ਸੀਰ ਵੱਲੋਂ ਪਿੰਡ ਹਰੀਕੇ ਕਲਾਂ ਵਿਖੇ ਲਗਾਈ ਗਈ ਪੰਛੀ ਫੋਟੋ ਪ੍ਰਦਰਸ਼ਨੀ

ਫਰੀਦਕੋਟ, 9 ਫਰਵਰੀ – ਪਿੰਡ ਹਰੀਕੇ ਕਲਾਂ ਵਿਖੇ ਧੰਨ ਧੰਨ ਬਾਬਾ ਲੰਗਰ ਸਿੰਘ ਜੀ ਸਪੋਰਟਸ ਕਲੱਬ ਵੱਲੋਂ ਕਰਵਾਏ ਸਾਹਿਤਕ ਮੇਲੇ ਦੌਰਾਨ ਸੀਰ ਸੁਸਾਇਟੀ ਫਰੀਦਕੋਟ ਵੱਲੋਂ ਪੰਛੀ ਜਗਤ ਨਾਲ ਸਬੰਧਤ ਪੰਛੀ ਫੋਟੋ ਪਰਦਰਸ਼ਨੀ ਲਗਾਈ ਗਈ । ਜਿਸ ਵਿੱਚ ਪ੍ਰਸਿੱਧ ਲੇਖਕ ਵਿਜੇ ਵਿਵੇਕ, ਸੁਖਵਿੰਦਰ ਅੰਮ੍ਰਿਤ, ਮਿੰਟੂ ਗੁਰੂਸਰੀਆ, ਸਮਾਜ ਸੇਵੀ ਗੁਰਪ੍ਰੀਤ ਸਿੰਘ ਚੰਦਬਾਜਾ, ਸ਼ਿਵਜੀਤ ਸਿੰਘ ਸੰਘਾ, ਗੁਰਟੇਕ ਸਿੰਘ ਰੋਡੇ, ਚਰਨਜੀਤ ਸਿੰਘ ਭੁੱਲਰ, ਗੁਰਪ੍ਰੀਤ ਸਿੰਘ ਮਾਨ ਵਿਸੇਸ਼ ਤੌਰ ਤੇ ਪ੍ਰਦਰਸ਼ਨੀ ਦੇਖਣ ਆਏ ਤੇ ਪੰਛੀ ਜਗਤ ਦੀਆ ਦਿਲਕਸ਼ ਤਸਵੀਰਾਂ ਦਾ ਆਨੰਦ ਮਾਣਿਆ । ਇਸ ਮੌਕੇ ਵਿਜੇ ਵਿਵੇਕ ਨੇ ਕਿਹਾ ਕਿ ਸੀਰ ਸੰਸਥਾ ਫਰੀਦਕੋਟ ਹਰਿਆਵਲ ਵਧਾਉਣ ਅਤੇ ਲੋਕਾਂ ਨੂੰ ਵਾਤਾਵਰਣ ਨਾਲ ਜੋੜਨ ਲਈ ਅਹਿਮ ਭੂਮਿਕਾ ਨਿਭਾ ਰਹੀ ਹੈ । ਉਨਾਂ ਕਿਹਾ ਕਿ ਸੀਰ ਵੱਲੋਂ ਪੰਛੀ ਜਗਤ ਦਾ ਵਾਤਾਵਰਣ ਚ ਵਿਸੇਸ਼ ਯੋਗਦਾਨ, ਪੰਛੀਆਂ ਤੇ ਵਾਤਾਵਰਣ ਵਿੱਚ ਸਾਡਾ ਯੋਗਦਾਨ ਬਾਰੇ ਲੋਕਾਂ ਨੂੰ ਜਾਣੂ ਕਰਵਾਉਣਾ ਇੱਕ ਸਲਾਘਾਂ ਯੋਗ ਉੱਦਮ ਹੈ । ਇਸ ਮੌਕੇ ਉਹਨਾਂ ਕਿਹਾ ਕਿ ਮਨੁੱਖ ਜਾਤੀ ਨੇ ਆਪਣੇ ਨਿੱਜੀ ਸਵਾਰਥ ਖਾਤਰ ਪਸ਼ੂ ਪੰਛੀਆਂ ਦੀ ਹੌਂਦ ਨੂੰ ਖਤਰਾ ਪੈਦਾ ਕਰ ਦਿੱਤਾ ਹੈ । ਉਹਨਾਂ ਕਿਹਾ ਕਿ ਵਿਕਾਸ ਦੇ ਨਾਂ ਤੇ ਅੰਨੇਵਾਹ ਦਰੱਖਤਾਂ ਦੀ ਕਟਾਈ ਸਾਡੀਆਂ ਆਉਣ ਵਾਲੀਆਂ ਪੀੜੀਆ ਲਈ ਮਾਰੂ ਸਿੱਧ ਹੋਵੇਗੀ । ਉਹਨਾਂ ਬੱਚਿਆਂ ਤੇ ਸ਼ਹਿਰ ਵਾਸੀਆ ਨੂੰ ਵੱਧ ਤੋਂ ਵੱਧ ਦਰੱਖਤ ਲਗਾਉਣ ਲਈ ਪ੍ਰੇਰਿਤ ਕੀਤਾ । ਇਸ ਮੋਕੇ ਪ੍ਰਦਰਸ਼ਨੀ ਦੀ ਪ੍ਰਸੰਸ਼ਾ ਕਰਦਿਆ ਸੁਖਵਿੰਦਰ ਅੰਮਿਤ ਨੇ ਸੰਸਥਾ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸੰਸ਼ਾ ਕੀਤੀ ਉਹਨਾਂ ਕਿਹਾ ਕਿ ਅਸੀਂ ਕੁਦਰਤ ਦੇ ਸਤੁਲਨ ਨੂੰ ਵਿਗਾੜ ਦਿੱਤਾ ਹੈ । ਦਰੱਖਤ ਪੁੱਟ ਸੁੱਟੇ, ਪਸ਼ੂ ਪੰਛੀਆਂ ਦਾ ਸ਼ਿਕਾਰ ਕਰ ਲਿਆ ਜਿਸ ਕਾਰਣ ਕੁਦਰਤ ਦਾ ਸਤੁੰਲਨ ਵਿਗੜ ਗਿਆ ਹੈ । ਕੁਦਰਤ ਆਪਣਾ ਸੰਤੁਲਨ ਬਰਾਬਰ ਰੱਖਣ ਲਈ ਕੁਦਰਤੀ ਆਫਤਾ ਲੈਕੇ ਆਉਂਦੀ ਹੈ । ਕਿਤੇ ਭਾਰੀ ਬਾਰਿਸ਼ ਹੋ ਰਹੀ ਹੈ ਕਿਤੇ ਸੋਕਾ ਪੈ ਰਿਹਾ ਹੈ ਉਹਨਾਂ ਕਿਹਾ ਕਿ ਕੁਦਰਤ ਦੇ ਅਜਿਹੇ ਵਤੀਰੇ ਲਈ ਅਸੀਂ ਖੁਦ ਜੁੰਮੇਵਾਰ ਹਾਂ । ਉਹਨਾਂ ਕਿਹਾ ਕਿ ਪੰਛੀ ਜਗਤ ਸਾਡੇ ਲਈ ਕੁਦਰਤ ਦੀ ਅਨਮੋਲ ਦਾਤ ਹੈ ਅਸੀਂ ਇਹਨਾਂ ਦੀ ਹੋਂਦ ਲਈ ਖਤਰਾ ਬਣ ਗਏ ਹਾਂ ਪੰਛੀਆਂ ਨੂੰ ਮਾਰ ਰਹੇ ਹਾਂ ਇਹਨਾਂ ਦੇ ਰੇੈਣ ਬਸੇਰੇ ਖਤਮ ਕਰ ਰਹੇ ਹਾਂ ਜੇ ਅਸੀਂ ਅਜੇ ਵੀ ਨਾ ਸੰਭਲੇ ਤਾਂ ਆਉਣ ਵਾਲੀਆ ਪੀੜੀਆਂ ਸਾਨੂੰ ਕਦੇ ਵੀ ਮਾਫ ਨਹੀਂ ਕਰਨਗੀਆ । ਇਸ ਮੌਕੇ ਸੀਰ ਸੁਸਾਇਟੀ ਤੋਂ ਅਧਿਆਪਕ ਜਸਵੀਰ ਸਿੰਘ ਨੇ ਕਿਹਾ ਕਿ ਪੰਛੀ ਜਗਤ ਆਪਣੇ ਆਪ ਵਿੱਚ ਇੱਕ ਵਚਿੱਤਰ ਸੰਸਾਰ ਹੈ । ਇਹ ਆਪਣੀ ਹੋਂਦ ਬਰਕਰਾਰ ਰੱਖਣ ਲਈ ਦੂਰ ਦੁਰਾਡੇ ਮੁਲਕਾਂ ਲਈ ਪ੍ਰਵਾਜ ਭਰਦੇ ਹਨ । ਅਸੀਂ ਇਹਨਾਂ ਦੀਆਂ ਕਈ ਪ੍ਰਜਾਤੀਆਂ ਤੋਂ ਅਣਜਾਣ ਹਾਂ । ਆਉ ਅੱਜ ਇਹ ਪ੍ਰਣ ਕਰੀਏ ਕਿ ਅਸੀਂ ਪੰਛੀ ਜਾਤੀ ਲਈ ਕਦੇ ਖਤਰਾਂ ਨਹੀਂ ਬਣਾਂਗੇ ਅਤੇ ਇਹਨਾਂ ਲਈ ਭੋਜਨ ਤੇ ਰੈਣ ਬਸੇਰੇ ਲਈ ਤਤਪਰ ਰਹਾਂਗੇ । ਉਹਨਾਂ ਦਰਸ਼ਕਾਂ ਨੂੰ ਪੰਛੀਆ ਦੀ ਕਿਸਮ, ਰੈਣ ਬਸੇਰੇ, ਪੰਛੀਆ ਦੀ ਪ੍ਰਜਨਨ ਕਿਰਿਆ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਇਸ ਮੌਕੇ ਜਸਵੀਰ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਕਿ ਸਾਡੇ ਆਲੇ ਦੁਆਲੇ ਅਜਿਹੇ ਪੰਛੀ ਹਨ ਜਿਹਨਾਂ ਬਾਰੇ ਅਸੀਂ ਉੱਕਾ ਹੀ ਨਹੀਂ ਜਾਣਦੇ । ਉਹਨਾਂ ਕਿਹਾ ਕਿ ਆਉ ਪੰਛੀ ਜਗਤ ਨਾਲ ਜੁੜੀਏ ਤੇ ਵਾਤਾਵਰਣ ਦੀ ਸੰਭਾਲ ਕਰੀਏ । ਇਸ ਮੌਕੇ ਸੀਰ ਸੰਸਥਾ ਨੂੰ ਕਲੱਬ ਵੱਲੋਂ ੇ ਸਨਮਾਨਿਤ ਕੀਤਾ ਗਿਆ ।