ਭਾਕਿਯੂ ਤੇ ਖੇਤ ਮਜਦੂਰ ਯੂਨੀਅਨ ਵੱਲੋਂ ਵੀ ”ਸਿਹਤ ਸੰਭਾਲ ਤੇ ਸਿਹਤ ਚੇਤਨਾ ਮੁਹਿੰਮ” ਸ਼ੁਰੂ

ਬਠਿੰਡਾ/ 26 ਮਾਰਚ/ — ਦੁਨੀਆਂ ਭਰ ਵਿੱਚ ਫੈਲੀ ਕਰੋਨਾ ਵਾਇਰਸ ਦੀ ਭਿਆਨਕ ਬੀਮਾਰੀ ਨਾਲ ਨਜਿੱਠਣ ਲਈ ਜਿੱਥੇ ਸਰਕਾਰਾਂ ਤੇ ਪ੍ਰਸਾਸਨ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਉੱਥੇ ਲੋਕਾਂ ਨੂੰ ਬਿਮਾਰੀ ਦੇ ਮਾਰੂ ਹਮਲੇ ਤੋਂ ਬਚਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜਦੂਰ ਯੂਨੀਅਨ ਨੇ ਵੀ ”ਸਿਹਤ ਸੰਭਾਲ ਤੇ ਸਿਹਤ ਚੇਤਨਾ ਮੁਹਿੰਮ” ਦੇ ਨਾਂ ਹੇਠ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਇਸ ਮੁਹਿੰਮ ਦੀ ਸੁਰੂਆਤ ਕਰਦਿਆਂ ਦੋਵਾਂ ਜਥੇਬੰਦੀਆਂ ਦੇ ਜਨਰਲ ਸਕੱਤਰਾਂ ਕਰਮਵਾਰ ਸ੍ਰੀ ਸੁਖਦੇਵ ਸਿੰਘ ਕੋਕਰੀ ਕਲਾਂ ਤੇ ਸ੍ਰੀ ਲਛਮਣ ਸਿੰਘ ਸੇਵੇਵਾਲਾ ਨੇ ਦੱਸਆ ਕਿ ਦੋਵਾਂ ਜਥੇਬੰਦੀਆਂ ਵਿੱਚ ਸੂਬਾ ਕਮੇਟੀਆਂ ਤੋਂ ਲੈ ਕੇ ਹਰ ਪੱਧਰ ਤੇ ਕੰਮ ਕਰਦੇ ਵਰਕਰ ਤੇ ਆਗੂ ਲੋਕਾਂ ਨੂੰ ਜਾਗਰਿਤ ਕਰਨਗੇ। ਉਹਨਾਂ ਦੱਸਿਆ ਕਿ 55 ਸਾਲਾਂ ਤੋਂ ਉੱਪਰ ਉਮਰ ਵਾਲੇ ਅਤੇ ਸੂਗਰ ਦਮਾ ਜਾਂ ਦਿਲ ਦੇ ਰੋਗਾਂ ਤੋਂ ਪੀੜ੍ਹਤ ਆਗੂ ਵਰਕਰ ਘਰਾਂ ਵਿੱਚ ਹੀ ਰਹਿ ਕੇ ਸੋਸਲ ਮੀਡੀਆ ਰਾਹੀਂ ਜਾਗਰੂਕਤਾ ਮੁਹਿੰਮ ਵਿੱਚ ਹਿੱਸਾ ਪਾਉਣਗੇ। ਜਦ ਕਿ ਨੌਜਵਾਨ ਆਗੂ ਤੇ ਵਰਕਰ ਸਾਵਧਾਨੀ ਵਰਤਦਿਆਂ ਇਕੱਠ ਕਰਨ ਦੀ ਬਜਾਏ ਘਰਾਂ ਵਿੱਚ ਜਾ ਕੇ ਪਰਿਵਾਰਾਂ ਨੂੰ ਮੌਜੂਦਾ ਹਾਲਾਤਾਂ ਤੋਂ ਜਾਣੂ ਕਰਵਾਉਂਦਿਆਂ ਘਬਰਾਉਣ ਦੀ ਥਾਂ ਚੇਤਨ ਕਰਨਗੇ ਅਤੇ ਬਿਮਾਰੀ ਤੋ ਬਚਾਅ ਸਬੰਧੀ ਜਰੂਰੀ ਸੁਝਾਅ ਦੇਣਗੇ।
ਆਗੂਆਂ ਨੇ ਕਿਹਾ ਕਿ ਲੋਕਾਂ ਨੂੰ ਚੇਤਨ ਕਰਕੇ ਸਵੈ ਇੱਛਾ ਦੇ ਨਾਲ ਹੀ ਇਸ ਬਿਮਾਰੀ ਦੇ ਬਚਾਓ ਲਈ ਚੁੱਕੇ ਜਾਣ ਵਾਲੇ ਕਦਮਾਂ ਨੂੰ ਲਾਗੂ ਕੀਤਾ ਜਾ ਸਕਦਾ ਹੈ ਨਾ ਕਿ ਹਕੂਮਤੀ ਡੰਡੇ ਦੇ ਜੋਰ ਨਾਲ। ਉਹਨਾਂ ਮੁੱਖ ਮੰਤਰੀ ਦੇ ਪ੍ਰਿਸੀਪਲ ਸਕੱਤਰ ਸ੍ਰੀ ਸੁਰੇਸ ਕੁਮਾਰ ਨੂੰ ਪੱਤਰ ਭੇਜ ਕੇ ਮੰਗ ਕੀਤੀ ਕਿ ਲੋਕਾਂ ‘ਚ ਜਾਗਰੂਕਤਾ ਪੈਦਾ ਕਰਨ ਲਈ ਭੇਜੇ ਜਾਣ ਵਾਲੇ ਵਾਲੰਟੀਅਰਾਂ ਨੂੰ ਕਰਫਿਊ ਤੇ ਤਾਲਾਬੰਦੀ ਤੋਂ ਛੋਟ ਦਿੱਤੀ ਜਾਵੇ।
ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਕਰੋਨਾ ਪੀੜ੍ਹਤ ਮਰੀਜਾਂ ਦੀ ਭਾਲ ਕਰਨ, ਪਿੰਡਾਂ ਤੇ ਕਸਬਿਆਂ ਵਿੱਚ ਸਥਾਨਕ ਪੱਧਰਾਂ ਤੇ ਟੈਸਟਾਂ ਦਾ ਪ੍ਰਬੰਧ ਕਰਨ, ਮਰੀਜਾਂ ਦਾ ਇਲਾਜ ਕਰਨ ਤੇ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਵੱਡੀ ਪੱਧਰ ਤੇ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਦੀ ਭਰਤੀ ਕਰਨ ਅਤੇ ਲੋੜੀਂਦਾ ਢਾਂਚਾ ਉਸਾਰਨ ਲਈ ਵੱਡੀ ਪੱਧਰ ਤੇ ਫੰਡ ਜਾਰੀ ਕੀਤੇ ਜਾਣ। ਉਹਨਾਂ ਇਹ ਵੀ ਮੰਗ ਕੀਤੀ ਕਿ ਕਰਫਿਊ ਤੇ ਤਾਲਾਬੰਦੀ ਦੌਰਾਨ ਗਰੀਬ ਲੋਕਾਂ ਦੇ ਰੋਟੀ ਪਾਣੀ ਅਤੇ ਹੋਰ ਜਰੂਰੀ ਲੋੜਾਂ ਦੀ ਪੂਰਤੀ ਨੂੰ ਯਕੀਨੀ ਬਣਾਇਆ ਜਾਵੇ।
ਆਗੂਆਂ ਨੇ ਮੰਗ ਕੀਤੀ ਕਿ ਸਮੁੱਚੀਆਂ ਸਿਹਤ ਸੇਵਾਵਾਂ ਦਾ ਨਿੱਜੀਕਰਨ ਖਤਮ ਕਰਕੇ ਇਹਨਾਂ ਦਾ ਕੌਮੀਕਰਨ ਕੀਤਾ ਜਾਵੇ, ਸਮੁੱਚੇ ਮੈਡੀਕਲ ਸਟਾਫ਼ ਤੇ ਸਫਾਈ ਕਰਮਚਾਰੀਆਂ ਲਈ ਬਚਾਓ ਕਿੱਟਾਂ ਮੁਫ਼ਤ ਮੁਹੱਈਆਂ ਕਰਵਾਈਆਂ ਜਾਣ, ਪੀੜ੍ਹਤਾਂ ਦਾ ਇਲਾਜ ਤੇ ਦੇਖ ਭਾਲ ਕਰਨ ਸਮੇਂ ਕਰੋਨਾ ਦੀ ਲਪੇਟ ‘ਚ ਆਉਣ ਵਾਲੇ ਡਾਕਟਰਾਂ, ਸਟਾਫ਼ ਨਰਸਾਂ ਤੇ ਹੋਰ ਮੁਲਾਜਮਾਂ ਦਾ ਮੁਫ਼ਤ ਇਲਾਜ ਤੇ ਢੁਕਵੇਂ ਮੁਆਵਜੇ ਦਾ ਪ੍ਰਬੰਧ ਕੀਤਾ ਜਾਵੇ। ਇਸੇ ਤਰ੍ਹਾਂ ਇਸ ਭਿਆਨਕ ਬੀਮਾਰੀ ਨਾਲ ਮਰਨ ਵਾਲੇ ਵਿਅਕਤੀਆਂ ਦੇ ਵਾਰਸਾਂ ਨੂੰ ਵੀ ਮੁਆਵਜਾ ਦੇਣ ਦਾ ਪ੍ਰਬੰਧ ਕੀਤਾ ਜਾਵੇ। ਪਿੰਡਾਂ ਸ਼ਹਿਰਾਂ ਤੇ ਕਸਬਿਆਂ ਦੀਆਂ ਗਲੀਆਂ ਤੇ ਘਰਾਂ ਨੂੰ ਕੀਟਾਣੂ ਮੁਕਤ ਕਰਨ ਲਈ ਵੱਡੀ ਪੱਰ ਤੇ ਕੀਟਾਣੂ ਰੋਧਕ ਦਾ ਛਿੜਕਾਅ ਕੀਤਾ ਜਾਵੇ।