ਬਿਹਾਰ ਵਿਧਾਨ ਸਭਾ ਦੇ ਚੋਣ ਨਤੀਜੇ ਹੈਰਾਨੀ ਜਨਕ ਹੋਣਗੇ….!

ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਦਾ ਪਹਿਲਾ ਪੜਾਅ 28 ਅਕਤੂਬਰ ਨੂੰ ਸ਼ੁਰੂ ਹੋ ਰਿਹਾ ਹੈ। ਦੂਜੇ ਅਤੇ ਤੀਜੇ ਪੜਾਅ ਦੀਆਂ ਵੋਟਾਂ 3 ਨਵੰਬਰ ਅਤੇ 7 ਨਵੰਬਰ ਨੂੰ ਪੈਣਗੀਆਂ। 243 ਹਲਕਿਆਂ ਦਾ ਨਤੀਜਾ 10 ਨਵੰਬਰ ਨੂੰ ਐਲਾਨਿਆ ਜਾਵੇਗਾ। ਇਹਨਾਂ ਚੋਣਾਂ ਵਿੱਚ ਮੁੱਖ ਮੁਕਾਬਲਾ ਮਹਾਂ ਗੱਠਜੋੜ ਅਤੇ ਐਨ ਡੀ ਏ  ਦਰਮਿਆਨ ਹੈ। ਮਹਾਂ ਗਠਜੋੜ ਵਿੱਚ ਆਰ ਜੇ ਡੀ,ਕਾਂਗਰਸ ਅਤੇ ਖੱਬੀਆਂ ਧਿਰਾਂ ਸ਼ਾਮਲ ਹਨ ਜਦੋਂ ਕਿ ਐਨ ਡੀ ਏ ਵਿੱਚ ਮੁੱਖ ਤੌਰ ਤੇ ਜੇ ਡੀ ਯੂ,ਭਾਜਪਾ ਅਤੇ ਲੋਕ ਭਲਾਈ ਪਾਰਟੀ ਸ਼ਾਮਲ ਹਨ। ਕੁੱਝ ਹਫਤੇ ਪਹਿਲਾਂ ਤੱਕ ਇਹਨਾਂ ਚੋਣਾਂ ਨੂੰ ਐਨ ਡੀ ਏ  ਦੇ ਹੱਕ ਵਿੱਚ ਇੱਕ ਪਾਸੜ ਦੱਸਿਆ ਜਾ ਰਿਹਾ ਸੀ। ਟੀ ਵੀ ਚੈਨਲਾਂ ਉੱਤੇ ਹੁੰਦੀਆਂ ਬਹਿਸਾਂ ਵਿਚ ਵੱਡੇ ਵੱਡੇ ਵਿਸ਼ਲੇਸ਼ਕ ਤੇਜਸਵੀ ਯਾਦਵ ਦੀ ਅਗਵਾਈ ਹੇਠ ਬਣੇ ਮਹਾਂ ਗਠਜੋੜ ਨੂੰ ਕਿਸੇ ਵੀ ਗਿਣਤੀ ਵਿਚ ਰੱਖਣ ਲਈ ਤਿਆਰ ਨਹੀਂ ਸਨ। ਸੀ ਵੋਟਰ ਟੀਮ ਤੋਂ ਬਾਅਦ ,ਸੀ ਐਸ ਡੀ ਐਸ ਅਤੇ ਏ ਬੀ ਪੀ ਚੋਣ ਸਰਵੇਖਣ ਟੀਮਾਂ ਵਲੋੰ ਕੀਤੇ  ਸਰਵੇ ਵਿਚ ਐਨ ਡੀ ਏ ਨੂੰ ਸਪਸ਼ਟ ਬਹੁਮਤ ਨਾਲ ਜੇਤੂ ਦੱਸਿਆ ਗਿਆ ਹੈ। ਇਹਨਾਂ ਸਰਵੇ ਗਰੁੱਪਾਂ ਨੇ ਡੰਕੇ ਦੀ ਚੋਟ ਤੇ ਨਤੀਸ਼ ਕੁਮਾਰ ਦੀ ਅਗਵਾਈ ਵਿਚ ਸਰਕਾਰ ਬਣਨ ਦਾ ਦਾਅਵਾ ਕੀਤਾ ਹੈ।

ਦੂਜੇ ਪਾਸੇ ਬਿਹਾਰ ਦੀ ਧਰਤੀ ਨਾਲ ਜੁੜੇ ਅਨੇਕਾਂ ਪੱਤਰਕਾਰਾਂ ਅਤੇ ਡਿਜੀਟਲ ਚੈਨਲਾਂ ਦੀ ਮੰਨੀਏ ਤਾਂ ਨਤੀਸ਼ ਕੁਮਾਰ ਦਾ ਮੁੜ ਕੇ ਸਤਾ ਵਿੱਚ ਆਉਣਾ ਬਹੁਤ ਮੁਸ਼ਕਿਲ ਹੈ। ਜਿਉਂ ਜਿਉਂ ਚੋਣਾਂ ਦੀ ਤਾਰੀਖ  ਨੇੜੇ ਆਉਦੀ ਜਾ ਰਹੀ ਹੈ ਉਸੇ ਹਿਸਾਬ ਨਾਲ ਬਿਹਾਰ ਦੇ ਚੋਣਾਂਵੀ ਹਾਲਾਤ ਤੇਜੀ ਨਾਲ ਬਦਲ ਰਹੇ ਹਨ। ਬਿਹਾਰ ਅੰਦਰ ਪਿਛਲੇ ਕੁੱਝ ਹਫਤਿਆਂ ਤੋਂ ਚੋਣਾਂ ਦਾ ਜਾਇਜ਼ਾ ਲੈ ਰਹੇ ਪੱਤਰਕਾਰਾਂ  ਕਨਈਆ  ਭਿਲਾਰੀ,ਚੰਦਰ ਪ੍ਰਕਾਸ਼ ਝਾਅ ,ਅਜੀਤ ਅੰਜੁਮ,ਸ਼ੀਤਲ ਪੀ ਸਿੰਘ, ਪ੍ਰੋ ਮੁਕੇਸ਼ ਕੁਮਾਰ ਅਤੇ ਆਸ਼ੂਤੋਸ਼ ਅਨੁਸਾਰ ਬਿਹਾਰ ਅੰਦਰ ਤੇਜਸਵੀ ਯਾਦਵ ਦੇ ਹੱਕ ਵਿੱਚ ਇੱਕ ਲਹਿਰ ਚੱਲ ਪਈ ਹੈ।

ਜਿਹੜੇ ਪੱਤਰਕਾਰ ਹੁਣ ਤੱਕ ਤੇਜਸਵੀ ਨੂੰ ਬਹੁਤ ਪਿੱਛੇ ਦੱਸ ਰਹੇ ਸਨ ਅੱਜ ਇਹ ਮੰਨਣ ਲੱਗ ਪਏ ਹਨ ਕਿ ਮੁਕਾਬਲਾ ਕਾਫੀ ਦਿਲਚਸਪ ਹੋ ਗਿਆ ਹੈ। ਇਹਨਾਂ ਚੋਣਾਂ ਨੂੰ ਲੈ ਕੇ ਲੋਭਪਾ ਮੁੁਖੀ ਚਿਰਾਗ ਪਾਸਵਾਨ ਦੀ ਬਹੁਤ ਚਰਚਾ ਹੋ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਸ਼ੁਰੂ ਤੋਂ ਲੈ ਕੇ ਉਹ ਨਤੀਸ਼ ਕੁਮਾਰ ਦੀ ਸਖਤ ਆਲੋਚਨਾ ਕਰ ਰਿਹਾ ਹੈ। ਰਾਜਨੀਤਕ ਮਾਹਰਾਂ ਅਨੁਸਾਰ ਭਾਜਪਾ ਨਤੀਸ਼ ਕੁਮਾਰ ਦਾ ਕੱਦ ਘੱਟ ਕਰਨ ਲਈ ਚਿਰਾਗ ਪਾਸਵਾਨ ਨੂੰ ਇੱਕ ਮਹੁਰੇ ਵਜੋਂ ਵਰਤ ਰਹੀ ਹੈ। ਚਿਰਾਗ ਪਾਸਵਾਨ ਨੇ ਜੇਡੀਯੂ ਦੇ ਉਮੀਦਵਾਰਾਂ ਖਿਲਾਫ ਆਪਣੇ ਉਮੀਦਵਾਰ ਉਤਾਰੇ ਹੋਏ ਹਨ। ਇਥੋਂ ਤੱਕ ਕਿ ਉਸ ਨੇ ਭਾਜਪਾ ਦੇ ਕੁੱਝ ਨਰਾਜ ਆਗੂਆਂ ਨੂੰ ਲੋਭਪਾ ਵਿੱਚ ਸ਼ਾਮਲ ਕਰਕੇ ਉਹਨਾਂ ਨੂੰ ਪਾਰਟੀ ਟਿਕਟ ਦਿੱਤੇ ਹਨ।ਇਹ ਸਭ ਕੁੱਝ ਭਾਜਪਾ ਦੇ ਇਸ਼ਾਰੇ ਤੋਂ ਬਿਨਾਂ ਨਹੀਂ ਹੋ ਸਕਦਾ। ਜਿਸ ਤਰਾਂ ਚਿਰਾਗ ਪਾਸਵਾਨ ਵਲੋੰ ਨਤੀਸ਼ ਕੁਮਾਰ ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ ਉਸ ਨੂੰ ਲੈ ਕੇ ਨਤੀਸ਼ ਕੁਮਾਰ ਬਹੁਤ ਪ੍ਰੇਸ਼ਾਨ ਹੈ। ਪਹਿਲੇ ਚੋਣ ਪੜਾਅ ਲਈ ਚੋਣ ਪ੍ਰਚਾਰ ਬੰਦ ਹੋਣ ਤੋਂ ਠੀਕ ਪਹਿਲਾਂ ਚਿਰਾਗ ਪਾਸਵਾਨ ਨੇ ਬਹੁਤ ਸਖਤ ਬਿਆਨ ਦਿੰਦਿਆਂ ਕਿਹਾ ਹੈ ਕਿ ਜੇਕਰ ਐਨਡੀਏ ਦੀ ਸਰਕਾਰ ਬਣਦੀ ਹੈ ਤਾਂ ਨਤੀਸ਼ ਕੁਮਾਰ ਨੂੰ ਜੇਹਲ ਵਿੱਚ ਬੰਦ ਕੀਤਾ ਜਵੇਗਾ। ਇੱਕ ਪਾਸੇ ਬਿਹਾਰ ਦੀ ਜਨਤਾ ਦੇ ਮਨਾਂ ਵਿੱਚ ਨਤੀਸ਼ ਕੁਮਾਰ ਖਿਲਾਫ ਵਿਆਪਕ ਰੋਸ ਪਾਇਆ ਜਾ ਰਿਹਾ ਹੈ ਦੂਜੇ ਪਾਸੇ ਉਸ ਦੇ ਆਪਣੇ ਹੀ ਭਾਈਵਾਲ ਵਲੋੰ ਉਸ ਤੇ ਹਮਲੇ ਕੀਤੇ ਜਾ ਰਹੇ ਹਨ। ਨਤੀਸ਼ ਵਲੋੰ ਭਾਜਪਾ ਕੋਲ ਰੋਸ ਪਰਗਟ ਕਰਨ ਦੇ ਬਾਵਯੂਦ ਭਾਜਪਾ ਚਿਰਾਗ ਪਾਸਵਾਨ ਨੂੰ ਨਤੀਸ਼ ਖਿਲਾਫ ਬੋਲਣ ਤੋਂ ਨਹੀਂ ਵਰਜ ਰਹੀ।

ਜਿਸ ਦਿਨ ਤੋਂ ਤੇਜਸਵੀ ਯਾਦਵ ਨੇ ਸਰਕਾਰ ਬਣਨ ਦੀ ਹਾਲਤ ਵਿੱਚ ਪਹਿਲੀ ਕਲਮ 10 ਲੱਖ ਨੌਕਰੀਆਂ ਲਈ ਚਲਾਉਣ ਦੀ ਗੱਲ ਕਹੀ ਹੈ ਉਸ ਦਿਨ ਤੋਂ ਹਵਾ ਦਾ ਰੁੱਖ ਇੱਕ ਦਮ ਮਹਾਂ ਗਠਜੋੜ ਦੇ ਹੱਕ ਵਿਚ ਹੋ ਗਿਆ ਹੈ। ਰੁਜ਼ਗਾਰ ਦੇ ਮੁੱਦੇ ਨੇ ਬਾਕੀ ਸਾਰੇ ਮੁੱਦੇ ਹਾਲ ਦੀ ਘੜੀ ਪਿਛੇ ਧੱਕ ਦਿੱਤੇ ਹਨ। ਨੌਜਵਾਨਾਂ ਅੰਦਰ ਤੇਜਸਵੀ ਵਲੋੰ ਸੈੱਟ ਕੀਤਾ ਇਹ ਮੁੱਦਾ ਨੌਜਵਾਨਾਂ ਨੂੰ ਐਨਾ ਰਾਸ ਆਇਆ ਕਿ ਉਹਨਾਂ ਨੇ ਇਸ ਨੂੰ ਹੱਥੋਂ ਹੱਥ ਲੈ ਲਿਆ। ਇਸ ਮੁੱਦੇ ਨੇ ਬੀਜੇਪੀ ਨੂੰ ਵੀ ਤੇਜਸਵੀ ਦੀ ਪੈਰਵੀ ਕਰਨ ਲਈ ਮਜਬੂਰ ਕਰ ਦਿੱਤਾ ਹੈ। ਸਮਾਜਿਕ ਵੰਡੀਆਂ ਪਾਉਣ ਵਾਲੇ ਮੁੱਦੇ ਤਹਿ ਕਰਨ ਵਾਲੀ ਭਾਜਪਾ ਬੈਕ ਫੁੱਟ ਤੇ ਚਲੀ ਗਈ।ਜਿਹੜੀ ਭਾਜਪਾ ਨੇ 10 ਲੱਖ ਨੌਕਰੀਆਂ ਦੇ ਐਲਾਨ ਦਾ ਇਹ ਕਹਿ ਕੇ ਮਖੌਲ ਉਡਾਇਆ ਸੀ ਕਿ ਐਨੇ ਪੈਸੇ ਕਿਥੋਂ ਆਉਣਗੇ ? ਅੱਜ ਉਸੇ ਭਾਜਪਾ ਨੂੰ 19  ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਵਾਅਦੇ ਕਰਨੇ ਪੈ ਰਹੇ ਹਨ। ਇਸ ਸਬੰਧੀ ਇੱਕ ਚਰਚਾ ਦੌਰਾਨ ਪ੍ਰਸਿੱਧ ਪੱਤਰਕਾਰ ਅਜੀਤ ਅੰਜੁਮ ਨੇ ਕਿਹਾ ਹੈ ਕਿ ਰੁਜ਼ਗਾਰ ਦੇ ਜਿਸ ਮੁੱਦੇ ਦੀ ਬੁਨਿਆਦ ਤੇਜਸਵੀ ਨੇ ਰੱਖੀ ਹੈ ਉਸ ਬੁਨਿਆਦ ਉੱਤੇ ਬੀਜੇਪੀ ਹਵਾਈ ਮਹਿਲ ਬਣਾਉਣ ਦਾ ਯਤਨ ਕਰ ਰਹੀ ਹੈ।

ਨਤੀਸ਼ ਕੁਮਾਰ ਖਿਲਾਫ ਰੋਸ ਦੇ ਠੋਸ ਕਾਰਨ ਮੌਜੂਦ ਹਨ। ਸਰਕਾਰੀ ਵਿਭਾਗਾਂ ਵਿਚ ਤਕਰੀਬਨ  ਚਾਰ ਲੱਖ ਆਸਾਮੀਆਂ ਲੰਬੇ ਸਮੇਂ ਤੋਂ ਖਾਲੀ ਪਈਆਂ ਹਨ, ਜਿਹਨਾਂ ਨੂੰ ਭਰਿਆ ਨਹੀਂ ਗਿਆ। ਕਰੋਨਾ ਦੀ ਵਜਾਹ ਨਾਲ ਲੱਖਾਂ ਬਿਹਾਰੀ ਮਜ਼ਦੂਰਾਂ ਨੂੰ ਆਪਣੀ ਰੋਟੀ ਰੋਜ਼ੀ ਛੱਡ ਕੇ ਵਾਪਸ ਬਿਹਾਰ ਪਰਤਣਾ ਪਿਆ ਹੈ। ਇਸ ਦੌਰਾਨ ਉਹਨਾਂ ਨੂੰ ਬਹੁਤ ਖੱਜਲ ਖੁਆਰ ਹੋਣਾ ਪਿਆ ਸੀ। ਉਹ ਚੀਸ ਉਹਨਾਂ ਦੇ ਮਨ ਅੰਦਰ ਘਰ ਕਰ ਗਈ ਹੈ। ਬਿਹਾਰ ਵਿੱਚ ਸ਼ਰਾਬ ਬੰਦੀ ਦੇ ਬਾਵਯੂਦ ਜਿਸ ਤਰਾਂ ਜਿਆਦਾ ਕੀਮਤ ਉੱਤੇ ਘਰ ਘਰ ਨਜਾਇਜ਼ ਸ਼ਰਾਬ ਦੀ ਸਪਲਾਈ ਹੋ ਰਹੀ ਹੈ ਅਤੇ ਇਸ ਧੰਦੇ ਵਿਚ  15,16 ਸਾਲ ਦੇ ਅੱਲੜ ਮੁੰਡਿਆਂ ਨੂੰ ਸ਼ਾਮਲ ਕੀਤਾ ਗਿਆ ਹੈ ਉਸ ਨੇ ਔਰਤ ਵਰਗ ਨੂੰ ਬਹੁਤ ਪ੍ਰੇਸ਼ਾਨ ਕੀਤਾ ਹੋਇਆ ਹੈ। ਮੁਜੱਫਰਪੁਰ ਦੇ ਸ਼ੈਲਟਰ ਹੋਮ ਕਾਂਡ ਦੀ ਮੁੱਖ ਦੋਸ਼ਣ ਨੂੰ ਨਤੀਸ਼ ਕੁਮਾਰ ਨੇ ਟਿਕਟ ਦੇ ਕੇ ਔਰਤ ਵਰਗ ਨੂੰ ਹੋਰ ਵੀ ਨਰਾਜ ਕੀਤਾ ਹੈ।

ਦਲਿਤਾਂ ਉੱਤੇ ਹੋ ਰਹੇ ਜੁਰਮ, ਬੱਚੀਆਂ ਨਾਲ ਹੋ ਰਹੇ ਰੇਪ ਦੇ ਕੇਸ ਅਤੇ ਸਰਕਾਰੀ ਦਫ਼ਤਰਾਂ ਵਿੱਚ ਰਿਸ਼ਵਤਖੋਰੀ ਆਦਿ ਐਸੇ ਮੁੱਦੇ ਹਨ ਜਿਹਨਾਂ ਲਈ ਕੇਵਲ ਤੇ ਕੇਵਲ ਐਨ ਡੀ ਏ ਸਰਕਾਰ ਜੁੰਮੇਵਾਰ ਹੈ।ਐਨ ਡੀ ਏ ਦੀ ਦੂਜੀ ਵੱਡੀ ਧਿਰ ਭਾਜਪਾ 6 ਸਾਲ ਤੋਂ ਕੇਂਦਰ ਅਤੇ ਦੇਸ਼ ਦੇ ਕਈ ਰਾਜਾਂ ਵਿਚ ਕਾਬਜ਼ ਹੈ। ਇਸ ਸਮੇਂ ਦੌਰਾਨ ਉਸ ਨੇ ਕੋਈ ਵੀ ਅਜਿਹਾ ਕੰਮ ਨਹੀਂ ਕੀਤਾ ਜਿਸ ਨੂੰ ਆਧਾਰ ਬਣਾ ਕੇ ਵੋਟਰਾਂ ਦੇ ਸਨਮੁਖ ਹੋਇਆ ਜਾ ਸਕੇ। ਉਸ ਨੇ ਆਪਣੀ ਨੀਤੀ ਅਨੁਸਾਰ ਅਮਿਤ ਸ਼ਾਹ ਤੋਂ ਬਾਅਦ ਜੇ ਪੀ ਨੱਢਾ ਅਤੇ ਅਦਿੱਤਿਆ ਨਾਥ ਜੋਗੀ ਆਦਿ ਵਰਗੇ ਪਾਰਟੀ ਦੇ ਸਟਾਰ ਪ੍ਰਚਾਰਕਾਂ ਨੂੰ ਭੇਜਿਆ ਤਾਂ ਕਿ ਹਿੰਦੂ ਮੁਸਲਮਾਨ ਅਤੇ ਪਾਕਿਸਤਾਨ ਦੇ ਮੁੱਦੇ ਉੱਤੇ ਵੋਟਰਾਂ ਦੀ ਗੋਲਬੰਦੀ ਕੀਤੀ ਜਾ ਸਕੇ। ਬਿਹਾਰੀਆਂ ਨੇ ਉਹਨਾਂ ਦੇ ਭਾਸ਼ਣਾਂ ਨੂੰ ਇੱਕ ਕੰਨ ਵਿੱਚ ਪਾ ਕੇ ਦੂਜੇ ਕੰਨ ਕੱਢ ਦਿੱਤਾ ਹੈ। ਪਹਿਲੀ ਵਾਰ ਬਿਹਾਰ ਦੀਆਂ ਚੋਣਾਂ ਮੁੱਦਾ ਅਧਾਰਿਤ ਹੋ ਰਹੀਆਂ ਹਨ ਜੋ ਭਾਜਪਾ ਲਈ ਨਾ ਖੁਸ਼ਗਵਾਰ ਹਨ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਪਹਿਲੀ ਰੈਲੀ ਵਿੱਚ ਕਿਹਾ ਕਿ ਕੋਵਿਡ-19 ਵਿਰੋਧੀ ਟੀਕਾ ਬਿਹਾਰੀਆਂ ਨੂੰ ਮੁਫ਼ਤ ਲਗਾਇਆ ਜਵੇਗਾ।ਇਸ ਤੋਂ ਇਲਾਵਾ ਧਾਰਾ 370 ਅਤੇ ਖੇਤੀਬਾੜੀ ਕਨੂੰਨਾਂ ਨੂੰ ਵਾਪਸ ਨਾ ਲੈਣ ਦੇ ਨਾਂਅ ਤੇ ਵੋਟਾਂ ਦੀ ਮੰਗ ਕੀਤੀ ਹੈ। ਮੋਦੀ ਦੇ ਇਸ ਐਲਾਨ ਨਾਲ ਮਹਾਂ ਗਠਜੋੜ ਵਲੋੰ ਸੈੱਟ ਕੀਤੇ ਮੁੱਦੇ ਦੀ ਚਮਕ ਫਿੱਕੀ ਨਹੀਂ ਪਈ। ਨੌ ਜਵਾਨ ਪੁੱਛ ਰਹੇ ਹਨ ਕਿ ਇਹਨਾਂ ਗੱਲਾਂ ਦਾ ਬਿਹਾਰ ਦੀਆਂ ਚੋਣਾਂ ਨਾਲ ਕੀ ਸਬੰਧ ? ਹੁਣ ਤੱਕ ਦੀ ਜਾਣਕਾਰੀ ਅਨੁਸਾਰ ਤੇਜਸਵੀ ਯਾਦਵ ਦੀਆਂ ਰੈਲੀਆਂ ਵਿਚ ਮੋਦੀ ਤੋਂ  ਜਿਆਦਾ ਭੀੜ ਜੁੜ ਰਹੀ ਹੈ।

ਬਿਹਾਰ ਤੋਂ ਆ ਰਹੀਆਂ ਰੀਪੋਰਟਾਂ ਅਨੁਸਾਰ ਬਿਹਾਰ ਵਿਚ ਐਨਡੀਏ ਖਿਲਾਫ ਅੰਡਰ ਕਰੰਟ ਵਾਲੀ ਸਥਿਤੀ ਬਣੀ ਹੋਈ ਹੈ। ਚੋਣਾਂ ਸ਼ੁਰੂ ਹੋਣ ਤੋਂ ਦੋ ਤਿੰਨ ਦਿਨ ਪਹਿਲਾਂ ਬਿਹਾਰ ਅੰਦਰ ਇੱਕ ਤਰਾਂ ਦੀ ਪੋਸਟਰ ਵਾਰ ਸ਼ੁਰੂ ਹੋ ਗਈ ਹੈ। ਐਨਡੀਏ ਅੰਦਰ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ। ਨਤੀਸ਼ ਕੁਮਾਰ ਖਿਲਾਫ ਹਰ ਵਰਗ ਦੀ ਨਰਾਜਗੀ ਕਾਰਨ ਭਾਵੇਂ ਭਾਜਪਾ ਨੇ ਉਸ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਪਰ  ਬਹੁਤ ਦੇਰ ਹੋ ਚੁੱਕੀ ਹੈ। ਭਾਜਪਾ ਵਲੋੰ ਅਖਬਾਰਾਂ ਅਤੇ ਦੀਵਾਰਾਂ ਤੇ ਜਿੰਨੇ ਪੋਸਟਰ ਲਗਵਾਏ ਜਾ ਰਹੇ ਹਨ ਉਹਨਾਂ ਵਿਚੋਂ ਨਤੀਸ਼ ਕੁਮਾਰ ਦੀ ਫੋਟੋ ਹਟਾ ਦਿੱਤੀ ਗਈ ਹੈ। ਇਹਨਾਂ ਵੱਡੇ ਪੋਸਟਰਾਂ ਵਿੱਚ ਕੇਵਲ ਨਰਿੰਦਰ ਮੋਦੀ ਦੀ ਹੀ ਤਸਵੀਰ ਦਿਖਾਈ ਦਿੰਦੀ ਹੈ। ਜਿਸ ਚਿਰਾਗ ਪਾਸਵਾਨ ਨੂੰ ਭਾਜਪਾ ਨੇ ਇਹ ਸੋਚ ਕੇ ਨਤੀਸ਼ ਖ਼ਿਲਾਫ਼ ਮੋਰਚਾ ਖੋਹਲਣ ਦੀ ਖੁੱਲ੍ਹੀ ਛੁੱਟੀ ਦਿਤੀ ਸੀ ਕਿ ਉਹ ਭਾਜਪਾ ਦੇ ਘਰ ਦੀਵਾ ਜਗਾਏਗਾ ਉਹੀ ਚਿਰਾਗ ਪਾਸਵਾਨ ਐਨਡੀਏ ਲਈ ਨੁਕਸਾਨ ਦੇਹ ਸਾਬਤ ਹੋ ਰਿਹਾ ਹੈ।ਮਹਾਂ ਗਠਜੋੜ ਵਿੱਚ ਜੇ ਕੋਈ ਕੰਮਜੋਰ ਕੜੀ ਹੈ ਤਾਂ ਉਹ ਹੈ ਕਾਂਗਰਸ। ਕਾਂਗਰਸ ਲਈ ਫਾਇਦੇਮੰਦ ਗੱਲ ਇਹ ਹੈ ਕਿ ਉਸ ਦੇ ਉਮੀਦਵਾਰਾਂ ਦੀ ਸਿੱਧੀ ਟੱਕਰ ਜੇਡੀਯੂ ਦੇ ਉਮੀਦਵਾਰਾਂ ਨਾਲ ਹੈ ਜਿਹਨਾਂ ਦੇ ਖਿਲਾਫ ਲੋਭਪਾ ਨੇ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਹੋਏ ਹਨ। 12 ਕਰੋੜ ਆਬਾਦੀ ਵਾਲੇ ਬਿਹਾਰ ਦੇ ਚੋਣ ਨਤੀਜੇ ਦੇਸ਼ ਦੇ ਭਵਿੱਖ ਦੀ ਦਸ਼ਾ ਤੇ ਦਿਸ਼ਾ ਤਹਿ ਕਰਨਗੇ।

ਹਰਜਿੰਦਰ ਸਿੰਘ ਗੁਲਪੁਰ – 0061411218801

Install Punjabi Akhbar App

Install
×