ਬੀਤੇ ਕੱਲ੍ਹ ਸਵੇਰੇ ਆਕਲੈਂਡ ਦੇ ਸ਼ਹਿਰ ਪਾਪਾਟੋਏਟੋਏ ਜਿੱਥੇ ਕਿ ਪੰਜਾਬੀਆਂ ਦੀ ਸੰਘਣੀ ਵਸੋਂ ਹੈ, ਦੇ ਸ਼ਰਲੀ ਰੋਡ ਸਥਿਤ ਇਕ ਪ੍ਰਾਪਰਟੀ ਵਿਚੋਂ ਇਕ ਪੰਜਾਬੀ ਮੁੰਡੇ ਦੀ ਲਾਸ਼ ਪ੍ਰਾਪਤ ਹੋਈ ਸੀ, ਉਸਦੀ ਸ਼ਨਾਖਤ ਵਰਿੰਦਰ ਸਿੰਘ ਉਰਫ ਬਿੰਦਰ ਰਾਣਾ ਵਜੋਂ ਹੋਈ ਹੈ। ਇਸ ਲੜਕੇ ਦਾ ਪਿੰਡ ਹਿਉਂ ਨੇੜੇ ਬੰਗਾ ਸ਼ਹਿਰ ਸੀ। ਪਿਤਾ ਸ੍ਰੀ ਅਸ਼ੋਕ ਕੁਮਾਰ (ਰਿਟਾਇਰ ਸੈਨਿਕ) ਅਤੇ ਮਾਤਾ ਦਾ ਨਾਂਅ ਮਾਨਤਾ ਦੇਵੀ ਸੀ। ਇਸ ਦੀ ਭੈਣ ਆਸਟਰੇਲੀਆ ਅਤੇ ਭਰਾ ਕੁਵੈਤ ਦੇ ਵਿਚ ਹੈ ਜੋ ਕਿ ਵਿਆਹੇ ਹੋਏ ਹਨ। ਪਿਤਾ ਉਸਦੇ ਫੌਜ ਵਿਚ ਨੌਕਰੀ ਕਰਦੇ ਸਨ।
ਇਸ ਮੁੰਡੇ ਦੀ ਮੌਤ ਬਾਰੇ ਪਿੰਡ ਵਿਚ ਪਤਾ ਲੱਗ ਚੁੱਕਿਆ ਹੈ। ਇਸ ਲੜਕੇ ਨੂੰ ਆਏ ਹੋਏ ਨੂੰ ਵੀ ਕੁਝ ਮਹੀਨੇ ਹੀ ਹੋਏ ਹਨ ਅਤੇ ਉਹ ਰੀਜੈਂਟ ਇੰਟਰਨੈਸ਼ਨਲ ਕਾਲਜ, ਕੁਈਨਜ਼ ਸਟ੍ਰੀਟ ਆਕਲੈਂਡ ਵਿਖੇ ਪੜ੍ਹਦਾ ਸੀ। ਪਤਾ ਲੱਗਾ ਹੈ ਕਿ ਇਹ ਲੜਕਾ ਪੜ੍ਹਾਈ ਨੂੰ ਲੈ ਕੇ ਮਾਨਸਿਕ ਪ੍ਰੇਸ਼ਾਨੀ ਦੇ ਵਿਚ ਚੱਲ ਰਿਹਾ ਸੀ।