ਖੁਸ਼ੀ: ਹਾਈ ਕਮਿਸ਼ਨ ਦਾ ਉਪ ਦਫਤਰ ਖੁੱਲਣ ਨਾਲ ਕੰਮ ਸੂਤ ਆਉਣ ਲੱਗੇ

ਓਨੀਹੰਗਾ ਖੁੱਲ੍ਹੇ ਦਫਤਰ ‘ਚ ਲੋਕਾਂ ਦੀ ਗਿਣਤੀ ਵਧਣ ਲੱਗੀ ਤੇ ਸਰਕਾਰੀ ਕੰਮਾਂ ਵਿਚ ਰਾਹਤ ਮਿਲਣੀ ਸ਼ੁਰੂ

NZ PIC 9 Nov-1
(ਆਕਲੈਂਡ ਵਿਖੇ ਨਿਯੁਕਤ ਕੀਤੇ ਗਏ ਆਨਰੇਰੀ ਕੌਂਸਿਲ ਸ੍ਰੀ ਭਵਦੀਪ ਢਿੱਲੋਂ ਆਪਣੇ ਦਫਤਰ ਵਿਚ)

ਔਕਲੈਂਡ – ਬੀਤੀ 6 ਨਵੰਬਰ ਤੋਂ ਓਨੀਹੰਗਾ ਵਿਖੇ ‘ਇੰਡੀਅਨ ਕੌਂਸਲੇਟ’ ਦੇ ਉਪ ਦਫਤਰ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 3 ਵਜੇ ਤੋਂ 5.30 ਤੱਕ ਇਹ ਦਫਤਰ ਹੁਣ ਖੁੱਲ੍ਹਣ ਲੱਗਾ ਹੈ ਅਤੇ ਇਥੇ ਕੰਮ ਕਰਾਉਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਭਾਰਤ ਸਰਕਾਰ ਵੱਲੋਂ ਪਿਛਲੇ ਦਿਨੀਂ ਆਨਰੇਰੀ ਕੌਂਸਿਲ ਜਨਰਲ ਨਿਯੁਕਤ ਕੀਤੇ ਗਏ ਸ੍ਰੀ ਭਵਦੀਪ ਢਿੱਲੋਂ ਦਿੱਤੇ ਸਮੇਂ ਅਨੁਸਾਰ ਯਕੀਨੀ ਬਣਾ ਰਹੇ ਹਨ ਕਿ ਉਹ ਦਫਤਰ ਦੇ ਵਿਚ ਮੌਜੂਦ ਰਹਿਣ ਅਤੇ ਲੋਕਾਂ ਦੇ ਕੰਮਾਂ ਵਿਚ ਸਹਾਇਤਾ ਕਰਕੇ ਸਾਰੇ ਪੁਰਾਣੇ ਗਿਲੇ ਸ਼ਿਕਵੇ ਧੋ ਦੇਣ।  ਜਿਹੜੇ ਕੰਮ ਵਲਿੰਗਟਨ ਦਫਤਰ ਵਿਖੇ ਜਾ ਕੇ ਲੋਕਾਂ ਨੂੰ ਕਰਵਾਉਣ ਲਈ ਮਜ਼ਬੂਰ ਹੋਣਾ ਪੈਂਦਾ ਸੀ, ਹੁਣ ਉਹ ਓਨੀਹੰਗਾ ਵਿਖੇ ਹੀ ਹੋਣ ਲੱਗੇ ਹਨ। ਇਸ ਵੇਲੇ ਇਸ ਦਫਤਰ ਦੇ ਵਿਚ ਲਾਈਫ ਸਰਟੀਫਿਕੇਟ, ਜਨਮ ਦਿਨ ਸਰਟੀਫਿਕੇਟ ਤਸਦੀਕ ਅਤੇ ਪਾਵਰ ਆਫ ਅਟਾਰਨੀ ਆਦਿ ਜਾਰੀ ਹੋਣ ਲੱਗੇ ਹਨ। ਪੀ.ਸੀ.ਸੀ. ਵੀ ਅਗਲੇ ਸਾਲ ਇਥੇ ਹੀ ਅਪਲਾਈ ਹੋਣ ਲੱਗੇਗੀ।
ਪਹਿਲਾ ਸ਼ਖਸ਼ ਬੇਹੱਦ ਖੁਸ਼: ਇਸ ਦਫਤਰ ਵਿਚ ਸਭ ਤੋਂ ਪਹਿਲੇ ਆ ਕੇ ਆਪਣਾ ਕੰਮ ਕਰਵਾਉਣ ਵਾਲੇ 70 ਸਾਲਾ ਅਨੰਦ ਸਿੰਘ ਬਹੁਤ ਖੁਸ਼ ਰਹੇ।  ਹੌਵਿਕ ਈਸਟ ਤੋਂ ਪਹੁੰਚੇ ਉਨ੍ਹਾਂ ਆਪਣਾ ਤਜ਼ਰਬਾ ਦੱਸਿਆ ਕਿ ਉਹ ਪਿਛਲੇ 4-5 ਸਾਲਾਂ ਤੋਂ ਵਲਿੰਗਟਨ ਵਿਖੇ ਲਾਈਫ ਸਰਟੀਫਿਕੇਟ ਬਨਾਉਣ ਰਾਤ ਨੂੰ ਬੱਸ ਵਿਚ ਜਾਂਦਾ ਸੀ ਤੇ ਅਗਲੀ ਰਾਤ ਮੁੜ ਕੇ ਆਉਂਦਾ ਸੀ ਪਰ ਹੁਣ ਇਕ ਤਰ੍ਹਾਂ ਨਾਲ ਘਰ ਵਿਚ ਹੀ ਸਾਰਾ ਕੰਮ ਹੋ ਗਿਆ। ਇਸੀ ਤਰ੍ਹਾਂ ਮਧੂ ਭਾਈ ਪਟੇਲ, ਸ੍ਰੀ ਵਿਕਰਮ ਸਿੰਘ, ਡਾ. ਉਪਿੰਦਰਾ ਸਕਲਾਨੀ (ਚੇਅਰਮੈਨ ਉਕਰਾਖੰਡ ਐਸੋਸੀਏਸ਼ਨ) ਨੇ ਦੱਸਿਆ ਕਿ ਉਨ੍ਹਾਂ ਦੇ ਸੈਂਕੜੇ ਡਾਲਰ ਇਸ ਦਫਤਰ ਦੇ ਖੁੱਲਣ ਨਾਲ ਬਚ ਗਏ ਹਨ। ਬਹੁਤ ਸਾਰੇ ਲੋਕਾਂ ਦੀ ਇਨਕੁਆਰੀ ਉਨ੍ਹਾਂ ਕੋਲ ਜਾਣ ਲੱਗੀ ਹੈ ਅਤੇ ਹੌਲੀ-ਹੌਲੀ ਲੋਕਾਂ ਦੇ ਸਾਰੇ ਹਾਈ ਕਮਿਸ਼ਨ ਨਾਲ ਸਬੰਧਿਤ ਸਰਕਾਰੀ ਕੰਮ ਸੂਤ ਆਉਣ ਲੱਗਣਗੇ। ਬੱਸ ਲੋੜ ਹੈ ਲੋਕਾਂ ਦਾ ਵਿਸ਼ਵਾਸ਼ ਬਣਾਈ ਰੱਖਣ ਦਾ।

Install Punjabi Akhbar App

Install
×