ਵਾਸ਼ਿੰਗਟਨ ਵਿੱਚ ਹੋਇਆ ਦੰਗਾ ਡੋਨਾਲਡ ਟਰੰਪ ਦੀ ਗਿਣੀ ਮਿੱਥੀ ਸਾਜ਼ਿਸ਼ -ਬਿਲ ਕਲਿੰਟਨ

(ਦ ਏਜ ਮੁਤਾਬਿਕ) ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ਟਵੀਟ ਕਰਕੇ ਕਿਹਾ ਹੈ ਕਿ ਵਾਸ਼ਿੰਗਟਨ ਡੀ.ਸੀ. ਵਿੱਚ ਹੋਇਆ ਮੌਜੂਦਾ ਦੰਗਾ ਬੀਤੇ ਚਾਰ ਸਾਲਾਂ ਦੀ ਜ਼ਹਿਰੀਲੀ ਰਾਜਨੀਤੀ ਦਾ ਨਤੀਜਾ ਹੈ ਅਤੇ ਇਸ ਦਾ ਸਿਹਰਾ ਪੂਰਨ ਰੂਪ ਵਿੱਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੱਥੇ ਉਪਰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਇਸ ਸੌੜੀ ਰਾਜਨੀਤੀ ਦੀ ਘਿਨੌਣੀ ਕਿਰਿਆ ਨੂੰ ਹਮੇਸ਼ਾ ਯਾਦ ਰੱਖੇਗਾ ਕਿ ਕਿਵੇਂ ਇਸ ਦੇ ਮਾੜੇ ਸ਼ਾਸਕ ਨੇ ਲੋਕਾਂ ਨੂੰ ਆਪਸ ਵਿੱਚ ਹੀ ਲੜਵਾ ਦਿੱਤਾ ਅਤੇ ਇੱਕ ਦੂਜੇ ਦਾ ਦੁਸ਼ਮਣ ਬਣਾ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਅੱਗ ਦੀ ਤੀਲ੍ਹੀ ਡੋਨਾਲਡ ਟਰੰਪ ਵੱਲੋਂ ਹੀ ਲਗਾਈ ਗਈ ਹੈ ਕਿਉਂਕਿ ਉਹ ਆਪ ਅਤੇ ਉਸਦੇ ਕੁੱਝ ਚਹੇਤੇ ਆਪਣੀ ਹਾਰ ਨੂੰ ਕਬੂਲਣ ਲਈ ਤਿਆਰ ਹੀ ਨਹੀਂ ਹਨ ਅਤੇ ਅਜਿਹੇ ਗੈਰ-ਕਾਨੂੰਨੀ ਅਤੇ ਗੈਰ-ਸਮਾਜਿਕ ਤੱਤਾਂ ਨਾਲ ਆਪਣੀ ਹਾਰ ਨੂੰ ਜਿੱਤ ਵਿੱਚ ਬਦਲਣਾ ਚਾਹੁੰਦੇ ਹਨ। ਉਨ੍ਹਾਂ ਆਪਣੀ ਪਤਨੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਪਤਨੀ ਹਿਲੇਰੀ ਕਲਿੰਟਨ ਜੋ ਕਿ 2016 ਵਿੱਚ ਟਰੰਪ ਕੋਲੋਂ ਹਾਰ ਗਈ ਸੀ ਤਾਂ ਉਨ੍ਹਾਂ ਆਪਣੀ ਹਾਰ ਨੂੰ ਖਿੜ੍ਹੇ ਮੱਥੇ ਸਵੀਕਾਰਿਆ ਸੀ ਅਤੇ ਅਮਰੀਕਾ ਦੇ ਸਹੀ ਨਾਗਰਿਕ ਹੋਣ ਦਾ ਸਬੂਤ ਦਿੱਤਾ ਸੀ ਪਰੰਤੂ ਹੁਣ ਜਦੋਂ ਟਰੰਪ, ਜੋਅ ਬਿਡਨ ਕੋਲੋਂ ਹਾਰ ਚੁਕਿਆ ਹੈ ਤਾਂ ਉਹ ਆਪਣੀ ਹਾਰ ਨੂੰ ਸਵੀਕਾਰ ਕਰਨ ਲਈ ਤਿਆਰ ਹੀ ਨਹੀਂ ਹੈ ਅਤੇ ਕੋਝੀਆਂ ਕਾਰਵਾਈਆਂ ਉਪਰ ਉਤਰ ਆਇਆ ਹੈ। ਜ਼ਿਕਰਯੋਗ ਇਹ ਵੀ ਹੈ ਕਿ ਟਰੰਪ ਨੇ ਬੀਤੇ ਬੁੱਧਵਾਰ ਨੂੰ ਇੱਕ ਭਾਸ਼ਣ ਰਾਹੀਂ ਆਪਣੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਹਾਰ ਨੂੰ ਜਿੱਤ ਵਿੱਚ ਬਦਲਣ ਲਈ ਵਾਸ਼ਿੰਗਟਨ ਡੀ.ਸੀ. ਦੀਆਂ ਗਲੀਆਂ, ਸੜਕਾਂ ਅਤੇ ਚੌਰਾਹਿਆਂ ਉਪਰ ਉਤਰ ਆਉਣ। ਉਸਦੇ ਪੈਰੋਕਾਰਾਂ ਨੇ ਅਜਿਹਾ ਹੀ ਕੀਤਾ ਅਤੇ ਦੰਗੇ ਹੋ ਗਏ ਜਿਸਦਾ ਸਿੱਧਾ ਕਾਰਨ ਟਰੰਪ ਦੇ ਇਸ ਭਾਸ਼ਣ ਨੂੰ ਹੀ ਮੰਨਿਆ ਜਾਣਾ ਚਾਹੀਦਾ ਹੈ ਅਤੇ ਇਹ ਹਮਲਾ ਟਰੰਪ ਵੱਲੋਂ ਸਮੁੱਚੇ ਅਮਰੀਕਾ ਦੇ ਸਮਾਜ ਦੇ ਨਾਲ ਨਾਲ ਸੰਵਿਧਾਨ ਉਪਰ ਵੀ ਕੀਤਾ ਗਿਆ ਹੈ।

Install Punjabi Akhbar App

Install
×