ਯਾਦ ਸ਼ਹੀਦਾਂ ਦੀ: ਇਨਕਲਾਬੀ ਸੁਨੇਹੇ ਸਭਨਾਂ ਨੂੰ 

  • ਵਾਇਕਾਟੋ ਸ਼ਹੀਦ-ਏ -ਆਜ਼ਮ ਸ. ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟ੍ਰਸਟ ਨੇ ਸ਼ਹੀਦਾਂ ਦਾ ਜਨਮ ਦਿਵਸ ਮਨਾਇਆ
  • ਸ਼ਹੀਦ ਕਰਤਾਰ ਸਿੰਘ ਸਰਾਭਾ, ਸੁਖਦੇਵ, ਭਗਤ ਸਿੰਘ ਰਾਜਗੁਰੂ ਅਤੇ ਊਧਮ ਸਿੰਘ ਨੂੰ ਕੀਤਾ ਯਾਦ
  • ਸ. ਪਰਮਿੰਦਰ ਸਿੰਘ ਨੂੰ ਪੰਜਾਬੀ ਕਮਿਊਨਿਟੀ ਦਾ ਮਾਣ ਅਤੇ ਸੱਤਾ ਵੈਰੋਵਾਲੀਆ ਨੂੰ ਪ੍ਰਵਾਸੀ ਫਨਕਾਰ ਵਜੋਂ ਦਿੱਤਾ ਮਾਨ-ਸਨਮਾਨ
(ਸ਼ਹੀਦਾਂ ਦੀ ਤਸਵੀਰ ਤੋਂ ਪਰਦਾ ਉਠਾਉਣ ਦੀ ਰਸਮ ਅਤੇ ਹੇਠਾਂ ਸਨਮਾਨਿਤ ਸਖਸ਼ੀਅਤਾਂ)
(ਸ਼ਹੀਦਾਂ ਦੀ ਤਸਵੀਰ ਤੋਂ ਪਰਦਾ ਉਠਾਉਣ ਦੀ ਰਸਮ ਅਤੇ ਹੇਠਾਂ ਸਨਮਾਨਿਤ ਸਖਸ਼ੀਅਤਾਂ)

ਔਕਲੈਂਡ 8 ਸਤੰਬਰ – ਵਾਇਕਾਟੋ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟ੍ਰਸਟ ਹਮਿਲਟਨ ਵੱਲੋਂ ਸ਼ਹੀਦਾਂ ਦੇ ਜਨਮ ਦਿਵਸ ਨੂੰ ਸਮਰਪਿਤ ਇਕ ਵਿਸ਼ੇਸ਼ ਪ੍ਰੋਗਰਾਮ ਅੱਜ ਕਰਵਾਇਆ ਗਿਆ। ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਥਾਪਰ, ਸ਼ਹੀਦ ਸ਼ਿਵਰਾਮ ਹਰੀ ਰਾਜਗੁਰੂ ਅਤੇ ਸ਼ਹੀਦ ਊਧਮ ਸਿੰਘ ਨੂੰ ਇਸ ਮੌਕੇ ਯਾਦ ਕਰਦਿਆਂ ਉਨ੍ਹਾਂ ਦੀ ਤਸਵੀਰ ਉਤੋਂ ਮਾਤਾ ਤੇਜ ਕੌਰ ਵੱਲੋਂ ਪਰਦਾ ਚੁੱਕਣ ਦੀ ਰਸਮ ਅਦਾ ਕੀਤੀ ਗਈ ਅਤੇ ਸਮਾਗਮ ਦੀ ਰਸਮੀ ਸ਼ੁਰੂਆਤ ਹੋਈ। ਸ਼ੁਰੂ ਦੇ ਵਿਚ ਸ਼ਹੀਦਾਂ ਦੀ ਯਾਦ ਵਿਚ 2 ਮਿੰਟ ਦਾ ਮੋਨ ਵੀ ਰੱਖਿਆ ਗਿਆ। ਸ੍ਰੀ ਹੈਰੀ ਕੌੜਾ ਨੇ ਸਟੇਜ ਸੰਚਾਲਨ ਕੀਤਾ ਜਦ ਕਿ ਸ. ਜਰਨੈਲ ਸਿੰਘ ਰਾਹੋਂ ਨੇ ਸਟੇਜ ਸੰਚਾਲਨ ਦੇ ਨਾਲ-ਨਾਲ ਦੇਸ਼ ਭਗਤੀ ਦੇ ਕਈ ਰੰਗ ਸਰੋਤਿਆਂ ਦੇ ਸਾਹਮਣੇ ਰੱਖੇ ਤੇ ਸੂਚਨਾਵਾਂ ਨੂੰ ਵੀ ਆਦਾਨ-ਪ੍ਰਦਾਨ ਕਰਦੇ ਰਹੇ। ਸਪਾਂਸਰਜ਼ ਦਾ ਵੀ ਸਹਿਯੋਗ ਲਈ ਧੰਨਵਾਦ ਕੀਤਾ ਗਿਆ।  ਗਾਇਕ ਰੁਪਿੰਦਰ ਨੇ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਇਕ ਗੀਤ ਗਾਇਆ, ਸ੍ਰੀਮਤੀ ਅਨੂ ਕਲੋਟੀ ਨੇ ਰਾਜਨੀਤਕ ਅਤੇ ਬਸਤੀਬਾਦ ਉਤੇ ਆਪਣੇ ਵਿਚਾਰ ਦਿੰਦਿਆ ਭਾਰਤ ਦੀ ਉਚੀ ਹਾਕਮ ਜਮਾਤ ਅਤੇ ਨੀਵੀਂ ਜਮਾਤ ਦੀ ਗੱਲ ਕੀਤੀ। ਸ. ਦਲਾਬਰ ਸਿੰਘ ਨੇ ਕਵਿਤਾ ਪੜ੍ਹੀ। ਸ. ਲਖਵਿੰਦਰ ਸਿੰਘ ਊਭਾ ਨੇ ਸ਼ਹੀਦਾਂ ਦੀ ਯਾਦ ਵਿਚ ਭਾਵਪੂਰਤ ਕਵਿਤਾ ਪੜ੍ਹੀ। ਰਿਵਰ ਸਿਟੀ ਗਰੁੱਪ ਦੇ ਛੋਟੇ ਬੱਚੇ ਜੋ ਕਿ ਗੁਰਪ੍ਰੀਤ ਗਿੱਲ ਨੇ ਕੋਚਿੰਗ ਕਰਕੇ ਭੰਗੜੇ ਅਤੇ ਕੋਰੀਓਗ੍ਰਾਫੀ ਲਈ ਤਿਆਰ ਕਰਾਏ ਸਨ, ਖੂਬ ਛਾਏ। ਕੁੜੀ ਜਸਨੀਤ ਜੱਸੀ ਨੇ ਬਹੁਤ ਸੋਹਣਾ ਗੀਤ ਜ਼ਜਬਾਤੀ ਰੂਪ ਵਿਚ ਗਾਇਆ। ਪ੍ਰਭਜੀਤ ਸੇਖੋਂ ਨੇ ‘ਧੀਆਂ ਨੂੰ ਆਖਣ ਧਨ ਪਰਾਇਆ’ ਦੇ ਨਾਲ ਔਰਤਾਂ ਦੇ ਮਾਨ-ਸਨਮਾਨ ਦੀ ਗੱਲ ਕੀਤੀ। ਬੱਚਿਆਂ ਨੇ ਇਕ ਹੋਰ ਗੀਤ ‘ਮੇਰਾ ਦੇਸ਼ ਹੋਵੇ ਪੰਜਾਬ’ ਉਤੇ ਡਾਂਸ ਕਰਕੇ ਮਾਹੌਲ ਨੂੰ ਰੌਣਕ ਭਰਿਆ ਕੀਤਾ। ਆਜ਼ਾਦ ਰੰਗ ਮੰਚ ਵੱਲੋਂ ਨਾਟਕੀ ਸੰਵਾਦ ਦੇ ਨਾਲ ਆਪਣੀ ਤਰ੍ਹਾਂ ਦਾ ਹੋਕਾ, ਸੁਨੇਹਾ ਅਤੇ ਇਨਕਲਾਬੀ ਹਲੂਣਾ ਦਿੱਤਾ ਤਾਂ ਕਿ ਅਸੀਂ ਸਾਰੇ ਆਪਣੇ-ਆਪਣੇ ਫਰਜ਼ਾਂ ਦੀ ਨਿਸ਼ਾਨਦੇਹੀ ਕਰਕੇ ਕੁਝ ਬਦਲਾਅ ਕਰਨ ਵਿਚ ਆਪਣਾ ਸਹਿਯੋਗ ਕਰੀਏ।

ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਮਾਨ-ਸਨਮਾਨ: ‘ਟ੍ਰਸਟ ਵੱਲੋਂ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਦੀਆਂ ਸੇਵਾਵਾਂ ਨੂੰ ਕਬੂਲਦਿਆਂ ‘ਪੰਜਾਬੀ ਕਮਿਊਨਿਟੀ ਦਾ ਮਾਣ’ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਕ ਲੋਈ ਅਤੇ ਸਨਮਾਨ ਪੱਤਰ ਦੇ ਕੇ ਨਿਵਾਜ਼ਿਆ ਗਿਆ। ਇਸ ਮੌਕੇ ਉਨ੍ਹਾਂ ਇਸ ਐਵਾਰਡ ਦੇ ਕਾਬਿਲ ਕਰਨ ਦੇ ਲਈ ਆਪਣਾ ਮਾਤਾ ਜੀ ਨੂੰ ਯਾਦ ਕੀਤਾ ਅਤੇ ਵਿਸ਼ੇਸ਼ ਤੌਰ ਉਤੇ ਸ. ਨਵਤੇਜ ਸਿੰਘ ਰੰਧਾਵਾ ਦਾ ਵੀ ਜ਼ਿਕਰ ਕੀਤਾ ਤੇ ਸਟੇਜ ਉਤੇ ਬੁਲਾਇਆ। ਉਨ੍ਹੰਾਂ ਦੇ ਹੁਣ ਤੱਕ ਕੰਮਾਂ ਦਾ ਸਲਾਈਡ ਸ਼ੋਅ ਵੀ ਚਲਾਇਆ ਗਿਆ। ਜਸਟਿਸ ਆਫ ਪੀਸ, ਪੁਲਿਸ  ਅਡਵਾਈਜਰੀ ਬੋਰਡ ਮੈਂਬਰ ਅਤੇ ਪੰਜਾਬੀ ਮੀਡੀਆ ਰਾਹੀਂ ਉਨ੍ਹਾਂ ਦੀਆਂ ਲੰਬੇ ਸਮੇਂ ਦੀਆਂ ਸੇਵਾਵਾਂ ਨੂੰ ਸਕਰੀਨ ਉਤੇ ਵਿਖਾਇਆ ਗਿਆ।

ਸੱਤਾ ਵੈਰੋਵਾਲੀਆ ਮਾਨ-ਸਨਮਾਨ: ‘  ਇਸੀ ਤਰ੍ਹਾਂ ਸਾਰਥਿਕ ਗੀਤਾਂ ਤੇ ਗਾਇਕੀ ਦੇ ਨਾਲ-ਨਾਲ ਅੱਜ ਦੇ ਪੰਜਾਬੀ ਸਿਨਮੇ ਦੇ ਵਿਚ ਆਪਣੀ ਵੱਖਰੀ ਪਹਿਚਾਣ ਬਨਾਉਣ ਵਾਲੇ ਗਾਇਕ ਸੱਤਾ ਵੈਰੋਵਾਲੀਆ ਨੂੰ ਵੀ ਪ੍ਰਵਾਸੀ ਫਨਕਾਰ ਦਾ ਐਵਾਰਡ ਦਿੱਤਾ ਗਿਆ। ਉਨ੍ਹਾਂ ਆਪਣੀ ਧਰਮ ਪਤਨੀ ਸ੍ਰੀਮਤੀ ਹਰਜੀਤ ਕੌਰ ਦੇ ਸਾਥ ਦੀ ਗੱਲ ਕੀਤੀ ਅਤੇ ਨਿਊਜ਼ੀਲੈਂਡ ਦੇ ਵਿਚ ਪੰਜਾਬੀ ਭਾਈਚਾਰੇ ਤੋਂ ਮਿਲੇ ਪਿਆਰ ਅਤੇ ਸਤਿਕਾਰ ਨੂੰ ਉਨ੍ਹਾਂ ਆਪਣੀ ਹੱਲਾਸ਼ੇਰੀ ਦੱਸਿਆ। ਸ੍ਰੀ ਰਵਿੰਦਰ ਪਵਾਰ ਹੋਰਾਂ ਨੇ ਇਹ ਐਵਾਰਡ ਉਨ੍ਹਾਂ ਦੀ ਝੋਲੀ ਪਾਇਆ। ਉਨ੍ਹਾਂ ਨੂੰ ਵੀ ਇਕ ਲੋਈ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਬਾਅਦ ਵਿਚ ਉਨ੍ਹਾਂ ਆਪਣੇ ਚਰਚਿਤ ਗੀਤ ਵੀ ਸੁਣਾਏ। ਬੁੱਕ ਸਟਾਲ: ਦੇਸ਼ ਭਗਤੀ ਅਤੇ ਸਿਖਿਆ ਦਿੰਦੀਆਂ ਕਿਤਾਬਾਂ ਦੀ ਇਕ ਪ੍ਰਦਰਸ਼ਨੀ ਵੀ ਉਥੇ ਲਗਾਈ ਗਈ ਸੀ। ਕੁਝ ਲਿਟਰੇਚਰ ਫ੍ਰੀ ਵੀ ਵੰਡਿਆ ਗਿਆ। ਚਾਹਪਾਣੀ- ਸਰੋਤਿਆਂ ਦੇ ਲਈ ਚਾਹ-ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਪ੍ਰਬੰਧਕਾਂ ਵੱਲੋਂ ਆਏ ਸਾਰੇ ਸਰੋਤਿਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

Install Punjabi Akhbar App

Install
×