
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਅੱਜ, ਸ਼ੁਕਰਵਾਰ ਨੂੰ ਕੁੱਝ ਲੋਕ ਉਸ ਤਾਮਿਲ ਪਰਵਾਰ ਦੀ ਮਦਦ ਲਈ ਗਲੀਆਂ ਵਿੱਚ ਨਿਕਲ ਆਏ ਜੋ ਕਿ ਪੂਰੇ ਤਿੰਨ ਸਾਲਾਂ ਤੋਂ ਆਸਟ੍ਰੇਲੀਆ ਦੇ ਡਿਟੈਂਸ਼ਨ ਸੈਂਟਰ ਵਿੱਚ ਰਹਿ ਰਿਹਾ ਹੈ ਅਤੇ ਇਸ ਪਰਵਾਰ ਵਿੱਚ ਪਤੀ ਪਤਨੀ ਦੇ ਨਾਲ ਦੋ ਛੋਟੀਆਂ ਬੱਚੀਆਂ ਵੀ ਸ਼ਾਮਿਲ ਹਨ ਅਤੇ ਹੁਣ ਇਸ ਪਰਵਾਰ ਦੇ ਹੱਕ ਵਿੱਚ ਬਿਲੋਏਲਾ ਭਾਈਚਾਰੇ ਦੇ ਮੁਰੂਗਪਨ ਪਰਵਾਰ ਦੇ ਲੋਕ ਵੀ ਸ਼ਾਮਿਲ ਹੋ ਗਏ ਹਨ ਅਤੇ ਅੱਜ ਦੇ ਦਿਨ ਨੂੰ ਰੋਸ ਪ੍ਰਦਰਸ਼ਨ ਕਰਕੇ ਮਨਾਂ ਰਹੇ ਹਨ।
ਜ਼ਿਕਰਯੋਗ ਹੈ ਕਿ ਅੱਜ ਦੇ ਦਿਨ, ਤਿੰਨ ਸਾਲ ਪਹਿਲਾਂ, ਕੁਈਨਜ਼ਲੈਂਡ ਵਿਚਲੇ ਬਿਲੋਏਲਾ ਦੇ ਇੱਕ ਛੋਟੇ ਜਿਹੇ ਕਸਬੇ ਵਿੱਚ ਰਹਿੰਦੇ ਉਕਤ ਤਮਿਲ ਪਰਵਾਰ ਨੂੰ ਉਨ੍ਹਾਂ ਦੇ ਘਰੋਂ ਕੱਢ ਕੇ ਮੈਲਬੋਰਨ ਦੇ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਵਿੱਚ ਬੰਦ ਕਰ ਦਿੱਤਾ ਗਿਆ ਸੀ ਅਤੇ ਸਰਕਾਰ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ‘ਸ੍ਰੀ ਲੰਕਾ’ ਵਾਪਿਸ ਭੇਜਣ ਦੇ ਆਦੇਸ਼ ਜਾਰੀ ਕਰ ਰਹੀ ਸੀ। ਇਸ ਤੋਂ ਬਾਅਦ ਉਕਤ ਮੁਰੁਗਪਨ ਪਰਵਾਰ ਦੇਸ਼ ਦੀਆਂ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਆ ਗਿਆ ਅਤੇ ਇਨ੍ਹਾਂ ਦੀਆਂ ਫੋਟੋਆਂ ਵੱਡੇ-ਵੱਡੇ ਅਖ਼ਬਾਰਾਂ ਦੇ ਪਹਿਲੇ ਪੇਜ ਦੀਆਂ ਸੁਰਖੀਆਂ ਅਤੇ ਟੈਲੀਵਿਜ਼ਨ ਚੈਨਲਾਂ ਦੀਆਂ ਮੁੱਖ ਖ਼ਬਰਾਂ ਬਣਨ ਲੱਗ ਪਏ ਸਨ।
ਅੱਜ ਦੇ ਦਿਹਾੜੇ ਨੂੰ ਦਰਸਾਉਂਦਿਆਂ ਲੋਕਾਂ ਨੇ ਬਹੁਤ ਸਾਰੇ ਪ੍ਰੋਗਰਾਮ ਉਲੀਕ ਲਏ ਹਨ ਅਤੇ ਇਸ ਵਿੱਚ ਸ਼ਾਮਿਲ ਹੋ ਰਹੇ ਲੋਕ ਕੋਵਿਡ-19 ਦੀਆਂ ਹਦਾਇਤਾਂ ਦੇ ਮੱਦੇਨਜ਼ਰ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਦੇਸ਼ ਦੇ ਹਰ ਕੋਨੇ ਵਿੱਚ ਅਜਿਹੇ ਪ੍ਰਦਰਸ਼ਨਾਂ ਦੀਆਂ ਖ਼ਬਰਾਂ ਮਿਲਣੀਆਂ ਸ਼ੁਰੂ ਹੋ ਚੁਕੀਆਂ ਹਨ।
ਦਰਅਸਲ, ਇਹ ਪਰਵਾਰ ਜਿਸ ਵਿੱਚ ਪ੍ਰਿਆ ਅਤੇ ਨੇਡਜ਼ (ਪਤਨੀ ਅਤੇ ਪਤੀ) ਡਿਟੈਂਸ਼ਨ ਸੈਂਟਰ ਵਿੱਚ ਭੇਜਣ ਤੋਂ ਚਾਰ ਸਾਲ ਪਹਿਲਾਂ ਆਸਟ੍ਰੇਲੀਆ ਆਏ ਸਨ ਅਤੇ ਉਨ੍ਹਾਂ ਨੇ ਸ੍ਰੀ ਲੰਕਾ ਅੰਦਰ ਪਾਬੰਧੀ ਸ਼ੁਦਾ ਲਿਬ੍ਰੇਸ਼ਨ ਟਾਈਗਰ ਆਫ ਤਮਿਲ ਏਲਮ ਦੇ ਕਾਰਕੁਨਾਂ ਤੋਂ ਆਪਣੀ ਜਾਨ ਨੂੰ ਖ਼ਤਰਾ ਦਸਦਿਆਂ ਇੱਥੇ ਸ਼ਰਣ ਲਈ ਸੀ ਅਤੇ ਬਿਲੋਏਲਾ ਵਿੱਚ ਆ ਕੇ ਰਹਿਣ ਲੱਗ ਪਏ ਸਨ। ਉਸ ਵੇਲੇ ਉਨ੍ਹਾਂ ਦੀ ਇੱਕ ਬੱਚੀ (ਕੋਪਿਕਾ) ਸੀ ਜੋ ਕਿ ਹੁਣ 5 ਸਾਲਾਂ ਦੀ ਹੈ ਅਤੇ ਉਨ੍ਹਾਂ ਦੀ ਦੂਸਰੀ ਬੱਚੀ (ਥਾਰੂਨੀਸਾ) ਜੋ ਕਿ ਇਸ ਵੇਲੇ 3 ਸਾਲਾਂ ਦੀ ਹੈ ਨੇ ਇੱਥੇ ਹੀ ਜਨਮ ਲਿਆ ਸੀ।
ਸਰਕਾਰ ਸ਼ੁਰੂ ਤੋਂ ਹੀ ਇਹ ਦਾਅਵਾ ਕਰ ਰਹੀ ਹੈ ਕਿ ਇਹ ਪਰਵਾਰ ਰਾਜਨੀਤਿਕ ਸ਼ਰਣ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕਰਦਾ ਅਤੇ ਇਸ ਪਰਵਾਰ ਨੂੰ ਰਾਜਨੀਤਿਕ ਜਾਂ ਸੁਰੱਖਿਆ ਅਧੀਨ ਸ਼ਰਣ ਨਹੀਂ ਦਿੱਤੀ ਜਾ ਸਕਦੀ। ਪਰੰਤੂ ਇਸ ਮਾਮਲੇ ਦੀ ਪੈਰਵੀ ਕਰ ਰਹੇ ਕੁੱਝ ਲੋਕਾਂ ਦਾ ਮੰਨਣਾ ਹੈ ਕਿ ਇਸ ਸਮੇਂ ਉਨ੍ਹਾਂ ਨੂੰ ਇਮੀਗ੍ਰੇਸ਼ਨ ਮੰਤਰੀ ਸ੍ਰੀ ਐਲਨ ਟੱਜ ਤੋਂ ਉਮੀਦ ਹੈ ਕਿ ਉਹ ਆਪਣੀਆਂ ਸ਼ਕਤੀਆਂ (discretion) ਨੂੰ ਇਸਤੇਮਾਲ ਕਰਕੇ ਇਸ ਪਰਵਾਰ ਨੂੰ ਇੱਥੇ ਰਹਿਣ ਅਤੇ ਕੰਮ ਕਰਕੇ ਆਪਣਾ ਜੀਵਨ ਯਾਪਨ ਦੀ ਇਜਾਜ਼ਤ ਦੇ ਸਕਦੇ ਹਨ।