ਬਰਡ ਫਲੂ : ਸਿਹਤ ਵਿਭਾਗ ਸਰਗਰਮ

cartoon583623 ਦਸੰਬਰ 2014 ਨੂੰ ਖਬਰ ਪੜ੍ਹੀ ਜਿਸ ਦੀ ਸੁਰਖੀ ਸੀ- ਮਰੇ ਹੋਏ ਕਾਂ ਪਹਿਲਾਂ ਦੱਬੇ, ਫਿਰ ਕੱਢੇ। ਬੰਦਿਆਂ ਨੇ ਖਬਰ ਪੜ੍ਹੀ, ਆਈ ਗਈ ਹੋ ਗਈ। ਕਾਵਾਂ ਨੇ ਰੋਸ ਵੱਜੋਂ ਪ੍ਰਤੀਕਰਮ ਲਿਖਿਆ- ਮਰਿਆਂ ਹੋਇਆਂ ਨੂੰ ਸਾਨੂੰ ਵੀਹ ਵਾਰ ਦੱਬੋ, ਤੀਹ ਵਾਰ ਕੱਢੋ, ਕੀ ਫਰਕ? ਸੂਰਮਗਤੀ ਉਦੋਂ ਜਾਣਾਗੇ ਜਦੋਂ ਜਿਉਂਦਿਆਂ ਨੂੰ ਦੱਬ ਕੇ ਕੱਢ ਕੇ ਦਿਖਾਓ। ਮੁਰਦਿਆਂ ਨੂੰ ਦੱਬਣ ਕੱਢਣ ਦੀ ਕਰਤੂਤ ਖੇਢ ਖੇਢਦਿਆਂ ਖਰੂਦੀ ਬੱਚਿਆਂ ਨੇ ਕੀਤੀ ਹੁੰਦੀ ਫੇਰ ਵੀ ਗੱਲ ਸਮਝ ਆਉਂਦੀ, ਇਹ ਪੁੰਨ ਕਾਰਜ ਮਾਹਿਰ ਡਾਕਟਰਾਂ ਦੀ ਨਿਗਰਾਨੀ ਵਿਚ ਹੋਇਆ। ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ ਨੇ ਪਿੰਜੌਰ ਨੇੜੇ ਮਰੇ ਕਾਵਾਂ ਨੂੰ ਇਸ ਕਰਕੇ ਦਫਨਾ ਦਿੱਤਾ ਕਿ ਸ਼ਾਇਦ ਇਨ੍ਹਾ ਨੇ ਮੱਕੀ ਖਾਈ ਸੀ ਪਰ ਫਿਰ ਖਿਆਲ ਆਇਆ ਕਿ ਕੀ ਪਤਾ ਚਿਕਨ ਖਾਧਾ ਹੋਵੇ ਜਾਂ ਚਾਕਲੇਟ ਖਾਧੇ ਹੋਣ? ਪੋਸਟ-ਮਾਰਟਮ ਰਿਪੋਟ ਤੋਂ ਪਤਾ ਲੱਗੇਗਾ ਕਿ ਕਾਂ ਮਾਸਾਹਾਰੀ ਸਨ ਕਿ ਘਾਸਾਹਾਰੀ।

ਟੈਕਸੀ ਵਿਚ ਸਵਾਰ ਮਾਹਿਰ ਡਾਕਟਰਾਂ ਦੀ ਟੀਮ ਕਿਸੇ ਕੇਸ ਦੀ ਪੜਤਾਲ ਕਰਨ ਜਾ ਰਹੀ ਸੀ ਕਿ ਡਰਾਇਵਰ ਨੇ ਗੱਡੀ ਸੜਕ ਕਿਨਾਰੇ ਰੋਕ ਲਈ। ਦੱਸਿਆ- ਪੰਚਰ ਹੋ ਗਿਐ। ਡਾਕਟਰ ਵੀ ਹੇਠ ਉੱਤਰ ਆਏ, ਅਗਲਾ ਖੱਬਾ ਪਹੀਆ ਫਲੈਟ ਹੋਇਆ ਦੇਖਿਆ ਤਾਂ ਇਕ ਡਾਕਟਰ ਨੇ ਕਿਹਾ- ਲਗਦਾ ਤਾਂ ਇਹੀ ਐ ਜਿਵੇਂ ਪੰਚਰ ਹੋਵੇ ਪਰ ਪੰਜ ਸੱਤ ਟੈਸਟ ਫੇਰ ਵੀ ਲਿਖਣੇ ਹੀ ਪੈਣਗੇ।

ਹੱਡੀਆਂ ਦੇ ਮਾਹਿਰ ਦੋ ਡਾਕਟਰ ਧੁੱਪ ਸੇਕਦੇ ਨਵੀਆਂ ਆਈਆਂ ਖੋਜਾਂ ਬਾਰੇ ਗੱਲਾਂ ਕਰ ਰਹੇ ਸਨ, ਦੇਖਿਆ, ਇਕ ਬੰਦਾ ਪੈਰ ਘਸੀਟਦਾ ਘਸੀਟਦਾ ਮੁਸ਼ਕਿਲ ਨਾਲ ਤੁਰਿਆ ਆ ਰਿਹਾ ਸੀ। ਇਕ ਡਾਕਟਰ ਨੇ ਕਿਹਾ- ਵਿਚਾਰੇ ਦੇ ਗਿੱਟੇ ਦੀ ਹੱਡੀ ਨੂੰ ਜ਼ਰਬ ਆ ਗਈ ਹੈ। ਦੂਜੇ ਨੇ ਅਸਹਿਮਤ ਹੁੰਦਿਆਂ ਕਿਹਾ- ਨਹੀਂ, ਗੋਡੇ ਦੀ ਹੱਡੀ ਵਿਚ ਨੁਕਸ ਹੈ, ਸਾਫ ਦਿਸਦੈ। ਦੋਹਾਂ ਵਿਚ ਤਕਰਾਰ ਹੋ ਗਿਆ ਤਾਂ ਹਜ਼ਾਰ ਹਜ਼ਾਰ ਦੀ ਸ਼ਰਤ ਲੱਗ ਗਈ। ਲੰਗੜਾਂਦਾ ਬੰਦਾ ਲਾਗਿਓਂ ਲੰਘਣ ਲੱਗਾ, ਡਾਕਟਰਾਂ ਨੇ ਰੋਕ ਕੇ ਪੁੱਛਿਆ- ਕਿਊਂ ਭਾਈ ਦਰਦ ਗਿੱਟੇ ਵਿਚ ਹੈ ਕਿ ਗੋਡੇ ਵਿਚ? ਰਾਹੀ ਨੇ ਕਿਹਾ- ਜੀ ਕਿਤੇ ਦਰਦ ਨਹੀਂ। -ਫਿਰ ਲੰਗੜਾ ਕੇ ਕਿਊਂ ਤੁਰਦੈਂ? ਮੁਸਾਫਰ ਨੇ ਉੱਤਰ ਦਿਤਾ- ਜੀ ਆਹ ਦੇਖੋ, ਮੇਰੀ ਚੱਪਲ ਦੀ ਬੱਧਰੀ ਟੁੱਟ ਗਈ ਐ, ਪੈਰ ਨੀ ਚੁਕਿਆ ਜਾਂਦਾ।

ਮਨੀ ਰਾਮ ਦੇ ਗੁਰਦੇ ਵਿਚ ਪਥਰੀ ਸੀ. ਝਹਾਜ ਵਿਚ ਚੜ੍ਹਨ ਜਾ ਰਿਹਾ ਸੀ ਤਾਂ ਪੁਲਿਸ ਚੈਕਿੰਗ ਬੂਹੇ ਵਿਚੋਂ ਲੰਘਿਆ। ਸਿਰ ਤੋਂ ਪੈਰਾਂ ਤੱਕ ਜਾਂਚ ਕਰਨ ਲਈ ਸਿਪਾਹੀ ਟੋਹੂ ਯੰਤਰ ਘੁਮੌਣ ਲੱਗਾ। ਮਨੀ ਰਾਮ ਨੇ ਪੁਛਿਆ- ਇਹ ਕੀ ਕਰਦੈਂ ਭਾਈ? ਸਿਪਾਹੀ ਨੇ ਦੱਸਿਆ- ਕੋਈ ਨਾਜਾਇਜ਼ ਚੀਜ਼ ਹੋਵੇ ਇਹ ਮਸ਼ੀਨ ਦੱਸ ਦਿੰਦੀਐ । -ਕਮਾਲ ਐ ਭਾਈ, ਇਹ ਗੱਲ ਐ ਤਾਂ ਦੱਸੀਂ ਮੇਰੀ ਪਥਰੀ ਕਿਥੇ ਕੁ ਐ ਤੇ ਕਿੱਡੀ ਕੁ ਹੋ ਗਈ ਐ?

ਮੇਰੇ ਗਰਾਈਂ ਜੁਆਨ ਮੁੰਡੇ ਦੇ ਦਿਮਾਗ ਉੱਪਰ ਕੁਝ ਅਜੀਬ ਅਸਰ ਹੋਇਆ ਜਿਸ ਕਰਕੇ ਪਟਿਆਲੇ ਰਾਜਿੰਦਰਾ ਹਸਪਤਾਲ ਦੇ ਮਨੋਰੋਗ ਡਾਕਟਰ ਦੀ ਓਪੀਡੀ ਵਿਚ ਲੈ ਗਏ। ਬਿਜਲੀਆਂ ਲਾਉਣ ਵਾਸਤੇ ਮੰਜੇ ਤੇ ਲਿਟਾ ਲਿਆ ਤੇ ਸਿਰ ਦੁਆਲੇ ਖੂਬ ਤਾਰਾਂ ਮੜ੍ਹ ਦਿਤੀਆਂ। ਇਸ਼ਾਰਾ ਮਿਲਣ ਤੇ ਸਹਾਇਕ ਨੇ ਸਵਿਚ ਆਨ ਕਰ ਦਿਤਾ। ਝਟਕੇ ਨਾਲ ਮੁੰਡੇ ਨੇ ਛਾਲ ਮਾਰੀ, ਤਾਰਾਂ ਵਗਾਹ ਕੇ ਪਰੇ ਮਾਰੀਆਂ ਤੇ ਡਾਕਟਰ ਦੇ ਜਬਰਦਸਤ ਚਪੇੜ ਮਾਰ ਕੇ ਕਹੀ ਜਾਵੇ- ਮੇਰੇ ਥੱਪੜ ਕਿਊਂ ਮਾਰਿਐ ਤੈਂ? ਮੈਂ ਇਲਾਜ ਵਾਸਤੇ ਆਇਆਂ ਕਿ ਮਾਰ ਖਾਣ? ਅਸੀਂ ਮੁੰਡਾ ਫੜ ਲਿਆ, ਡਾਕਟਰ ਤੋਂ ਮਾਫੀਆਂ ਵੀ ਮੰਗੀ ਜਾਈਏ ਨਾਲੇ ਪੁੱਛੀ ਜਾਈਏ ਕਿ ਇਹ ਥੱਪੜ ਮਾਰਨ ਦੀ ਗੱਲ ਕਿਊਂ ਕਰਦੈ, ਥੱਪੜ ਤਾਂ ਮਾਰਿਆ ਨੀ? ਡਾਕਟਰ ਨੇ ਦਸਿਆ- ਬਿਜਲੀ ਦੇ ਝਟਕੇ ਦਾ ਅਸਰ ਬਿਲਕੁਲ ਇਊਂ ਹੁੰਦੈ ਜਿਵੇਂ ਥੱਪੜ ਮਾਰਿਆ ਹੋਵੇ। ਜਦੋਂ ਬਿਜਲੀ ਨਾ ਹੋਵੇ ਉਦੋਂ ਅਸੀਂ ਥੱਪੜ ਮਾਰ ਕੇ ਇਲਾਜ ਕਰਿਆ ਕਰਦੇ ਹਾਂ। ਮੇਰਾ ਭਲਵਾਨ ਚਾਚਾ ਧਿਆਨ ਨਾਲ ਗੱਲਾਂ ਸੁਣ ਰਿਹਾ ਸੀ, ਬੋਲਿਆ- ਡਾਕਟਰ ਜੀ, ਤੇਰਾ ਲਾਜ ਤਾਂ ਇਹਨੇ ਫੇਰ ਬਿਨਾ ਬਿਜਲੀ ਤੋਂ ਕਰਤਾ?

ਮੇਰਾ ਦਿਲ ਕੀਤਾ ਕਿਊਂ ਨਾ ਮੈਂ ਚਾਚੇ ਦਾ ਇਲਾਜ ਬਿਨ ਬਿਜਲੀ ਕਰ ਦਿਆਂ ਪਰ ਉਹ ਪਾਈਆ ਪਾਈਆ ਘਿਊ ਪੀ ਪੀ ਵਰਜਿਸ਼ ਕਰਿਆ ਕਰਦਾ ਸੀ। ਡਾਕਟਰ ਵੀ ਚੁੱਪ ਕਰ ਗਿਆ ਮੈਂ ਵੀ।

Harpal Singh Pannu <harpalsinghpannu@gmail.com> (94642-51454)

Install Punjabi Akhbar App

Install
×