ਸਮੁੱਚੇ ਦੇਸ਼ ਵਾਸਤੇ ਇਸ ਵਾਰੀ ਵੱਡੇ ਚੱਕਰਵਾਤਾਂ ਦਾ ਸੀਜ਼ਨ -ਲੋਕਾਂ ਨੂੰ ਪਹਿਲਾਂ ਤੋਂ ਹੀ ਤਿਆਰ ਰਹਿਣ ਦੀਆਂ ਸਲਾਹਾਂ

ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰਦਿਆਂ ਦੱਸਿਆ ਹੈ ਕਿ ਇਸ ਸਾਲ ਦੀਆਂ ਗਰਮੀਆਂ ਦੌਰਾਨ ਪੂਰਬੀ ਅਤੇ ਉਤਰੀ ਆਸਟ੍ਰੇਲੀਆ ਨੂੰ ਹੋਰ ਜ਼ਿਆਦਾ ਸਮੁੰਦਰੀ ਚੱਕਰਵਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਆਂਕੜਿਆਂ ਦੇ ਅਗੇਤੇ ਅਨੁਮਾਨ ਦਰਸਾਉਂਦੇ ਹਨ ਕਿ ਇਸ ਵਾਰੀ ਜ਼ਿਆਦਾ ਤੂਫ਼ਾਨੀ ਮੌਸਮ ਰਹਿਣ ਵਾਲਾ ਹੈ। ਅਕਤੂਬਰ ਤੋਂ ਅਪ੍ਰੈਲ ਤੱਕ ਦਾ ਮੌਸਮ ਹੀ ਅਜਿਹਾ ਹੁੰਦਾ ਹੈ ਕਿ ਗਰਮੀਆਂ ਵਿੱਚ ਜਿੱਥੇ ਕਿ ਗਰਮ ਹਵਾਵਾਂ ਚਲਦੀਆਂ ਹਨ ਉਥੇ ਹੀ ਭਾਰੀ ਤੂਫ਼ਾਨ, ਹੜ੍ਹ ਆਦਿ ਆਉਣ ਦੀਆਂ ਪੂਰੀਆਂ ਸੰਭਾਵਨਾਵਾਂ ਬਰਕਰਾਰ ਰਹਿੰਦੀਆਂ ਹਨ।
ਉਤਰੀ ਰਾਜਾਂ ਵਿੱਚ ਬੁਸ਼ਫਾਇਰ ਦੀਆਂ ਵੀ ਸੰਭਾਵਨਾਵਾਂ ਹਨ ਅਤੇ ਦੱਖਣੀ ਖੇਤਰਾਂ ਵਿੱਚ ਗਰਮ ਹਵਾਵਾਂ ਦੇ ਨਾਲ ਨਾਲ ਹਵਾ ਵਿੱਚ ਨਮੀ ਦੀ ਵੱਧ ਮਾਤਰਾ ਅਤੇ ਗ੍ਰਾਸ ਫਾਇਰ ਦੀਆਂ ਸ਼ੰਕਾਵਾਂ ਜਤਾਈਆਂ ਜਾ ਰਹੀਆਂ ਹਨ।
ਵਿਭਾਗ ਦੇ ਅਨੁਮਾਨਾਂ ਮੁਤਾਬਿਕ ਇਸ ਵਾਰੀ 70% ਤੋਂ ਵੀ ਜ਼ਿਆਦਾ ਅਜਿਹੇ ਅਨੁਮਾਨ ਹਨ ਕਿ ਇਸ ਵਾਰੀ ਘੱਟੋ ਘੱਟ 11 ਸਮੁੰਦਰੀ ਚੱਕਰਵਾਤਾਂ ਦਾ ਸਾਹਮਣਾ ਦੇਸ਼ ਨੂੰ ਕਰਨਾ ਪੈ ਸਕਦਾ ਹੈ ਅਤੇ ਇਸ ਵਾਸਤੇ ਲੋਕਾਂ ਨੂੰ ਪਹਿਲਾਂ ਤੋਂ ਹੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਅਤੇ ਜ਼ਰੂਰੀ ਸਮਾਨ ਆਦਿ ਤਿਆਰ ਰੱਖਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਆਪਾਤਕਾਲੀਨ ਸਥਿਤੀ ਵਿੱਚ ਆਪਣਾ ਬਚਾਅ ਕੀਤਾ ਜਾ ਸਕੇ।