪਣੀ ਹੋਂਦ ਨੂੰ ਬਚਾਉਣ ਦਾ ਸਵਾਲ ਪੈਦਾ ਹੋ ਗਿਆ ਹੈ। ਦਿਹਾਤੀ ਇਲਾਕੇ ਜਿਹੜੇ ਅਕਾਲੀ ਦਲ ਦਾ ਵੋਟ ਬੈਂਕ ਗਿਣੇ ਜਾਂਦੇ ਸਨ, ਇਨ੍ਹਾਂ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਇਲਾਕਿਆਂ ਵਿਚੋਂ ਕਾਂਗਰਸ ਪਾਰਟੀ ਨੂੰ ਵਧੇਰੇ ਵੋਟਾਂ ਪੈ ਗਈਆਂ ਹਨ। ਇਸ ਲਈ ਇਹ ਝੁਕਾਅ ਅਕਾਲੀ ਦਲ ਲਈ ਚਿੰਤਾ ਦਾ ਵਿਸ਼ਾ ਹੈ। ਜ਼ਿਮੀਂਦਾਰਾਂ ਅਤੇ ਸਿੱਖਾਂ ਦੀ ਨੁਮਾਇੰਦਾ ਕਹਾਉਣ ਵਾਲੇ ਅਕਾਲੀ ਦਲ ਦਾ ਪਿੰਡਾਂ ਵਿਚ ਆਧਾਰ ਘੱਟ ਗਿਆ ਹੈ। ਅਨੁਸੂਚਿਤ ਜਾਤੀਆਂ ਦੀਆਂ ਵੋਟਾਂ ਵੀ ਬਹੁਜਨ ਸਮਾਜ ਪਾਰਟੀ ਨੂੰ ਦੁਆਰਾ ਪੈਣੀਆਂ ਸ਼ੁਰੂ ਹੋ ਗਈਆਂ ਹਨ। ਜਲੰਧਰ ਅਤੇ ਅਨੰਦਪੁਰ ਸਾਹਿਬ ਹਲਕੇ ਵਿਚ ਬੀ.ਐਸ.ਪੀ.ਨੂੰ ਆਸ ਨਾਲੋਂ ਜ਼ਿਆਦਾ ਵੋਟਾਂ ਪੈ ਗਈਆਂ ਹਨ, ਭਾਵੇਂ ਇਹ ਟਕਸਾਲੀ ਅਕਾਲੀ ਦਲ, ਪੰਜਾਬ ਏਕਤਾ ਪਾਰਟੀ, ਬੀ.ਐਸ.ਪੀ. ਅਤੇ ਖੱਬੇ ਪੱਖੀ ਪਾਰਟੀਆਂ ਦੇ ਗੱਠਜੋੜ ਕਰਕੇ ਸੰਭਵ ਹੋਇਆ ਹੈ।

ਸਿਰਫ਼ ਬਾਦਲ ਪਰਿਵਾਰ ਪਿੰਡਾਂ ਦੇ ਸਿੱਖਾਂ ਦੀਆਂ ਵੋਟਾਂ ਲੈਣ ਵਿਚ ਸਫਲ ਹੋਇਆ ਹੈ। ਅਕਾਲੀ ਦਲ ਨੂੰ ਭਾਵੇਂ ਸ਼ਹਿਰੀ ਇਲਾਕਿਆਂ ਵਿਚੋਂ ਵੋਟਾਂ ਵੱਧ ਪੈਣ ਨਾਲ ਕੁਲ ਪ੍ਰਤੀਸ਼ਤਤਾ ਵੱਧ ਗਈ ਹੈ ਪ੍ਰੰਤੂ ਇਹ ਅਕਾਲੀ ਦਲ ਲਈ ਪਿੰਡਾਂ ਨਾਲੋਂ ਜ਼ਿਆਦਾ ਸ਼ਹਿਰਾਂ ਵਿਚ ਖ਼ਤਰਾ ਪੈਦਾ ਹੋ ਗਿਆ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਵਧੀ ਹੋਈ ਵੋਟ ਅਕਾਲੀ ਦਲ ਨੂੰ ਪੈ ਗਈ ਹੈ। ਇਸ ਦਾ ਸਿੱਧਾ ਅਰਥ ਇਹ ਹੈ ਕਿ ਸ਼ਹਿਰਾਂ ਵਿਚ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਤੇ ਭਾਰੂ ਹੋ ਗਈ ਹੈ। ਇਹ ਖ਼ਤਰਾ ਜਿਤਨਾ ਅਕਾਲੀ ਦਲ ਨੂੰ ਹੈ, ਕਾਂਗਰਸ ਪਾਰਟੀ ਨੂੰ ਉਤਨਾ ਹੀ ਖ਼ਤਰਾ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਸ਼ਹਿਰਾਂ ਵਿਚੋਂ ਕਾਂਗਰਸ ਦੀ ਵੋਟ ਬੈਂਕ ਨੂੰ ਖੋਰਾ ਲਾ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਦੇ ਦਾਅਵੇ ਅਨੁਸਾਰ ਕਾਂਗਰਸ ਪਾਰਟੀ 54 ਸ਼ਹਿਰੀ ਅਤੇ ਅਰਧ ਸ਼ਹਿਰੀ ਵਿਧਾਨ ਸਭਾ ਹਲਕਿਆਂ ਵਿਚੋਂ ਸਿਰਫ਼ 34 ਵਿਚ ਜਿੱਤ ਪ੍ਰਾਪਤ ਕਰ ਸਕੀ ਹੈ। ਬਾਕੀ ਸ਼ਹਿਰੀ 17 ਹਲਕਿਆਂ ਵਿਚ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੇ ਅਤੇ ੩ ਹਲਕਿਆਂ ਤੋਂ ਪੀ.ਡੀ.ਏ. ਦੇ ਉਮੀਦਵਾਰ ਜੇਤੂ ਰਹੇ ਹਨ।ਬਾਦਲ ਅਕਾਲੀ ਦਲ ਨੂੰ ਦੋਹਰਾ ਖ਼ਤਰਾ ਪੈਦਾ ਹੋ ਗਿਆ ਹੈ ਕਿਉਂਕਿ ਪਿੰਡਾਂ ਅਤੇ ਸ਼ਹਿਰਾਂ ਵਿਚ ਉਸ ਦਾ ਆਧਾਰ ਘੱਟ ਗਿਆ ਹੈ। ਸ਼ਹਿਰਾਂ ਵਿਚ ਜਿੱਥੇ ਕਾਂਗਰਸ ਨਾਲੋਂ ਹਿੰਦੂ ਵੋਟਰ ਦੂਰ ਹੋਇਆ ਹੈ, ਉੱਥੇ ਸਿੱਖ ਵੋਟਰ ਕਾਂਗਰਸ ਪਾਰਟੀ ਨਾਲ ਜੁੜ ਗਿਆ ਹੈ। ਇਸ ਤੋਂ ਪਹਿਲਾਂ ਸ਼ਹਿਰੀ ਸਿੱਖ ਹਮੇਸ਼ਾ ਅਕਾਲੀ ਦਲ ਨਾਲ ਹੁੰਦਾ ਸੀ। ਬਲਿਊ ਸਟਾਰ ਅਪ੍ਰੇਸ਼ਨ ਅਤੇ 1984 ਦੇ ਕਤਲੇਆਮ ਤੋਂ ਬਾਅਦ ਤਾਂ ਸ਼ਹਿਰੀ ਸਿੱਖ ਬਿਲਕੁਲ ਹੀ ਕਾਂਗਰਸ ਪਾਰਟੀ ਦਾ ਖਹਿੜਾ ਛੱਡ ਗਿਆ ਸੀ। ਸ਼ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ 10 ਸਾਲ ਪੰਜਾਬ ਵਿਚ ਸਰਕਾਰ ਰਹੀ ਪ੍ਰੰਤੂ ਇਸ ਸਮੇਂ ਦੌਰਾਨ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਦੋਸ਼ੀਆਂ ਨੂੰ ਸਜਾਵਾਂ ਦੇਣ ਵਿਚ ਢਿੱਲ ਕਰਕੇ ਅਕਾਲੀ ਦਲ ਨਾਲੋਂ ਸਿੱਖ ਵੋਟਰ ਇਕੱਲੇ ਦੂਰ ਹੀ ਨਹੀਂ ਹੋਏ ਸਗੋਂ ਉਨ੍ਹਾਂ ਦੇ ਦਿਲਾਂ ਵਿਚ ਗ਼ੁੱਸਾ ਤੇ ਰੰਜਸ਼ ਹੈ। ਜਿਸ ਕਰਕੇ ਨਾ ਚਾਹੁੰਦੇ ਹੋਏ ਵੀ ਸਿੱਖ ਵੋਟਰ ਕਾਂਗਰਸ ਪਾਰਟੀ ਦੀ ਝੋਲੀ ਵਿਚ ਪੈ ਗਏ।ਸਿਰਸਾ ਡੇਰਾ ਦੇ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਤੋਂ ਮੁਆਫ਼ੀ ਦਵਾਉਣਾ ਵੀ ਬਾਦਲ ਅਕਾਲੀ ਦਲ ਦੀਆਂ ਜੜਾਂ ਵਿਚ ਬੈਠ ਗਿਆ।

ਪੰਜਾਬੀ ਬਹੁਤ ਜਲਦੀ ਪੁਰਾਣੀਆਂ ਘਟਨਾਵਾਂ ਨੂੰ ਭੁੱਲ ਜਾਂਦੇ ਹਨ ਪ੍ਰੰਤੂ 35 ਸਾਲ ਦੇ ਬਾਅਦ ਵੀ ਸਿੱਖ ਬਲਿਊ ਸਟਾਰ ਅਤੇ 1984 ਦੇ ਕਤਲੇਆਮ ਨੂੰ ਭੁੱਲੇ ਨਹੀਂ ਸਨ ਫਿਰ ਵੀ ਬੇਅਦਬੀ ਦੀਆਂ ਘਟਨਾਵਾਂ ਨੇ ਸਿੱਖਾਂ ਦੇ ਮਨਾਂ ਤੇ ਜਿਹੜੀ ਸੱਟ ਮਾਰੀ ਉਸ ਦੇ ਕਰਕੇ ਸਿੱਖਾਂ ਨੇ ਕਾਂਗਰਸ ਪਾਰਟੀ ਨੂੰ ਵੋਟ ਪਾ ਦਿੱਤੀ ਕਿਉਂਕਿ ਉਨ੍ਹਾਂ ਕੋਲ ਕਾਂਗਰਸ ਤੋਂ ਬਿਨਾ ਤੀਜਾ ਬਦਲ ਕੋਈ ਨਹੀਂ ਸੀ। ਆਮ ਆਦਮੀ ਪਾਰਟੀ ਦੇ ਝਾੜੂ ਦੇ ਖਿਲਰਨ ਦਾ ਨੁਕਸਾਨ ਵੀ ਅਕਾਲੀ ਦਲ ਨੂੰ ਹੀ ਹੋਇਆ ਹੈ। ਜੇ ਤੀਜਾ ਬਦਲ ਹੁੰਦਾ ਤਾਂ ਹੋ ਸਕਦਾ ਉਹ ਵੋਟਾਂ ਆਮ ਆਦਮੀ ਪਾਰਟੀ ਨੂੰ ਪਾ ਦਿੰਦੇ, ਅਕਾਲੀ ਦਲ ਨੂੰ ਕੁੱਝ ਹੋਰ ਸੀਟਾਂ ਮਿਲ ਜਾਂਦੀਆਂ ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਵਿਚ ਪਹਿਲੀ ਵਾਰ ਇਤਨੇ ਜੋਸ਼ ਨਾਲ ਵੋਟਾਂ ਪਈਆਂ ਹਨ। ਇਤਨਾ ਜੋਸ਼ ਤਾਂ ਸ਼ਹਿਰੀ ਹਲਕਿਆਂ ਵਿਚ ਭਾਰਤੀ ਜਨਤਾ ਪਾਰਟੀ ਲਈ 2014 ਵਿਚ ਮੋਦੀ ਲਹਿਰ ਸਮੇਂ ਵੀ ਨਹੀਂ ਸੀ। ਇਨ੍ਹਾਂ ਚੋਣਾਂ ਵਿਚ ਅਕਾਲੀ ਦਲ 10 ਸੀਟਾਂ ਤੇ ਚੋਣ ਲੜਿਆ 2 ਸੀਟਾਂ ਸਿਰਫ਼ ਬਾਦਲ ਪਰਿਵਾਰ ਨੇ ਜਿੱਤੀਆਂ। ਬਾਕੀ ਸਾਰੇ ਉਮੀਦਵਾਰ ਚੋਣ ਹਾਰ ਗਏ। ਭਾਰਤੀ ਜਨਤਾ ਪਾਰਟੀ ਨੇ ਤਿੰਨ ਸੀਟਾਂ ਤੇ ਚੋਣ ਲੜੀ 2 ਸੀਟਾਂ ਜਿੱਤ ਗਈ। ਜਦੋਂ ਮੰਤਰੀ ਬਣਾਉਣ ਦੀ ਗੱਲ ਆਈ ਤਾਂ ਅਕਾਲੀ ਦਾ ਇੱਕ ਨੁਮਾਇੰਦਾ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ ਮੰਤਰੀ ਮੰਡਲ ਵਿਚ ਲੈ ਲਿਆ। ਪੰਜਾਬ ਵਿਚੋਂ ਭਾਰਤੀ ਜਨਤਾ ਪਾਰਟੀ ਦੇ 2 ਮੰਤਰੀ ਸ੍ਰੀ ਹਰਦੀਪ ਸਿੰਘ ਪੁਰੀ ਸਿੱਖ ਨੁਮਾਇੰਦੇ ਦੇ ਤੌਰ ‘ਤੇ ਅਤੇ ਸੋਮ ਪ੍ਰਕਾਸ਼ ਨੂੰ ਅਨੁਸੂਚਿਤ ਜਾਤੀਆਂ ਅਤੇ ਹਿੰਦੂ ਕੋਟੇ ਵਿਚੋਂ ਲੈ ਲਿਆ। ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ ਬਹੁਤਾ ਮਹੱਤਵਪੂਰਨ ਵਿਭਾਗ ਨਹੀਂ ਦਿੱਤਾ ਪ੍ਰੰਤੂ ਅੰਮ੍ਰਿਤਸਰ ਤੋਂ ਹਾਰੇ ਹੋਏ ਹਰਦੀਪ ਸਿੰਘ ਪੁਰੀ ਨੂੰ ਮਹੱਤਵਪੂਰਨ ਵਿਭਾਗ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਦਿੱਤਾ ਜਿਸਤੋਂ ਭਾਰਤੀ ਜਨਤਾ ਪਾਰਟੀ ਦੀ ਅੱਖ ਸ਼ਹਿਰੀ ਵੋਟਰ ਤੇ ਵਿਖਾਈ ਦਿੰਦੀ ਹੈ।ਜਿਸ ਕਰਕੇ ਭਾਰਤੀ ਜਨਤਾ ਪਾਰਟੀ ਖ਼ੁਸ਼ੀ ਮਨਾ ਰਹੀ ਹੈ।

ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੀ ਕੋਰ ਕਮੇਟੀ ਨੇ ਵਿਧਾਨ ਸਭਾ ਦੀਆਂ ਸੀਟਾਂ ਵਧਾਉਣ ਦੀ ਸਹਿਮਤੀ ਦਿੱਤੀ ਹੈ। ਇਸ ਸਮੇਂ ਭਾਰਤੀ ਜਨਤਾ ਪਾਰਟੀ 117 ਵਿਧਾਨ ਸਭਾ ਹਲਕਿਆਂ ਵਿਚੋਂ 23 ਤੇ ਚੋਣ ਲੜਦੀ ਹੈ।ਉਸ ਦੇ ਪੰਜਾਬ ਇਕਾਈ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਨੇ ਤਾਂ ਬਿਆਨ ਹੀ ਦਾਗ਼ ਦਿੱਤਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਉਹ ਵਧੇਰੇ ਸੀਟਾਂ ਲੈਣਗੇ। ਮੇਰੀ ਸਮਝ ਤੋਂ ਬਾਹਰ ਹੈ ਕਿ 5 ਵਾਰੀ ਮੁੱਖ ਮੰਤਰੀ ਬਣਿਆਂ ਘਾਗ ਸਿਆਸਤਦਾਨ ਸ੍ਰ. ਪਰਕਾਸ਼ ਸਿੰਘ ਬਾਦਲ ਕੰਧ ਤੇ ਲਿਖਿਆ ਕਿਉਂ ਨਹੀਂ ਪੜ੍ਹ ਰਿਹਾ ਕਿ ਭਾਰਤੀ ਜਨਤਾ ਪਾਰਟੀ ਕੀ ਚਾਹੁੰਦੀ ਹੈ? ਸ੍ਰ. ਸੁਖਦੇਵ ਸਿੰਘ ਢੀਂਡਸਾ ਨੂੰ ਉਨ੍ਹਾਂ ਤੋਂ ਪੁੱਛੇ ਬਗੈਰ ਪਦਮ ਭੂਸ਼ਣ ਅਤੇ ਐਚ ਐਸ ਫੂਲਕਾ ਨੂੰ ਪਦਮ ਸ੍ਰੀ ਦੇਣਾ ਅਤੇ ਫੂਲਕਾ ਦਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਕਹਿਣਾ, ਹਰਿੰਦਰ ਸਿੰਘ ਖ਼ਾਲਸਾ ਨੂੰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਕਰਨਾ ਅਤੇ ਹਰਦੀਪ ਸਿੰਘ ਪੁਰੀ ਨੂੰ ਹਾਰਨ ਦੇ ਬਾਵਜੂਦ ਮੰਤਰੀ ਬਣਾਉਣਾ, ਕੀ ਇਹ ਸਾਰੇ ਕਦਮ ਅਕਾਲੀ ਦਲ ਲਈ ਸ਼ੁੱਭ ਸੰਕੇਤ ਹਨ?ਅਕਾਲੀ ਦਲ ਬਾਦਲ ਲਈ ਤਾਂ ਭਸੂੜੀ ਪੈ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਅਕਾਲੀ ਦਲ ਵਿਚ ਦੋਫਾੜ ਭਾਰਤੀ ਜਨਤਾ ਪਾਰਟੀ ਦੇ ਕੁੱਝ ਇੱਕ ਨੇਤਾਵਾਂ ਦੀ ਸ਼ਹਿ ਨਾਲ ਹੋਇਆ ਸੀ। ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ। ਪਰਕਾਸ਼ ਸਿੰਘ ਬਾਦਲ ਉਨ੍ਹਾਂ ਨੂੰ ਮਨਾਉਣ ਗਿਆ ਪ੍ਰੰਤੂ ਉਨ੍ਹਾਂ ਬੇਰੰਗ ਮੋੜ ਦਿੱਤਾ ਸੀ।ਹਾਲਾਂਕਿ ਇਸ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਸਰਦਾਰ ਬਾਦਲ ਨਾਲ ਹਮੇਸ਼ਾ ਹਰ ਦੁੱਖ ਸੁੱਖ ਵਿਚ ਖੜ੍ਹਦੇ ਰਹੇ ਸਨ।ਪੰਜਾਬੀ ਦੀ ਇਹ ਕਹਾਵਤ ਸਹੀ ਜਾਪਦੀ ਹੈ ਕਿ ”ਚੁੱਕੀ ਪੰਚਾਂ ਦੀ ਠਾਣੇਦਾਰ ਦੇ ਬਰਾਬਰ ਬੋਲੇ” ਬਾਦਲ ਸਾਹਿਬ ਫਿਰ ਵੀ ਨਾ ਸਮਝੇ। ਜੇ ਟਕਸਾਲੀ ਜਿੱਤ ਜਾਂਦੇ ਤਾਂ ਭਾਰਤੀ ਜਨਤਾ ਪਾਰਟੀ ਨੇ ਬਦਲ ਲੱਭ ਲਿਆ ਸੀ।

ਇਹ ਵੀ ਸੁਣਨ ਵਿਚ ਆ ਰਿਹਾ ਹੈ ਕਿ ਅਕਾਲੀ ਦਲ ਦੇ ਕੁਝ ਸੀਨੀਅਰ ਲੀਡਰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਲਈ ਤਰਲੋਮੱਛੀ ਹੋ ਰਹੇ ਹਨ ਕਿਉਂਕਿ ਸਿਆਸੀ ਤਾਕਤ ਤੋਂ ਬਿਨਾ ਰਹਿਣਾ ਉਨ੍ਹਾਂ ਨੂੰ ਤੜਫਾ ਰਿਹਾ ਹੈ। ਇਸ ਤੋਂ ਇਲਾਵਾ ਦਿੱਲੀ ਵਿਚ ਜਦੋਂ ਅਕਾਲੀ ਦਲ ਨੇ ਚੋਣ ਲੜੀ ਸੀ ਤਾਂ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ ਤੇ ਲੜਾਇਆ ਗਿਆ, ਉਸ ਦਾ ਭਾਵ ਵੀ ਅਕਾਲੀ ਦਲ ਸਮਝਣ ਤੋਂ ਅਸਮਰਥ ਰਿਹਾ। ਮਨਜਿੰਦਰ ਸਿੰਘ ਸਿਰਸਾ ਭਾਰਤੀ ਜਨਤਾ ਪਾਰਟੀ ਦਾ ਵਿਧਾਨਕਾਰ ਹੈ। ਅਕਾਲੀ ਦਲ ਅਸਿੱਧੇ ਤੌਰ ਤੇ ਅਕਾਲੀ ਦਲ ਨੂੰ ਭਗਵੇਂ ਰੰਗ ਵਿਚ ਰੰਗਿਆ ਗਿਆ ਹੈ।ਏਥੇ ਹੀ ਬੱਸ ਨਹੀਂ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿਚ ਆਪਣੇ ਪੈਰ ਪਸਾਰਨ ਲਈ ਸਿੱਖ ਸੰਗਤ ਦੀ ਸਥਾਪਨਾ ਕੀਤੀ ਸੀ, ਭਾਵੇਂ ਉਹ ਬਹੁਤੇ ਸਫਲ ਨਹੀਂ ਹੋ ਸਕੇ ਪ੍ਰੰਤੂ ਸਿੱਖਾਂ ਵਿਚ ਵੰਡੀਆਂ ਪਾਉਣ ਵਿਚ ਤਾਂ ਸਫਲ ਰਹੇ। ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿਚ ਵੀ ਭਾਰਤੀ ਜਨਤਾ ਪਾਰਟੀ ਨੇ ਇਹੋ ਫ਼ਾਰਮੂਲਾ ਵਰਤਿਆ ਸੀ। ਪਹਿਲਾਂ ਓਮ ਪ੍ਰਕਾਸ਼ ਚੌਟਾਲਾ ਨਾਲ ਭਾਈਵਾਲ ਬਣ ਕੇ ਸਰਕਾਰ ਬਣਾਈ, ਫਿਰ ਮੱਖਣ ਵਿਚੋਂ ਵਾਲ ਕੱਢਣ ਦੀ ਤਰ੍ਹਾਂ ਕੱਢ ਕੇ ਮਾਰੇ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾ ਲਈ। ਤਾਜ਼ਾ ਲੋਕ ਸਭਾ ਚੋਣਾਂ ਵਿਚ ਹਰਿਆਣਾ ਲੋਕ ਦਲ ਖੇਰੂੰ-ਖੇਰੂੰ ਕਰ ਦਿੱਤਾ ਤੇ ਸਾਰੀਆਂ ਸੀਟਾਂ ਜਿੱਤ ਲਈਆਂ। ਹੁਣ ਪੰਜਾਬ ਦੀ ਵਾਰੀ ਹੈ।

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਪਰਕਾਸ਼ ਸਿੰਘ ਬਾਦਲ ਦੇ ਪੈਰ ਛੂਹਣ ਦਾ ਭਾਵ ਅਕਾਲੀ ਦਲ ਸਮਝਣ ਤੋਂ ਅਸਮਰਥ ਹੈ। ਅਸਲ ਵਿਚ ਬਾਦਲ ਅਕਾਲੀ ਦਲ ਦੇ ਪੈਰਾ ਹੇਠੋਂ ਸਿਆਸੀ ਜ਼ਮੀਨ ਖਿੱਚਣ ਲਈ ਸਟੰਟ ਕੀਤਾ ਜਾ ਰਿਹਾ ਹੈ। ਅਜੇ ਵੀ ਬਾਦਲ ਅਕਾਲੀ ਦਲ ਨੂੰ ਸੰਭਲ ਜਾਣਾ ਚਾਹੀਦਾ ਨਹੀਂ ਤਾਂ ਫਿਰ ਲੋਕ ਦਲ ਵਾਲਾ ਹਾਲ ਹੋਵੇਗਾ। ਦਿੱਲੀ ਵਿਚ ਆਮ ਆਦਮੀ ਪਾਰਟੀ ਦਾ ਜੋ ਹਾਲ ਕੀਤਾ ਉਹ ਪੰਜਾਬ ਵਿਚ ਵੀ ਸੰਭਵ ਹੈ। ਅਕਾਲੀ ਦਲ ਲਈ ਇੱਕ ਚੁਣੌਤੀ ਹੈ ਪ੍ਰੰਤੂ ਇਹ ਧਿਆਨ ਵਿਚ ਰੱਖਣਾ ਹੋਵੇਗਾ ਬਾਦਲ ਪਰਿਵਾਰ ਲਈ ਕੋਈ ਚੁਣੌਤੀ ਨਹੀਂ। ਉਨ੍ਹਾਂ ਨੂੰ ਤਾਂ ਮੰਤਰੀ ਦਾ ਅਹੁਦਾ ਮਿਲ ਹੀ ਜਾਣਾ ਹੈ। ਅਕਾਲੀ ਦਲ ਜਾਵੇ ਢੱਠੇ ਖੂਹ ਵਿਚ। ਅਕਾਲੀ ਦਲ ਦੀ ਤ੍ਰਾਸਦੀ ਰਹੀ ਉਹ ਆਪਣੇ ਪੰਥਕ ਪਾਰਟੀ ਹੋਣ ਦੇ ਬਾਵਜੂਦ ਪੰਥ ਤੋਂ ਦੂਰ ਜਾ ਰਿਹਾ ਹੈ। ਅਨੰਦਪੁਰ ਸਾਹਿਬ ਦਾ ਮਤਾ ਭੁੱਲ ਗਏ, ਮੋਗਾ ਕਾਨਫ਼ਰੰਸ ਵਿਚ ਪੰਜਾਬੀ ਪਾਰਟੀ ਬਣਾ ਲਈ, ਪੰਜਾਬੀ ਬੋਲਦੇ ਇਲਾਕੇ, ਪੰਜਾਬ ਦਾ ਪਾਣੀ, ਸਤਲੁਜ ਯਮੁਨਾ ਨਹਿਰ ਅਤੇ ਚੰਡੀਗੜ੍ਹ ਵਰਗੇ ਅਹਿਮ ਮੁੱਦੇ ਅਕਾਲੀ ਦਲ ਨੇ ਭੁਲਾ ਦਿੱਤੇ ਫਿਰ ਕਾਂਗਰਸ ਤੇ ਅਕਾਲੀ ਦਲ ਦਾ ਫ਼ਰਕ ਕੀ ਰਹਿ ਗਿਆ ਇਹੋ ਵੇਖਣ ਵਾਲੀ ਗੱਲ ਹੈ?

ਦਿੱਲੀ ਵਿਚ ਟੈਂਪੂ ਚਾਲਕ ਅੰਮ੍ਰਿਤਧਾਰੀ ਦੋ ਸਿੱਖਾਂ ਪਿਉ-ਪੁੱਤਰ ਨਾਲ ਕੀਤੇ ਦੁਰਵਿਵਹਾਰ ਬਾਰੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੀ ਚੁੱਪ ਭਾਰਤੀ ਜਨਤਾ ਪਾਰਟੀ ਦੀ ਝੋਲੀ ਪੈਣ ਦੀ ਨਿਸ਼ਾਨੀ ਹੈ। ਜਦੋਂਕਿ ਕਾਂਗਰਸ ਦੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਜੋ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਹਨ ਨੇ ਇਸ ਵਿਸ਼ੇ ਤੇ ਮੋਦੀ ਸਰਕਾਰ ਨੂੰ ਆੜੇ ਹੱਥੀਂ ਲਿਆ ਹੈ।ਵੈਸੇ ਜਿਵੇਂ ਪੰਜਾਬ ਵਿਚ ਅਕਾਲੀ ਦਲ ਬਾਦਲ ਦੀ ਹਾਲਤ ਪਤਲੀ ਹੋ ਗਈ ਹੈ, ਉਸ ਤੋਂ ਲੱਗਦਾ ਹੈ ਕਿ ਇਹ ਬਾਦਲ ਦਲ ਵੀ ਪੰਜਾਬ ਦੇ ਬਾਕੀ ਅਕਾਲੀ ਦਲਾਂ ਵਰਗਾ ਹੋ ਗਿਆ ਹੈ। ਇਸ ਸਮੇਂ ਟਕਸਾਲੀ ਅਕਾਲੀਆਂ ਨੂੰ ਮੌਕੇ ਦਾ ਲਾਭ ਉਠਾਉਣਾ ਚਾਹੀਦਾ ਹੈ।ਬਾਦਲ ਦਲ ਨੂੰ ਤਾਂ ਭਗਵਾਂਕਰਨ ਹੀ ਖਾ ਗਿਆ ਹੈ। ਸਿੱਖ ਜਗਤ ਨੂੰ ਗੰਭੀਰ ਚਿੰਤਨ ਦੀ ਲੋੜ ਹੈ। ਵੈਸੇ ਬਾਦਲ ਵਰਗੀ ਸੀਲ ਗਊ ਭਾਰਤੀ ਜਨਤਾ ਪਾਰਟੀ ਨੂੰ ਮਿਲਣੀ ਅਸੰਭਵ ਹੈ ਜਿਹੜੀ ਪਲੋਸਿਆਂ ਹੀ ਪਸਮ ਜਾਂਦੀ ਹੈ।

(ਉਜਾਗਰ ਸਿੰਘ)

ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
+91 94178 13072

Install Punjabi Akhbar App

Install
×