ਸਿੱਖ ਵਿਰਾਸਤੀ ਇਤਿਹਾਸ ਦਾ ਖੋਜੀ ਵਿਦਵਾਨ: ਭੁਪਿੰਦਰ ਸਿੰਘ ਹਾਲੈਂਡ

ਸਮਾਜ ਵਿੱਚ ਹਰ ਪੰਜਾਬੀ ਆਪੋ ਆਪਣਾ ਯੋਗਦਾਨ ਸਿੱਖ/ਪੰਜਾਬੀ ਵਿਰਾਸਤ ਨੂੰ ਬਰਕਰਾਰ ਰੱਖਣ ਅਤੇ ਇਸ ਉਪਰ ਪਹਿਰਾ ਦੇਣ ਦਾ ਪਾ ਰਿਹਾ ਹੈ। ਪੰਜਾਬ ਦੀ ਵਿਰਾਸਤ ਅਤਿਅੰਤ ਅਮੀਰ ਹੈ। ਦੇਸ਼ ਵਿਦੇਸ਼ ਵਿੱਚ ਪੰਜਾਬੀਆਂ ਨੇ ਆਪਣੀ ਬਹਾਦਰੀ, ਵਿਦਵਤਾ, ਉਦਮੀਅਤਾ ਅਤੇ ਮਿਹਨਤੀ ਰੁਚੀ ਦਾ ਡੰਕਾ ਵਜਾਇਆ ਹੋਇਆ ਹੈ। ਸਿੱਖ /ਪੰਜਾਬੀ ਭਾਵੇਂ ਸੰਸਾਰ ਦੇ ਕਿਸੇ ਵੀ ਹਿੱਸੇ ਵਿੱਚ ਵਸਿਆ ਹੋਇਆ ਹੋਵੇ ਪਰੰਤੂ ਉਥੇ ਹੀ ਉਹ ਆਪਣੀ ਮਿਹਨਤ ਅਤੇ ਖੋਜੀ ਪ੍ਰਵਿਰਤੀ ਨਾਲ ਆਪਣਾ ਵਿਲੱਖਣ ਸਥਾਨ ਬਣਾ ਲੈਂਦਾ ਹੈ। ਅਜਿਹੇ ਹੀ ਵਿਲੱਖਣ  ਵਿਅਕਤੀਆਂ ਵਿੱਚ ਭੁਪਿੰਦਰ ਸਿੰਘ ਹਾਲੈਂਡ ਦਾ ਨਾਮ ਵਰਣਨਯੋਗ ਹੈ। ਭੁਪਿੰਦਰ ਸਿੰਘ ਖੋਜੀ ਕਿਸਮ ਦਾ ਵਿਦਵਾਨ ਇਤਿਹਾਸਕਾਰ ਹੈ। ਉਨ੍ਹਾਂ ਦੀ ਖੋਜ ਦਾ ਖੇਤਰ ਸਿੱਖ/ਪੰਜਾਬੀ ਵਿਰਾਸਤ ਹੈ। ਯੂਰਪ ਵਿੱਚ ਉਨ੍ਹਾਂ ਨੇ ਸਿੱਖ/ਪੰਜਾਬੀ ਵਿਰਾਸਤ ਦਾ ਪਹਿਰੇਦਾਰ ਬਣਕੇ ਪ੍ਰਵਾਸ ਵਿੱਚ ਸਿੱਖਾਂ/ਪੰਜਾਬੀਆਂ ਦੀ ਬਹਾਦਰੀ ਦੀਆਂ ਗਾਥਾਵਾਂ ਨੂੰ ਪੁਸਤਕਾਂ ਦੇ ਵਿੱਚ ਪ੍ਰਕਾਸ਼ਤ ਕਰਕੇ ਇਤਿਹਾਸ ਦਾ ਹਿੱਸਾ ਬਣਾਇਆ ਹੈ। ਪ੍ਰਵਾਸ ਵਿੱਚ ਸਿੱਖਾਂ/ਪੰਜਾਬੀਆਂ ਦੀ ਬਹਾਦਰੀ ਦੇ ਗੌਰਵ ਨੂੰ ਅਣਡਿਠ ਕੀਤਾ ਗਿਆ ਸੀ। ਉਹ ਇਸ ਸਮੇਂ ਹਾਲੈਂਡ ਵਿੱਚ ਰਹਿੰਦਾ ਹੈ ਪਰੰਤੂ ਪੰਜਾਬ ਦੀ ਮਿੱਟੀ ਦੀ ਮਹਿਕ ਨਾਲ ਬਾਖ਼ੂਬੀ ਜੁੜਿਆ ਹੋਇਆ ਹੈ। ਏਥੇ ਹੀ ਬਸ ਨਹੀਂ ਸਗੋਂ ਉਹ ਪੰਜਾਬ ਦੀ ਪਵਿਤਰ ਧਰਤੀ ਦਾ ਵਰੋਸਾਇਆ ਹੋਣ ਕਰਕੇ ਇਸ ਦੀ ਖ਼ੁਸ਼ਬੋ ਸੰਸਾਰ ਵਿੱਚ ਆਪਣੀ ਲਿਆਕਤ ਨਾਲ ਫੈਲਾ ਰਿਹਾ ਹੈ। ਉਹ 1973 ਵਿੱਚ ਨੀਦਰਲੈਂਡ ਚਲੇ ਗਏ ਸਨ, ਜਿਥੇ ਉਹ ਕਮਪਿਊਟਰ ਦੀ ਅੰਤਰਾਸ਼ਟਰੀ ਕੰਪਨੀ ਆਈ.ਬੀ.ਐਮ.ਵਿੱਚ 30 ਸਾਲ ਕੰਮ ਕਰਦੇ ਰਹੇ ਹਨ, ਜਿਥੋਂ ਉਹ ਅਕਾਊਂਟਿੰਗ ਅਨੈਲਿਸਟ ਸੇਵਾ ਮੁਕਤ ਹੋਏ ਹਨ। ਉਨ੍ਹਾਂ ਨੂੰ ਭੁਪਿੰਦਰ ਸਿੰਘ ਹਾਲੈਂਡ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ।

(ਭੁਪਿੰਦਰ ਸਿੰਘ ਹਾਲੈਂਡ )

ਪੰਜਾਬ ਉਤੇ ਅੰਗਰੇਜ਼ਾਂ ਦੇ ਰਾਜ ਹੋਣ ਤੋਂ ਬਾਅਦ ਬਹੁਤ ਸਾਰੇ ਸਿੱਖ ਆਰਥਿਕ ਮਜ਼ਬੂਰੀਆਂ ਕਰਕੇ ਫ਼ੌਜ ਵਿੱਚ ਭਰਤੀ ਹੋ ਗਏ। ਸਿੱਖਾਂ ਨੂੰ ਬਹਾਦਰ ਕੌਮ ਸਮਝਿਆ ਜਾਂਦਾ ਹੈ। ਇਸ ਲਈ ਅੰਗਰੇਜ਼ ਸਰਕਾਰ ਨੇ ਵਧੇਰੇ ਗਿਣਤੀ ਵਿੱਚ ਸਿੱਖਾਂ ਨੂੰ ਫ਼ੌਜ ਵਿੱਚ ਭਰਤੀ ਕਰ ਲਿਆ। ਅੰਗਰੇਜ਼ ਉਸ ਸਮੇਂ ਸੰਸਾਰ ਦੇ ਬਹੁਤੇ ਦੇਸ਼ਾਂ ਵਿੱਚ ਰਾਜ ਕਰ ਰਹੇ ਸਨ। ਆਪਣੀ ਰਾਜ ਸੱਤਾ ਨੂੰ ਬਰਕਰਾਰ ਰੱਖਣ ਲਈ ਉਨ੍ਹਾਂ ਸਿੱਖਾਂ ਦੀ ਬਹਾਦਰੀ ਨੂੰ ਵਰਤਣ ਦੀ ਸਕੀਮ ਤਹਿਤ ਪਹਿਲੀ ਅਤੇ ਦੂਜੀ ਸੰਸਾਰ ਵਿੱਚ ਉਤਾਰ ਦਿੱਤਾ। ਜਦੋਂ ਪਹਿਲੀ ਅਤੇ ਦੂਜੀ ਸੰਸਰ ਜੰਗ ਲੱਗੀ ਤਾਂ ਸਿੱਖ ਫ਼ੌਜੀਆਂ ਦੀ ਬਹਾਦਰੀ ਦਾ ਅੰਗਰੇਜ਼ਾਂ ਨੇ ਪੂਰਾ ਲਾਭ ਉਠਾਇਆ। ਦੋਹਾਂ ਜੰਗਾਂ ਵਿੱਚ ਸਿੱਖ ਫ਼ੌਜੀ ਦਲੇਰੀ ਅਤੇ ਬਹਾਦਰੀ ਨਾਲ ਲੜੇ, ਜਿਸ ਤੋਂ ਅੰਗਰੇਜ਼ ਸਰਕਾਰ ਪ੍ਰਭਾਵਤ ਹੋਈ। ਅੰਗਰੇਜ਼ ਸਰਕਾਰ ਨੇ ਸਿੱਖ ਫ਼ੌਜੀਆਂ ਨੂੰ ਸਰਵੋਤਮ ਮਾਨ ਸਨਮਾਨ ਵੀ ਦਿੱਤੇ। ਇਨ੍ਹਾਂ ਦੋਹਾਂ ਜੰਗਾਂ ਦੌਰਾਨ ਵੱਡੀ ਗਿਣਤੀ ਵਿੱਚ ਸਿੱਖ ਫ਼ੌਜੀ ਸ਼ਹੀਦ ਵੀ ਹੋ ਗਏ। ਭੁਪਿੰਦਰ ਸਿੰਘ ਨੇ ਮਹਿਸੂਸ ਕੀਤਾ ਕਿ ਸਿੱਖਾਂ ਨੇ ਭਾਰਤ ਵਿੱਚ ਤਾਂ ਕੁਰਬਾਨੀਆਂ ਕਰਕੇ ਆਪਣੇ ਹੱਕ ਪ੍ਰਾਪਤ ਕੀਤੇ ਹਨ ਪਰੰਤੂ ਪਰਵਾਸ ਵਿੱਚ ਵੀ ਸਿੱਖਾਂ ਨੇ ਅਗਰੇਜ਼ ਸਰਕਾਰ ਵੱਲੋਂ ਸੰਸਾਰ ਜੰਗ ਵਿੱਚ ਲੜਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ। ਉਨ੍ਹਾਂ ਦੀਆਂ ਕੁਰਬਾਨੀਆਂ ਦਾ ਭਾਵੇਂ ਉਸ ਸਮੇਂ ਅੰਗਰੇਜ਼ਾਂ ਨੇ ਮੁੱਲ ਪਾਏ ਪਰੰਤੂ ਇਤਿਹਾਸ ਵਿੱਚ ਸਿੱਖਾਂ ਦੇ ਯੋਗਦਾਨ ਬਾਰੇ ਕਿਸੇ ਇਤਿਹਾਸਕਾਰ ਨੇ ਸਹੀ ਸਥਾਨ ਨਹੀਂ ਦਿੱਤਾ। ਇਸ ਕਰਕੇ ਭੁਪਿੰਦਰ ਸਿੰਘ ਨੇ 1996 ਵਿੱਚ ਇਸ ਖੇਤਰ ਵਿੱਚ ਖੋਜ ਕਾਰਜ ਕਰਨ ਦਾ ਬੀੜਾ ਚੁੱਕਿਆ। ਉਨ੍ਹਾਂ ਨੇ ਕਈ ਦੇਸ਼ਾਂ ਜਿਨ੍ਹਾਂ ਵਿੱਚ ਇਟਲੀ, ਜਰਮਨੀ, ਰੰਗੂਨ, ਬੈਲਜੀਅਮ ਅਤੇ ਸਿੰਗਾਪੁਰ ਸ਼ਾਮਲ ਹਨ, ਵਿੱਚ ਜਾ ਕੇ ਅਜਿਹੀ ਜਾਣਕਾਰੀ ਇਕੱਤਰ ਕੀਤੀ, ਜਿਸ ਬਾਰੇ ਪਹਿਲਾਂ ਕਿਸੇ ਨੂੰ ਪਤਾ ਹੀ ਨਹੀਂ ਸੀ। ਲਗਾਤਾਰ ਖੋਜ ਕਾਰਜ ਕਰਨ ਤੋਂ ਬਾਅਦ ਉਨ੍ਹਾਂ ਸੰਸਾਰ ਜੰਗ ਵਿੱਚ ਸਿੱਖਾਂ ਦੇ ਯੋਗਦਾਨ ਬਾਰੇ ਦੋ ਪੁਸਤਕਾਂ ਅੰਗਰੇਜ਼ੀ ਵਿੱਚ ‘ਪਹਿਲਾ ਸੰਸਾਰ ਯੁੱਧ (1914-18)’ ਅਤੇ ‘ਦੂਜਾ ਸੰਸਾਰ ਯੁੱਧ (1939-45)’ ਪ੍ਰਕਾਸ਼ਤ ਕਰਵਾਈਆਂ, ਜਿਨ੍ਹਾਂ ਨੂੰ ਸਿੱਖਾਂ ਦਾ ਮਿੰਨੀ ਪੁਰਾਤਤਵ ਕਿਹਾ ਜਾ ਸਕਦਾ ਹੈ। ਉਨ੍ਹਾਂ ਇਨ੍ਹਾਂ ਦੋਵੇਂ ਪੁਸਤਕਾਂ ਵਿੱਚ ਸਿੱਖ ਫ਼ੌਜੀਆਂ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਕਿਹੜੇ ਫ਼ੌਜੀ ਕਿਹੜੇ ਸਥਾਨ ‘ਤੇ ਕਿਹੋ ਜਹੇ ਹਾਲਾਤ ਵਿੱਚ ਲੜੇ ਅਤੇ ਉਨ੍ਹਾਂ ਨੇ ਕਿਥੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਇਨ੍ਹਾਂ ਪੁਸਤਕਾਂ ਲਈ ਜਾਣਕਾਰੀ ਇਕੱਤਰ ਕਰਨ ਲਈ ਭੁਪਿੰਦਰ ਸਿੰਘ ਨੇ ਬਹੁਤ ਸਾਰੇ ਦੇਸ਼ਾਂ ਦੇ ਦੌਰੇ ਕੀਤੇ ਅਤੇ ਉਨ੍ਹਾਂ ਦੀਆਂ ਸਰਕਾਰਾਂ ਤੋਂ ਸਿੱਖ ਫ਼ੌਜੀਆਂ ਦਾ ਪੂਰਾ ਰਿਕਾਰਡ ਲੈ ਕੇ ਤੱਥਾਂ ਸਮੇਤ ਪੁਸਤਕਾਂ ਵਿੱਚ ਸ਼ਾਮਲ ਕੀਤਾ। ਇਥੋਂ ਤੱਕ ਕਿ ਉਨ੍ਹਾਂ ਸਾਰੇ ਸ਼ਹੀਦ ਸਿੱਖ ਫ਼ੌਜੀਆਂ ਦੀਆਂ ਕਬਰਾਂ ‘ਤੇ ਲੱਗੀਆਂ ਯਾਦਗਾਰੀ ਪਲੇਟਾਂ ਦੀਆਂ ਤਸਵੀਰਾਂ ਪ੍ਰਕਾਸ਼ਤ ਕੀਤੀਆਂ ਹਨ। ਇਨ੍ਹਾਂ ਪੁਸਤਕਾਂ ਦੀ ਸਮਗਰੀ ਇਕੱਤਰ ਕਰਨ ਨੂੰ ਉਨ੍ਹਾਂ ਨੂੰ 10-12 ਸਾਲ ਲੱਗ ਗਏ। ਇਨ੍ਹਾਂ ਦੋ ਪੁਸਤਕਾਂ ਦੇ ਪ੍ਰਕਾਸ਼ਤ ਹੋਣ ਨਾਲ ਉਨ੍ਹਾਂ ਦੀ ਸਿੱਖ ਜਗਤ ਅਤੇ ਸੰਸਾਰ ਵਿੱਚ ਪ੍ਰਤਿਭਾ ਦੀ ਪ੍ਰਸੰਸਾ ਹੋਈ। ਉਨ੍ਹਾਂ ਦੀਆਂ ਇਹ ਪੁਸਤਕਾਂ ਇਤਿਹਾਸਕ, ਪੁਰਾਤਤਵੀ ਪੱਖੋਂ ਬੇਸ਼ਕੀਮਤੀ ਤੋਹਫ਼ੇ ਹਨ। ਉਨ੍ਹਾਂ ਦਾ ਤੀਜਾ ਮਹੱਤਵਪੂਰਨ ਕੰਮ ਨੀਦਰਲੈਂਡ ਵਿੱਚ ਵਸਦੇ ਸਿੱਖਾਂ ਬਾਰੇ ਖੋਜ ਭਰਪੂਰ ਜਾਣਕਾਰੀ ਹੈ, ਜਿਸ ਨੂੰ ‘ਸਿੱਖਾਂ ਦਾ ਪੁਰਾਤਤਵੀ ਅਜਾਇਬ ਘਰ ਆਫ ਹਾਲੈਂਡ’ ਕਿਹਾ ਜਾ ਸਕਦਾ ਹੈ। ਬੈਲਜੀਅਮ  ਵਿੱਚ ਉਨ੍ਹਾਂ ਨੂੰ ”ਅਮਬੈਸਡਰ ਆਫ ਪੀਸ ਫਾਰ ਹਿਸਟੌਰੀਕਲ ਸਿਟੀ ਆਫ ਲੀਪਰ” ਦਾ ਦਰਜਾ ਦਿੱਤਾ ਗਿਆ ਹੈ, ਜਿਥੇ ਸਿੱਖ ਜਵਾਨਾਂ ਨੇ ਦੋ ਸੰਸਾਰ ਜੰਗਾਂ ਵਿੱਚ ਹਿੱਸਾ ਲਿਆ ਸੀ। ਉਨ੍ਹਾਂ ਨੂੰ 31 ਅਕਤੂਬਰ 2019 ਨੂੰ ਉਥੋਂ ਦੀ ਮੇਅਰ ਸ਼੍ਰੀਮਤੀ ਐਮਲੀ ਟੇਪਲ ਅਤੇ ਸ਼੍ਰੀ.ਡਿਮਿਟੀ ਸੀਓਨਨ ਅਲਡਰਮੈਨ ਅਤੇ ਚੇਅਰਮੈਨ ‘ਇਨਫਲੈਂਡਰਜ ਫੀਲਡਜ਼ ਅਜਾਇਬ ਘਰ’ ਨੇ ਸਾਂਝੇ ਤੌਰ ‘ਤੇ ”ਲੈਟਰ ਆਫ ਐਪ੍ਰੀਸੀਏਸ਼ਨ ਐਂਡ ਏ ਗਿਫਟ’ ਸ਼ਹਿਰ ਦੇ ਟਾਊਨ ਹਾਲ ਵਿੱਚ ਇਕ ਸਮਾਗਮ ਵਿੱਚ ਪ੍ਰਦਾਨ ਕੀਤਾ। ਇਸ ਤੋਂ ਇਲਾਵਾ 8 ਨਵੰਬਰ 2017 ਨੂੰ ਨਵੀਂ ਦਿੱਲੀ ਵਿਖੇ ‘ਇੰਡੀਆ ਇਨ ਫਲੈਂਡਰਜ਼ ਫੀਲਡ’ ਨੁਮਾਇਸ਼ ਦੇ ਉਦਘਾਟਨ ਸਮੇਂ ਬੈਲਜੀਅਮ ਦੇ ਰਾਜਾ ਅਤੇ ਰਾਣੀ ਦੇ ਨਾਲ ਸ਼ਾਮਲ ਹੋਣ ਦਾ ਮੌਕਾ ਮਿਲਿਆ। ਭੁਪਿੰਦਰ ਸਿੰਘ ਵੱਲੋਂ ਸਿੱਖ ਧਰਮ ਦੀ ਕੀਤੀ ਸੇਵਾ ਬਦਲੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਨੇ 2008 ਅਤੇ 2018, ਚੀਫ਼ ਖਾਲਸਾ ਦੀਵਾਨ ਵੱਲੋਂ ਤਰਨਤਾਰਨ ਵਿਖੇ 2014 ਅਤੇ 2018 ਵਿੱਚ ਸਨਮਾਨਤ ਕੀਤਾ ਗਿਆ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 2018 ਵਿੱਚ ਸਨਮਾਨਤ ਕੀਤਾ। ਉਨ੍ਹਾਂ ਨੂੰ ‘ਖਾਲਸਾ ਕਾਰਜ ਹੈਰੀਟੇਜ ਅਵਾਰਡ’ ਦੇ ਕੇ ਸਨਮਾਨਤ ਵੀ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ 2008, 17 ਤੇ 18 ਵਿੱਚ ਖਾਲਸਾ ਕਾਲਜ ਵਿੱਚ ਸਨਮਾਨਤ ਕੀਤਾ ਗਿਆ ਸੀ। ਇਸੇ ਤਰ੍ਹਾਂ 2014 ਵਿੱਚ ਖਾਲਸਾ ਕਾਲਜ ਆਫ ਐਜੂਕੇਸ਼ਨ ਨੇ ਵੀ ਸਨਮਾਨਤ ਕੀਤਾ ਸੀ। ਭੁਪਿੰਦਰ ਸਿੰਘ ਹਾਲੈਂਡ ਦੀਆਂ ਪੁਸਤਕਾਂ ਪ੍ਰਕਾਸ਼ਤ ਹੋਣ ਤੋਂ ਬਾਅਦ ਯੂਰਪ ਵਿੱਚ ਸ਼ਹੀਦ ਹੋਏ ਫ਼ੌਜੀ ਪਰਿਵਾਰਾਂ ਦੇ ਵਾਰਸਾਂ ਨੂੰ ਇਨ੍ਹਾਂ ਯਾਦਗਾਰਾਂ ਬਾਰੇ ਜਾਣਕਾਰੀ ਮਿਲੀ ਹੈ, ਜਿਸ ਤੋਂ ਸਿੱਖ ਫ਼ੌਜੀਆਂ ਦੇ ਵਾਰਿਸ ਕਾਫੀ ਸੰਤੁਸ਼ਟ ਹਨ। ਜਦੋਂ ਮੈਂ ਆਪਣੇ ਪਿੰਡ ਕੱਦੋਂ ਜਿਲ੍ਹਾ ਲੁਧਿਆਣਾ ਬਾਰੇ ‘ਪਿੰਡ ਕੱਦੋਂ ਦੇ ਵਿਰਾਸਤੀ ਰੰਗ’ ਪੁਸਤਕ ਲਈ ਸਮਗਰੀ ਇਕੱਤਰ ਕਰ ਰਿਹਾ ਸੀ ਤਾਂ ਭੁਪਿੰਦਰ ਸਿੰਘ ਹਾਲੈਂਡ ਨੇ ਕੱਦੋਂ ਪਿੰਡ ਦੇ ਦੋ ਸ਼ਹੀਦ ਫ਼ੌਜੀ ਜਵਾਨਾ ਦੀਆਂ ਰੰਗੂਨ ਅਤੇ ਸਿੰਗਾਪੁਰ ਵਿਖੇ ਸਥਾਪਤ ਹੋਈਆਂ ਯਾਦਗਾਰਾਂ ਦੀ ਤਸਵੀਰਾਂ ਸਮੇਤ ਜਾਣਕਾਰੀ ਦਿੱਤੀ, ਜਿਸ ਬਾਰੇ ਜਾਣਕੇ ਸ਼ਹੀਦਾਂ ਦੇ ਪਰਿਵਾਰਾਂ ਨੇ ਸੰਤੁਸ਼ਟੀ ਦਾ ਇਜ਼ਹਾਰ ਕੀਤਾ।

ਭੁਪਿੰਦਰ ਸਿੰਘ ਦਾ ਜਨਮ ਅੰਮ੍ਰਿਤਸਰ ਵਿਖੇ ਮਾਤਾ ਸਰਦਾਰਨੀ ਸੁਰਜੀਤ ਕੌਰ ਅਤੇ ਪਿਤਾ ਸਰਦਾਰ ਈਸ਼ਰ ਸਿੰਘ ਦੇ ਘਰ 13 ਅਕਤੂਬਰ 1949 ਨੂੰ ਹੋਇਆ। ਉਨ੍ਹਾਂ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ 1967-72 ਵਿੱਚ ਬੀ.ਐਸ.ਸੀ. ਅਤੇ ਬੀ.ਐਡ. ਦੀਆਂ ਡਿਗਰੀਆਂ ਪਾਸ ਕੀਤੀਆਂ। ਕਾਲਜ ਸਮੇਂ ਉਨ੍ਹਾਂ ਨੂੰ ਫੁਟਬਾਲ ਦਾ ਸਰਵੋਤਮ ਖਿਡਾਰੀ ਐਲਾਨਿਆਂ ਗਿਆ ਸੀ। ਉਹ ਖਾਲਸਾ ਕਾਲਜ ਅੰਮ੍ਰਿਤਸਰ ਦੀ ਗਲੋਬਲ ਅਲੂਮਨੀ ਐਸੋਸੀਏਸ਼ਨ ਦੇ ਯੂਰਪੀਅਨ ਚੇਅਰਮੈਨ ਹਨ। ਭੁਪਿੰਦਰ ਸਿੰਘ ਨੇ ਯੂਰਪ ਵਿੱਚ ਸਿੱਖ ਵਿਰਾਸਤ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ। ਯੂਰਪ ਦੇ ਮਹੱਤਵਪੂਰਨ ਸਿੱਖਾਂ ਵਿੱਚ ਉਹ ਬਹੁਤ ਹੀ ਸਤਿਕਾਰ ਵਿਦਵਾਨ, ਪ੍ਰਚਾਰਕ, ਸਮਾਜ ਸੇਵਕ ਅਤੇ ਲੋਕ ਨਾਇਕ ਦੇ ਤੌਰ ਤੇ ਜਾਣੇ ਜਾਂਦੇ ਹਨ। ਇਥੋਂ ਤੱਕ ਕਿ ਡੱਚ ਸਮਾਜ ਲਈ ਮਹੱਤਪੂਰਨ ਕੰਮ ਕਰਨ ਕਰਕੇ ਉਨ੍ਹਾਂ ਨੂੰ ਬਹੁਤ ਸਾਰੇ ਸਨਮਾਨ ਦਿੱਤੇ ਗਏ ਜਿਨ੍ਹਾਂ ਵਿੱਚ ‘ਅਮਬੈਸਡਰ ਆਫ਼ ਪੀਸ’ ਵਰਣਨਯੋਗ ਹੈ। ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਸਵੈਇਛੱਤ ਸੰਸਥਾਵਾਂ ਅਤੇ ਗੁਰੂ ਘਰਾਂ ਵਿੱਚ ਵੀ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ। ਉਹ ਨੀਦਰਲੈਂਡ ਦੇ ਸਿੱਖਾਂ ਦੀ ਇੰਟਰਨੈਸ਼ਨਲ ਮਨੁੱਖੀ ਅਧਿਕਾਰ ਸੰਸਥਾ ਦੇ ਮੁੱਖੀ ਹਨ। ਉਹ ਨਨਕਾਣਾ ਸਾਹਿਬ ਫ਼ਾਊਂਡੇਸ਼ਨ ਵਾਸ਼ਿੰਗਟਨ ਡੀ.ਸੀ.ਦੇ ਮੈਂਬਰ ਹਨ। ਇਸ ਸਮੇਂ ਉਹ ਯੂਰਪ ਵਿੱਚ ਗੁਰੂ ਘਰਾਂ ਨਾਲ ਸੰਪਰਕ ਕਰਕੇ ਫ਼ੌਜੀ ਸ਼ਹੀਦਾਂ ਦੀਆਂ ਯਾਦਗਾਰਾਂ ਸਥਾਪਤ ਕਰਨ ਦੇ ਕੰਮ ਵਿੱਚ ਜੁੱਟੇ ਹੋਏ ਹਨ। ਕੁਝ ਥਾਵਾਂ ‘ਤੇ ਇਹ ਯਾਦਗਾਰਾਂ ਸਥਾਪਤ ਵੀ ਹੋ ਚੁੱਕੀਆਂ ਹਨ। ਭੁਪਿੰਦਰ ਸਿੰਘ ਹਾਲੈਂਡ ਵੱਲੋਂ ਯੂਰਪ ਵਿੱਚ ਸਿੱਖ ਫ਼ੌਜੀਆਂ ਦੇ ਯੋਗਦਾਨ ਬਾਰੇ ਕੀਤਾ ਗਿਆ ਕੰਮ ਇਕ ਮੀਲ ਪੱਥਰ ਹੈ। ਅਜਿਹੇ ਕਾਰਜ ਸਾਡੀਆਂ ਸਿੱਖ ਸੰਸਥਾਵਾਂ ਨੂੰ ਕਰਨੇ ਚਾਹੀਦੇ ਹਨ। ਭੁਪਿੰਦਰ ਸਿੰਘ ਹਾਲੈਂਡ ਨੇ ਇਕ ਸੰਸਥਾ ਦੇ ਬਰਾਬਰ ਕੰਮ ਕਰਕੇ ਸਿੱਖ ਜਗਤ ਵਿੱਚ ਨਾਮਣਾ ਖੱਟਿਆ ਹੈ, ਜਿਸ ਕਰਕੇ ਸਿੱਖ ਜਗਤ ਉਨ੍ਹਾਂ ਦਾ ਰਿਣੀ ਹੋਵੇਗਾ।

(ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ)