ਦੱਖਣੀ ਆਸਟ੍ਰੇਲੀਆ ਦੇ ਨਿਚਲੇ ਸਦਨ ਅੰਦਰ “ਇੱਛਾ ਮ੍ਰਿਤੂ” ਵਾਲਾ ਬਿਲ ਪਾਸ -ਹੁਣ ਕਾਨੂੰਨ ਬਣਨ ਦੀਆਂ ਤਿਆਰੀਆਂ ਸ਼ੁਰੂ

ਬੀਤੇ ਦਿਨ ਬੁੱਧਵਾਰ ਨੂੰ, ਦੱਖਣੀ ਆਸਟ੍ਰੇਲੀਆ ਦੇ ਪਾਰਲੀਮੈਂਟ ਦੇ ਨਿਚਲੇ ਸਦਨ ਨੇ 33 ਵੋਟਾਂ ਨਾਲ ‘ਇੱਛਾ ਮ੍ਰਿਤੂ’ ਬਿਲ ਨੂੰ ਪਾਸ ਕਰ ਦਿੱਤਾ ਅਤੇ ਹੁਣ ਰਾਜ ਅੰਦਰ ਉਕਤ ਬਿਲ ਦੇ ਕਾਨੂੰਨ ਬਣਨ ਦੀਆਂ ਕਵਾਇਦਾਂ ਸ਼ੁਰੂ ਹੋ ਚੁਕੀਆਂ ਹਨ।
ਇਸ ਵਾਸਤੇ ਕੁੱਝ ਪ੍ਰਸਤਾਵਾਂ ਨੂੰ ਵੀ ਮੰਨਿਆ ਗਿਆ ਹੈ ਜਿਵੇਂ ਕਿ ਹੁਣ ਉਕਤ ਬਿਲ ਨੂੰ ਵਾਪਿਸ ਲੈਜਿਸਲੇਟਿਵ ਕਾਂਸਲ ਕੋਲ ਫਾਈਨਲ ਪ੍ਰਵਾਨਗੀ ਵਾਸਤੇ ਭੇਜਿਆ ਜਾਵੇਗਾ ਅਤੇ ਉਪਰਲੇ ਸਦਨ ਤੋਂ ਬਾਅਦ ਦੱਖਣੀ ਆਸਟ੍ਰੇਲੀਆ ਚੌਥਾ ਅਜਿਹਾ ਰਾਜ (ਵਿਕਟੌਰੀਆ, ਪੱਛਮੀ ਆਸਟ੍ਰੇਲੀਆ ਅਤੇ ਤਸਮਾਨੀਆ ਤੋਂ ਬਾਅਦ) ਬਣ ਜਾਵੇਗਾ ਜਿੱਥੇ ਕਿ ਇੱਛਾ ਮ੍ਰਿਤੂ ਨੂੰ ਪ੍ਰਵਾਨਗੀ ਹੋਵੇਗੀ।
ਜ਼ਿਕਰਯੋਗ ਹੈ ਕਿ ਉਪਰਲੇ ਹਾਊਸ ਵਿੱਚ ਐਮ.ਪੀ. ਕਯਾਮ ਮਿਹਰ ਅਤੇ ਨਿਚਲੇ ਹਾਊਸ ਵਿੱਚ ਐਮ.ਪੀ. ਸੁਸਾਨ ਕਲੋਜ਼ ਵੱਲੋਂ ਪੇਸ਼ ਕੀਤਾ ਗਿਆ ਉਕਤ ਬਿਲ, ਬੀਤੇ 26 ਸਾਲਾਂ ਦੌਰਾਨ ਪਾਰਲੀਮੈਂਟ ਵਿੱਚ, ਉਕਤ ਮੁੱਦੇ ਉਪਰ, ਪੇਸ਼ ਕੀਤੇ ਜਾਣ ਵਾਲਾ ਇਹ 17ਵਾਂ ਪ੍ਰਸਤਾਵਿਤ ਬਿਲ ਹੈ।
ਬਿਲ ਅੰਦਰ 68 ਅਜਿਹੇ ਪ੍ਰਾਵਧਾਨ ਰੱਖੇ ਗਏ ਹਨ ਜਿਨ੍ਹਾਂ ਨੂੰ ਕਿ ਇੱਛਾ ਮ੍ਰਿਤੂ ਵਾਸਤੇ ਲਾਜ਼ਮੀ ਕੀਤਾ ਗਿਆ ਹੈ ਅਤੇ ਇਨ੍ਹਾਂ ਵਿੱਚ ਅਜਿਹਾ ਅਰਜ਼ੀ ਦਾਤਾ ਦੱਖਣੀ ਆਸਟ੍ਰੇਲੀਆ ਰਾਜ ਅੰਦਰ ਬੀਤੇ 12 ਮਹੀਨੇ ਤੋਂ ਰਹਿ ਰਿਹਾ ਹੋਣਾ ਚਾਹੀਦਾ ਹੈ ਅਤੇ ਉਸਦੀ ਘੱਟੋ ਘੱਟ ਉਮਰ 18 ਸਾਲਾਂ ਦੀ ਹੋਣੀ ਚਾਹੀਦੀ ਹੈ।

Install Punjabi Akhbar App

Install
×