ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਔਰਤਾਂ ਨੂੰ ਧੱਕਿਆ ਜਾ ਰਿਹੈ ਹਾਸ਼ੀਏ ਤੇ -ਬੀਬੀ ਗੁਲਸ਼ਨ

ਬਠਿੰਡਾ -ਬਾਦਲ ਪਰਿਵਾਰ ਦੀ ਅਗਵਾਈ ਵਾਲੇ ਸ੍ਰੋਮਣੀ ਅਕਾਲੀ ਦਲ ਦੀ ਸਿਆਸਤ ਵਿੱਰ ਔਰਤਾਂ ਲਈ ਕੋਈ ਥਾਂ ਨਹੀਂ ਹੈ, ਇਸ ਪਾਰਟੀ ਵੱਲੋਂ ਮਹਿਲਾਵਾਂ ਨੂੰ ਹਾਸ਼ੀਏ ਤੇ ਧੱਕਿਆ ਜਾ ਰਿਹਾ ਹੈ। ਇਹ ਦੋਸ਼ ਲਾਉਂਦਿਆਂ ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਇਸਤਰੀ ਵਿੰਗ ਦੀ ਸ੍ਰਪਰਸਤ ਤੇ ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਕਿਹਾ ਕਿ ਇਸ ਤੱਥ ਦਾ ਪਰਤੱਖ ਸਬੂਤ ਬਾਦਲ ਦਲ ਵੱਲੋਂ ਜਾਰੀ ਕੀਤੀ ਵਿਧਾਨ ਸਭਾ ਲਈ 64 ਉਮੀਦਵਾਰਾਂ ਦੀ ਸੂਚੀ ਤੋਂ ਮਿਲਦਾ ਹੈ।
ਉਹਨਾਂ ਕਿਹਾ ਕਿ ਬੀਤੇ ਦਿਨ ਅਕਾਲੀ ਦਲ ਬਾਦਲ ਵੱਲੋਂ 64 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਕੇਵਲ ਸੁਤਰਾਣਾ ਵਿਧਾਨ ਸਭਾ ਤੋਂ ਹੀ ਔਰਤ ਨੂੰ ਉਮੀਦਵਾਰ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਇਸ ਦਲ ਦੇ ਪ੍ਰਧਾਨ ਸ੍ਰ: ਸੁਖਬੀਰ ਸਿੰਘ ਬਾਦਲ ਤੇ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵੱਲੋਂ ਹਰ ਸਮੇਂ ਰੈਲੀਆਂ ਦੀਆਂ ਸਟੇਜਾਂ ਤੋਂ ਔਰਤਾਂ ਨੂੰ ਵੱਧ ਅਧਿਕਾਰ ਦੇਣ, ਰਾਖਵੇਂਕਰਨ ਆਦਿ ਦੇ ਵੱਡੇ ਵੱਡੇ ਬਿਆਨ ਦਿੱਤੇ ਜਾਂਦੇ ਹਨ। ਅੱਜ ਦੇਸ਼ ਵਿੱਚ ਔਰਤਾਂ ਲਈ 33 ਫੀਸਦੀ ਰਾਖਵਾਂਕਰਨ ਕੀਤਾ ਜਾ ਰਿਹਾ ਹੈ, ਪਰ ਸੁਖਬੀਰ ਬਾਦਲ ਵੱਲੋਂ ਜਾਰੀ ਸੂਚੀ ਵਿੱਚ ਔਰਤਾਂ ਦੀ ਹਿੱਸੇਦਾਰੀ ਕਰੀਬ ਡੇਢ ਫੀਸਦੀ ਹੀ ਬਣਦੀ ਹੈ।
ਸਾਬਕਾ ਲੋਕ ਸਭਾ ਮੈਂਬਰ ਨੇ ਕਿਹਾ ਕਿ ਅੱਜ ਔਰਤਾਂ ਹਰ ਖੇਤਰ ਵਿੱਚ ਸਫ਼ਲ ਭੂਮਿਕਾ ਨਿਭਾ ਰਹੀਆਂ ਹਨ, ਪਰ ਅਕਾਲੀ ਦਲ ਬਾਦਲ ਔਰਤਾਂ ਨੂੰ ਰੈਲੀਆਂ ਵਿੱਚ ਇਕੱਠ ਕਰਨ ਜਾਂ ਵੋਟਾਂ ਹਾਸਲ ਕਰਨ ਤੱਕ ਹੀ ਵਰਤਦਾ ਹੈ। ਇਸ ਦਲ ਵਿੱਚ ਔਰਤਾਂ ਨੂੰ ਕੇਵਲ ਅੱਖੋਂ ਪਰੋਖੇ ਹੀ ਨਹੀਂ ਕੀਤਾ ਜਾ ਰਿਹਾ, ਬਲਕਿ ਜਾਣਬੁੱਝ ਕੇ ਹਾਸ਼ੀਏ ਤੇ ਧੱਕਿਆ ਜਾ ਰਿਹਾ ਹੈ। ਉਹਨਾਂ ਪੰਜਾਬ ਵਾਸੀਆਂ ਖਾਸ ਕਰਕੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਬਾਦਲ ਦੀ ਔਰਤ ਵਿਰੋਧੀ ਸੋਚ ਨੂੰ ਸਮਝਣ ਅਤੇ ਸਿਆਸਤ ਵਿੱਚ ਪੈਦਾ ਕੀਤੇ ਜਾ ਰਹੇ ਇਸ ਰੁਝਾਨ ਦਾ ਡਟਵਾਂ ਵਿਰੋਧ ਕਰਨ।

Install Punjabi Akhbar App

Install
×