ਜਦੋਂ ਮੇਰੇ ਤੋਂ ਪਾਪ ਹੋਣਾ ਬਚਿਆ

ਅੱਜ ਇੱਕ ਚੀਨੇ ਕਸਟਮਰ ਨੂੰ ਮੂਵ ਕਰਨ ਗਏ ਸੀ ! ਨਿਹਾਇਤ ਸ਼ਰੀਫ ਬੰਦਾ , Piano ਟੀਚਰ ਜਿਸ ਦੇ ਘਰ ਸ਼ੈਕਸੀਪੀਅਰ ਅਤੇ ਬਰਨਾਰਡ ਸ਼ਾਅ ਵਰਗੇ ਲੇਖਕਾਂ ਦੀਆਂ ਕਿਤਾਬਾਂ ਪਈਆਂ ਸਨ ! ਕਲਾ , ਸਾਹਿਤ , ਸੰਗੀਤ ਅਤੇ ਕੁਦਰਤ ਨੂੰ ਪਿਆਰ ਕਰਨ ਵਾਲਾ !
ਅੱਜ ਜਦੋਂ ਅਸੀਂ ਇੱਕ ਗਮਲੇ ਵਿੱਚ ਲੱਗੇ ਬੂਟੇ ਨੂੰ ਚੁੱਕਣ ਲੱਗੇ ਤਾਂ ਉਸ ਬੂਟੇ ਵਿੱਚੋਂ ਇੱਕ ਪੰਛੀ ਉਡਾਰੀ ਮਾਰ ਗਿਆ ਤਾਂ ਮੈਂ ਗਰਦਨ ਚੁੱਕਕੇ ਵੇਖਿਆ ਤਾਂ ਖ਼ੂਬਸੂਰਤ ਆਲ੍ਹਣੇ ਵਿੱਚ ਨੀਲੇ ਰੰਗ ਦਾ ਅੰਡਾ ਪਿਆ ਸੀ !

ਮੇਰਾ ਦਿਲ ਧੜਕਿਆ ਮੈਂ ਉਸੇ ਵੇਲੇ ਕਸਟਮਰ ਨੂੰ ਕਿਹਾ ਕਿ , ‘ ਮੈਂ ਇਹ ਬੂਟਾ ਮੂਵ ਨੀ ਕਰਨਾ ਕਿਉਂਕਿ ਇਸ ਬੂਟੇ ਵਿੱਚ ਇੱਕ ਮਾਂ ਵਸਦੀ ਆ , ਮੈਂ ਉਸ ਮਾਂ ਦੇ ਜਿਗਰ ਦੇ ਟੋਟੇ ਨੂੰ ਉਸਤੋਂ ਦੂਰ ਨੀ ਕਰ ਸਕਦਾ ‘
ਉਸ ਭਲੇਮਾਣਸ ਬੰਦੇ ਨੇ ਮੇਰੀ ਗੱਲ ਧਿਆਨ ਨਾਲ ਸੁਣੀ ਫਿਰ ਬੋਲਿਆ , ‘ ਮਿਸਟਰ ਮੈਨੂੰ ਤੇਰੀਆਂ ਭਾਵਨਾਵਾਂ ਦੀ ਕਦਰ ਆ , ਇਹ ਬੂਟਾ ਸਾਡੇ ਕੋਲ ਤਕਰੀਬਨ ਦਸ ਸਾਲ ਤੋਂ ਆ ਇਹ ਮਾਂ ਹਰ ਸਾਲ ਆਕੇ ਆਲਣਾ ਬਣਾਕੇ ਅੰਡੇ ਦੇ ਕੇ ਬੱਚੇ ਪੈਦਾ ਕਰਦੀ ਆ !
ਪਰ ਮੈਂ ਫਿਰ ਵੀ ਨੀ ਮੰਨਿਆਂ ਤਾਂ ਉਹ ਕਹਿੰਦਾ , ਮਿਸਟਰ ਸਿੰਘ ਮੇਰਾ ਯਕੀਨ ਕਰ ਇਸ ਆਲ੍ਹਣੇ ਦੀ ਵਾਰਿਸ ਆਪਣੇ ਦੂਜੇ ਘਰ ਵੀ ਪਹੁੰਚ ਜਾਵੇਗੀ ‘
ਚਲੋ ਜੀ ਮੰਨੋ ਤੱਕੀ ਅਸੀਂ ਉਹ ਬੂਟਾ ਆਲ੍ਹਣੇ ਸਮੇਤ ਟਰੱਕ ਵਿੱਚ ਲੋਡ ਕਰ ਲਿਆ … ਪਰ ਮੇਰੇ ਮਨ ਨੂੰ ਸ਼ਾਂਤੀ ਨਾ ਆਵੇ ‘ ਮਨਾ ਤੂੰ ਚੰਦ ਡਾਲਰਾਂ ਪਿੱਛੇ ਇਹ ਪਾਪ ਕਿਓਂ ਕਰ ਲਿਆ , ਇੱਕ ਮਾਂ ਕੋਲੋ ਉਸਦਾ ਬੱਚਾ ਖੋਹ ਲਿਆ ..। ਵਿਚਾਰੀ ਕਿੱਥੇ ਭਟਕਦੀ ਹੋਵੇਗੀ !

ਉਸੇ ਵੇਲੇ ਜਿਵੇਂ ਮੇਰੇ ਮੂਹਰੇ ਬੀਬੀ ਆਣ ਖੜ੍ਹੀ ਹੋਏ ਜੋ ਹਰ ਰੋਜ਼ ਰੋਟੀ ਲਾਹੁੰਦੀ ਹੋਈ ਦੋ ਚਾਰ ਵਾਧੂ ਰੋਟੀਆਂ ਸੇਕ ਦਿੰਦੀ , ਦੂਜੇ ਦਿਨ ਚੂਰੀ ਕਰਕੇ ਮੈਨੂੰ ਅਤੇ ਅਦਬਨੂਰ ਨੂੰ ਕਹਿ ਦਿੰਦੀ , ‘ਜਾਓ ਬਾਹਰ ਬੇਜੁਬਾਨ ਪੰਛੀਆਂ ਨੂੰ ਪਾ ਆਵੋ ਉਹਨਾਂ ਕਿਹੜਾ ਕਹਿਣਾ ਸਾਨੂੰ ਭੁੱਖ ਲੱਗੀ ਆ ਉਹ ਆਪਣੇ ਵੱਲ ਹੀ ਤੱਕਦੇ ਆ ‘
ਬੀਬੀ ਜਚਦੇ ਜਾਣ ਪਿੱਛੋਂ ਵੀ ਹੁਣ ਸਾਡਾ ਤੇ ਅਦਬਨੂਰ ਦਾ ਤਕਰੀਬਨ ਹਰ ਰੋਜ਼ ਪੰਛੀਆਂ ਨੂੰ ਰੋਟੀ / ਬਰੈਡ ਪਾਉਣ ਦਾ ਸਿਲਸਿਲਾ ਜ਼ਾਰੀ ਆ … ਵਾਹਵਾ ਪੰਛੀ ਮਿੱਤਰ ਹਰ ਰੋਜ਼ ਘਰ ਆਉੰਦੇ ਨੇ ਤੇ ਰੱਜ ਕੇ ਉਡਾਰੀ ਮਾਰ ਜਾਂਦੇ ਨੇ …। ਉਹਨਾਂ ਨੂੰ ਵੇਖ ਕੇ ਬਹੁਤ ਸਕੂਨ ਮਿਲਦਾ !

ਜਦੋਂ ਅਸੀਂ ਟਰੱਕ ਲੈ ਕੇ ਦੂਜੇ ਘਰ ਗਏ ਤਾਂ ਸਮਾਨ ਲਾਹ ਰਹੇ ਸੀ , ਉਸ ਆਲ੍ਹਣੇ ਵਾਲੇ ਬੂਟੇ ਨੂੰ ਵੀ ਲਾਹਿਆ ਤਾਂ ਕੁਝ ਸਮੇਂ ਬਾਅਦ ਅਸੀਂ ਵੇਖਿਆ ਕਿ ਉਸ ਬੂਟੇ ਵਿੱਚ ਉਸਦੀ ਮਾਂ ਫਿਰ ਆਣ ਬੈਠੀ ! ਮੈਨੂੰ ਲੱਗਦਾ ਉਹ ਮਾਂ ਸਾਡੇ ਟਰੱਕ ਦੇ ਨਾਲ ਨਾਲ ਉੱਡਕੇ ਆਈ ਹੋਵੇਗੀ ! ਜਾਂ ਕੁਦਰਤ ਨੇ ਉਸਨੂੰ ਬਲ ਬਖ਼ਸ਼ਿਆ ਹੋਵੇਗਾ !
ਵੇਖ ਕੇ ਮਨ ਨੂੰ ਸ਼ਾਂਤੀ ਹੋਈ ਕਿ ਮੇਰੇ ਤੋਂ ਪਾਪ ਹੋਣਾ ਬਚ ਗਿਆ !
ਫਿਰ ਉਸ ਕਸਟਮਰ ਨੇ ਆਪਣੇ ਘਰ ਦੇ ਪਿੱਛੇ ਲੱਗੇ ਬਗ਼ੀਚੇ ਦਾ ਉਹ  ਆਲ੍ਹਣਾ ਵੀ ਦਿਖਾਇਆ ਜਿਸ ਵਿੱਚ ਸੇਮ ਨਸਲ ਦੇ ਚਾਰ ਬੋਟ ਬੈਠੇ ਸੀ ! ਪਰ ਹਾਲੇ ਉਡਾਰ ਨੀ ਹੋਏ ਸੀ , ਉਹਨਾਂ ਦੀ ਮਾਂ ਹਰ ਰੋਜ਼ ਉਹਨਾਂ ਲਈ ਖ਼ੁਰਾਕ ਲੈ ਕੇ ਆਉੰਦੀ ਅਤੇ ਰਾਤ ਨੂੰ ਨਾਲ ਦੀ ਟਾਹਣੀ ਤੇ ਅਰਾਮ ਕਰਦੀ !
ਧੰਨ ਨੇ ਮਾਂਵਾਂ
“ ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਤੇ ਨਜ਼ਰ ਨਾ ਆਵੇ …..
ਸਲੂਟ ਆ ਮਾਂਵਾਂ ਨੂੰ
ਚੇਤੇ ਆ ਜਦੋਂ ਟਰੈਕਟਰ ਨਾਲ ਖੇਤ ਵਾਹੁੰਦੇ ਆ ਤਾਂ ਟਟੀਹਰੀ ਮਾਂ ਦੀ ਦਲੇਰੀ ਚੇਤੇ ਆ ਜਾਂਦੀ ਆ !
ਧੰਨ ਨੇ ਮਾਂਵਾਂ
ਮਾਂਵਾਂ ਠੰਡੀਆਂ ਛਾਵਾਂ

(ਬਿਕਰਮਜੀਤ ਸਿੰਘ ਮੱਟਰਾਂ)

bikramjitnz@yahoo.co.nz