21ਵੀਂ ਸਦੀ ਦੇ ਨਵੇਂ ਜਨਮ ਸਰਟੀਫਿਕੇਟ

ਡਿਜੀਟਲ ਅਤੇ ਗ੍ਰਾਹਕ ਸੇਵਾਵਾਂ ਵਾਲੇ ਵਿਭਾਗਾਂ ਦੇ ਮੰਤਰੀ ਵਿਕਟਰ ਡੋਮੀਨੈਲੋ ਨੇ ਜਾਣਕਾਰੀ ਰਾਹੀਂ ਦੱਸਿਆ ਕਿ ਹੁਣ ਨਿਊ ਸਾਊਥ ਵੇਲਜ਼ ਅੰਦਰ ਡਿਜੀਟਲ ਅਤੇ 21ਵੀਂ ਸਦੀ ਨਾਲ ਸਬੰਧਤ ਆਧੁਨਿਕ ਜਨਮ ਸਰਟੀਫਿਕੇਟਾਂ ਦਾ ਚਲਨ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਸ ਸਾਲ ਦੇ ਮੱਧ ਵਿੱਚ ਇਹ ਕਾਰਜ ਆਪਣੀ ਪੂਰੀ ਸਮਰੱਥਾ ਨਾਲ ਸ਼ੁਰੂ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਅੱਜ ਦੀ ਮਸ਼ਰੂਫਿਅਤ ਭਰੀ ਜ਼ਿੰਦਗੀ ਵਿੱਚ ਅਜਿਹੇ ਮਾਪਿਆਂ ਲਈ ਉਕਤ ਯੋਜਨਾ ਵਰਦਾਨ ਸਾਬਿਤ ਹੋਵੇਗੀ ਅਤੇ ਇਸ ਵਿੱਚ ਉਨ੍ਹਾਂ ਦਾ ਬਹੁਤ ਸਾਰਾ ਸਮਾਂ ਅਤੇ ਊਰਜਾ ਬਚੇਗੀ।
ਬੱਚੇ ਦੇ ਜੰਮਣ ਤੇ ਸਾਰੀਆਂ ਲਿਖਤੀ ਕਾਰਵਾਈਆਂ ਇੱਕ ਡਾਟਾ ਦੇ ਰੂਪ ਵਿੱਚ ਫੀਡ ਕਰ ਦਿੱਤੀਆਂ ਜਾਣਗੀਆਂ ਅਤੇ ਬਾਬਤ ਰਾਜ ਸਰਕਾਰ ਪੂਰੀ ਤਰ੍ਹਾਂ ਤਿਆਰੀ ਕਰ ਰਹੀ ਹੈ ਅਤੇ ਇਸ ਨਾਲ ਕਾਗਜ਼ ਦਾ ਚਲਨ ਹੋਲੀ ਹੋਲੀ ਘੱਟ ਕਰਦਿਆਂ, ਇਕਦਮ ਖ਼ਤਮ ਕਰ ਦਿੱਤਾ ਜਾਵੇਗਾ ਅਤੇ ਹਰ ਡਾਟਾ ਕੰਪਿਊਟਰ ਦੇ ਜ਼ਰੀਏ ਉਪਲੱਭਧ ਹੋਵੇਗਾ।
ਅਟਾਰਨੀ ਜਨਰਲ -ਮਾਰਕ ਸਪੀਕਮੈਨ ਨੇ ਕਿਹਾ ਕਿ ਇਸ ਵਾਸਤੇ ਕਮਿਊਨਿਟੀ ਕੰਸਲਟੇਸ਼ਨ ਦਾ ਕੰਮ ਪੂਰਾ ਕੀਤਾ ਜਾ ਰਿਹਾ ਹੈ ਅਤੇ ਸਕੂਲਾਂ, ਜੂਨੀਅਰ ਖੇਡਾਂ, ਸਰਕਾਰੀ ਅਜੰਸੀਆਂ ਆਦਿ ਨੂੰ ਫੋਕਸ ਕੀਤਾ ਜਾ ਰਿਹਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇਹ ਬਹੁਤ ਜ਼ਿਆਦਾ ਚੈਲੇਂਜ ਵਾਲਾ ਅਤੇ ਜੋਖਮ ਭਰਿਆ ਕੰਮ ਹੋਵੇਗਾ ਕਿਉਂਕਿ ਭਵਿੱਖ ਵਿੱਚ ਕਿਸੇ ਗਲਤੀ ਕਾਰਨ ਅਜਿਹੇ ਜਨਮ ਸਰਟੀਫਿਕੇਟਾਂ ਦਾ ਗਲਤ ਇਸਤੇਮਾਲ ਵੀ ਹੋ ਸਕਦਾ ਹੈ ਪਰੰਤੂ ਰਾਜ ਸਰਕਾਰ ਇਸ ਵਾਸਤੇ ਪਹਿਲਾਂ ਤੋਂ ਹੀ ਪੂਰੇ ਅਹਿਤਿਆਦ ਅਤੇ ਆਧੁਨਿਕ ਢੰਗ ਤਰਿਕਿਆਂ ਆਦਿ ਨਾਲ ਤਿਆਰੀ ਕਰ ਰਹੀ ਹੈ।
ਡਿਜੀਟਲ ਜਨਮ ਸਰਟੀਫਿਕੇਟ ਹਰ ਪਾਸੇ ਉਪਲੱਭਧ ਹੋਵੇਗਾ ਅਤੇ ਭਾਵੇਂ ਉਹ ਸਕੂਲਾਂ ਲਈ ਹੋਵੇ, ਸਿਹਤ ਸੁਰੱਖਿਆ ਆਦਿ ਲਈ ਹੋਵੇ, ਅਤੇ ਜਾਂ ਫੇਰ ਹੋਰ ਸਰਕਾਰੀ ਕੰਮਾਂ ਲਈ ਲੋੜੀਂਦਾ ਹੋਵੇ -ਇੰਟਰਨੈਟ ਦੇ ਜ਼ਰੀਹੇ ਹਰ ਜਗ੍ਹਾ ਉਪਰ ਇਸ ਦੀ ਉਪਲੱਭਧਤਾ ਮੁਹੱਈਆ ਕਰਵਾਈ ਜਾਵੇਗੀ।
ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ https://www.haveyoursay.nsw.gov.au/digital-birth-certificate ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ ਅਤੇ ਆਪਣੀ ਰਾਇ ਪ੍ਰਗਟ ਕੀਤੀ ਜਾ ਸਕਦੀ ਹੈ।