ਤੇਰੀ ਮੇਰੀ ਨਹੀਂ ਨਿਭਣੀ

modibadal
ਭਾਜਪਾ ਤੇ ਅਕਾਲੀ ਦਲ ਬਾਦਲ ਦੀ 1996 ਤੋਂ ਅਟੱਲ ਬਿਹਾਰੀ ਬਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਨੀ ਨਾਲ ਪਾਈ ਗੂੜ•ੀ ਸਿਆਸੀ ਯਾਰੀ ਚ ਹੁਣ ਤਰੇੜਾਂ ਪੈਂਦੀਆਂ ਸਾਫ ਨਜ਼ਰ ਆ ਰਹੀਆਂ ਹਨ। ਇਸਦਾ ਕਾਰਨ ਭਾਜਪਾ ਨੂੰ ਲੋਕ ਸਭਾ ਚੋਣਾਂ ਤੋਂ ਬਾਅਦ ਵਿਧਾਨ ਸਭਾ ਚੋਣਾਂ ਵਿਚ ਮਹਾਂਰਾਸ਼ਟਰ ਅਤੇ ਹਰਿਆਣਾ ਚ ਮਿਲੀ ਵੱਡੀ ਕਾਮਯਾਬੀ ਹੈ। ਜਦ ਤੱਕ ਭਾਜਪਾ ਦਾ ਬਹੁਤਾ ਆਧਾਰ ਨਹੀਂ ਸੀ ਤਾਂ ਪੰਜਾਬ ਦੇ ਭਾਜਪਾ ਆਗੂਆਂ ਦਾ ਅਕਾਲੀ ਦਲ ਦੇ ਥੱਲੇ ਲੱਗਕੇ ਚੱਲਣਾ ਮਜ਼ਬੂਰੀ ਸੀ ਪਰ ਹੁਣ ਹਾਲਾਤ ਐਨੇ ਬਦਲ ਗਏ ਹਨ ਕਿ ਹੇਠਲੀ ਉੱਪਰ ਹੋ ਗਈ ਹੈ। ਹੁਣ ਭਾਜਪਾ ਅਕਾਲੀ ਦਲ ਤੋਂ ਪੱਲਾ ਛੁਡਵਾ ਰਹੀ ਹੈ ਅਤੇ ਅਕਾਲੀ ਦਲ ਪਿੱਛੋਂ ਘੁੱਟਕੇ ਭਾਜਪਾ ਦੇ ਝੱਗੇ ਦਾ ਲੜ ਫੜ ਰਿਹਾ ਹੈ। ਅਸਲ ਵਿਚ ਭਾਜਪਾ ਨੇ ਪੰਜਾਬ ਵਿਚ ਲੋਕ ਸਭਾ ਚੋਣਾਂ ਤੋਂ ਬਹੁਤ ਪਹਿਲਾਂ ਪੰਜਾਬ ਵਿਚ ਆਪਣਾ ਆਧਾਰ ਵਧਾਉਣ ਲਈ ਸਰਗਰਮੀਆਂ ਵਿੱਢ ਦਿੱਤੀਆਂ ਸਨ ਅਤੇ ਪਿੰਡਾਂ ਕਸਬਿਆਂ ਵਿਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਸਨ, ਕਿਉਂ ਕਿ ਜਦ ਤੋਂ ਅਕਾਲੀ ਦਲ ਦੀ ਕਮਾਂਡ ਸੁਖਬੀਰ ਸਿੰਘ ਬਾਦਲ ਦੇ ਹੱਥ ਆਈ ਸੀ ਉਦੋਂ ਤੋਂ ਹੀ ਭਾਜਪਾ ਨਾਲ ਤਰੇੜ ਪੈਣੀ ਸ਼ੁਰੂ ਹੋ ਗਈ ਸੀ। ਹੁਣ ਹਾਲਾਤ ਇਹ ਬਣ ਗਏ ਹਨ ਕਿ ਭਾਜਪਾ ਨੂੰ ਇਹ ਵਿਸ਼ਵਾਸ਼ ਬਣਦਾ ਜਾ ਰਿਹਾ ਹੈ ਕਿ ਹੁਣ ਉਹ ਪੰਜਾਬ ਵਿਚ 2017 ਵਿਚ ਆਉਣ ਵਾਲੀ ਵਿਧਾਨ ਸਭਾ ਚੋਣ ਆਪਣੇ ਬਲਬੂਤੇ ਤੇ ਲੜ ਸਕਦੀ ਹੈ ਅਤੇ ਇਸ ਚੋਣ ਵਿਚ ਸਿੱਖ ਵੋਟ ਹਾਸਲ ਕਰਨ ਲਈ ਮੁੱਖ ਮੰਤਰੀ ਦਾ ਦਾਅਵੇਦਾਰ  ਸਿੱਧੂ ਨੂੰ ਐਲਾਨਿਆਂ ਜਾ ਸਕਦਾ ਹੈ। ਅਕਾਲੀ ਸਰਕਾਰ ਤੋਂ ਬੁਰੀ ਤਰਾਂ ਅੱਕੀ ਕਿਸਾਨੀ, ਮੁਲਾਜ਼ਮ, ਛੋਟਾ ਵਪਾਰੀ ਇਹ ਸੁੱਖ ਮੰਗ ਰਹੀ ਹੈ ਕਿ ਕਦੋਂ ਉਹ ਸਮਾਂ ਆਏ ਜਦੋਂ ਪੰਜਾਬ ਚੋਂ ਜੰਗਲ ਦਾ ਰਾਜ ਖਤਮ ਹੋ ਜਾਵੇ। ਇਸ ਕਰਕੇ ਆਉਣ ਵਾਲੇ ਸਮੇ ਚ ਅਕਾਲੀ ਦਲ ਬਾਦਲ ਦੇ ਸਿਤਾਰੇ ਮੱਧਮ ਪੈਂਦੇ ਨਜ਼ਰ ਆ ਰਹੇ ਹਨ। ਜੇਕਰ ਆਉਣ ਵਾਲੇ ਸਮੇਂ ਚ ਅਕਾਲੀ ਦਲ ਦਾ ਪੱਤਣ ਹੁੰਦਾ ਹੈ ਤਾਂ ਇਹਦੀ ਜਿਮੇਂਵਾਰੀ ਸੁਖਬੀਰ ਕਲਚਰ ਤੇ ਹੀ ਪਏਗੀ। ਇਹ ਵੀ ਵਿਚਾਰਣਯੋਗ ਹੈ ਕਿ ਅਕਾਲੀ ਤੇ ਭਾਜਪਾ ਅਲੱਗ ਅਲੱਗ ਚੋਣ ਲੜਕੇ ਪੰਜਾਬ ਚ ਕਾਮਯਾਬ ਨਹੀਂ ਹੋ ਸਕਣਗੇ। ਇਹ ਵੀ ਹੋ ਸਕਦਾ ਹੈ ਕਿ ਸ: ਬਾਦਲ ਮੌਕੇ ਦੀ ਨਜ਼ਾਕਤ ਵੇਖਦਿਆਂ ਭਾਜਪਾ ਨੂੰ ਅੱਗੇ ਕਰਕੇ ਆਪ ਪਿੱਛੇ ਖੜ• ਜਾਣ ਤਾਂ ਕਿ ਜਾਂਦੇ ਚੋਰ ਦੀ ਪੱਗ ਵੀ ਹੱਥ ਲੱਗ ਗਈ ਤਾਂ ਵਿਧਾਨ ਸਭਾ ਚ ਬੈਠਣ ਦਾ ਮੌਕਾ ਤਾਂ ਮਿਲ ਹੀ ਸਕਦਾ ਹੈ। ਹੁਣ ਕਾਂਗਰਸ ਪਾਰਟੀ ਲਈ ਇਹ ਸੁਨਹਿਰੀ ਮੌਕਾ ਹੈ ਕਿ ਉਹ ਇਨ•ਾਂ ਦੋਹਾਂ ਪਾਰਟੀਆਂ ਦੀ ਫੁੱਟ ਦਾ ਮੌਕਾ ਉਠਾਕੇ ਇਕੱਠੇ ਹੋ ਜਾਣ ਤਾਂ ਕਾਂਗਰਸ ਲਈ ਇਹ ਸਮਾਂ ਲਾਭਕਾਰੀ ਹੋ ਸਕਦਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks