ਨਿਊ ਸਾਊਥ ਵੇਲਜ਼ ਦੇ ਨੈਸ਼ਨਲ ਪਾਰਕ ਅੰਦਰ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਨਿਵੇਸ਼

Willoughbys Beach campground, Murray Valley National Park

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਰਾਜ ਸਰਕਾਰ ਨੇ ਰਾਜ ਦੇ ਨੈਸ਼ਨਲ ਪਾਰਕਾਂ ਦੇ ਢਾਂਚੇ ਨੂੰ ਦਰੁਸਤ ਕਰਨ ਵਾਸਤੇ 257 ਮਿਲੀਅਨ ਡਾਲਰ ਦਾ ਨਿਵੇਸ਼ ਕਰਨਾ ਮਿਥਿਆ ਹੈ ਅਤੇ ਇਸ ਦੇ ਤਹਿਤ 170 ਨਵੇਂ ਅਤੇ ਆਧੁਨਿਕ ਢਾਚਿਆਂ ਨੂੰ ਖੜ੍ਹਾ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਰਾਜ ਦੇ ਇਤਿਹਾਸ ਵਿੱਚ ਇਹ ਨਿਵੇਸ਼ ਸਭ ਤੋਂ ਵੱਧ ਰਕਮ ਦਾ ਹੈ ਅਤੇ ਇਸ ਰਾਹੀਂ 750 ਕਿ.ਮੀਟਰ ਤੋਂ ਵੀ ਵੱਧ ਦੇ ਪੈਦਲ ਚੱਲਣ ਵਾਲੇ ਰਾਹਾਂ, 33 ਕੈਂਪਗਰਾਊਂਡਾਂ ਅਤੇ 61 ਨਵੇਂ ਅਤੇ ਵਧੀਆ ਪਿਕਨਿਕ ਖੇਤਰ ਬਣਾਏ ਜਾਣਗੇ ਅਤੇ ਇਹ ਨਿਵੇਸ਼ ਇੱਕ ਰਿਕਾਰਡ ਨਿਵੇਸ਼ ਹੋਣ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰਾਜਾਂ ਦੀ ਧਰੋਹਰ ਇਹ ਨੈਸ਼ਨਲ ਪਾਰਕ ਜਿੱਥੇ ਰਾਜਾਂ ਦੇ ਵਾਤਾਵਰਣ ਨੂੰ ਵਧੀਆ ਅਤੇ ਸੁਰੱਖਿਅਤ ਬਣਾ ਕੇ ਲੋਕਾਂ ਨੂੰ ਸਿਹਤ ਮੰਦ ਰਹਿਣ ਵਿੱਚ ਮਦਦ ਕਰਦੇ ਹਨ ਉਥੇ ਹੀ ਰਾਜਾਂ ਦੀ ਅਰਥ-ਵਿਵਸਥਾ ਨੂੰ ਸੁਧਾਰਨ ਲਈ ਵੀ ਆਪਣਾ ਸੰਪੂਰਨ ਯੋਗਦਾਨ ਪਾਉਂਦੇ ਹਨ। ਇਸ ਨਾਲ ਰਾਜਾਂ ਦੀ ਅਰਥ ਵਿਵਸਥਾ ਵਿੱਚ ਹਰ ਸਾਲ 18 ਬਿਲੀਅਨ ਡਾਲਰਾਂ ਦੀ ਆਮਦਨ ਹੁੰਦੀ ਹੈ ਅਤੇ ਇਸ ਨਾਲ ਸਿੱਧੇ ਅਤੇ ਅਸਿੱਧੇ ਤੌਰ ਤੇ 74,000 ਤੋਂ ਵੀ ਵੱਧ ਲੋਕਾਂ ਨੂੰ ਰੋਜ਼ਗਾਰ ਮਿਲਦਾ ਰਹਿੰਦਾ ਹੈ। ਵਾਤਾਵਰਣ ਮੰਤਰੀ ਮੈਟ ਕੀਨ ਨੇ ਵੀ ਇਸ ਜਾਣਕਾਰੀ ਵਿੱਚ ਇਜ਼ਾਫ਼ਾ ਕਰਦਿਆਂ ਦੱਸਿਆ ਕਿ ਉਕਤ ਰਕਮ ਰਾਜ ਸਰਕਾਰ ਵੱਲੋਂ ਅਗਲੇ ਤਿੰਨ ਸਾਲਾਂ ਵਿੱਚ ਨਿਵੇਸ਼ ਕੀਤੀ ਜਾਣੀ ਹੈ ਅਤੇ ਇਹ ਪ੍ਰਾਜੈਕਟ ਜਨਤਕ ਤੌਰ ਤੇ ਬਹੁਤ ਹੀ ਲਾਹੇਵੰਦ ਸਿੱਧ ਹੋਵੇਗਾ। ਉਨ੍ਹਾਂ ਹੋਰ ਕਿਹਾ ਕਿ ਰਾਜ ਦੇ 900 ਨੈਸ਼ਨਲ ਪਾਰਕਾਂ ਵਿੱਚ ਇਸ ਸਾਲ ਦੀਆਂ ਗਰਮੀਆਂ ਦੌਰਾਨ ਹੀ 18.5 ਮਿਲੀਅਨ ਲੋਕਾਂ ਦੇ ਆਉਣ ਦਾ ਅਨੁਮਾਨ ਹੈ ਅਤੇ ਹਰ ਆਉਣ ਵਾਲੇ ਯਾਤਰੀ ਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਹਨ ਕਿ ਉਹ ਸਬੰਧਤ ਵੈਬਸਾਈਟਾਂ ਉਪਰੋਂ ਪੂਰਨ ਜਾਣਕਾਰੀ ਲੈ ਲੈਣ ਅਤੇ ਇਸ ਜਾਣਕਾਰੀ ਦੀ ਤਹਿਤ ਉਹ ਨੈਸ਼ਨਲ ਪਾਰਕਾਂ ਵਿੱਚ ਸੈਰ-ਸਪਾਟੇ ਦੌਰਾਨ, ਆਪਣੇ ਆਪ ਦੇ ਨਾਲ ਨਾਲ ਆਪਣੇ ਪਰਵਾਰ ਜਾਂ ਹੋਰ ਦੋਸਤਾਂ ਮਿੱਤਰਾਂ ਨੂੰ ਵੀ ਸੁਰੱਖਿਅਤ ਰੱਖ ਸਕਦੇ ਹਨ। ਅਜਿਹੀਆਂ ਥਾਵਾਂ ਉਪਰ ਘੁੰਮਣ ਫਿਰਨ ਦਾ ਪੂਰਨ ਆਨੰਦ ਉਠਾਉਣ ਵਾਸਤੇ NPWS Alerts ਉਪਰ ਵਿਜ਼ਿਟ ਕਰਕੇ ਜਾਣਕਾਰੀ ਲਈ ਜਾ ਸਕਦੀ ਹੈ।

Welcome to Punjabi Akhbar

Install Punjabi Akhbar
×