
ਜਸਵਿੰਦਰ ਸਿੰਘ ਉਰਫ ਜੱਸਾ ਤੇ ਉਸਦੀ ਪਤਨੀ ਅਨੀਤਾ ਅੱਜ ਆਪਣੀ ਕਰਨੀ ਤੇ ਬਹੁਤ ਪਛਤਾ ਰਹੇ ਸਨ। ਜੱਸਾ ਆਪਣੀ ਧੀ ਨੀਤੂ ਨਾਲ ਕੀਤੇ ਮਾੜੇ ਸਲੂਕ ਤੇ ਬਹੁਤ ਸ਼ਰਮਿੰਦਾ ਸੀ ਤੇ ਉਸਨੂੰ ਯਾਦ ਕਰਕੇ ਖੁਦ ਨੂੰ ਕੋਸਦਾ। ਆਪਣੇ-ਆਪ ਨੂੰ ਸਵਾਲ ਕਰਦਾ ਕਿ ਆਖਿਰ ਕਿਉਂ ਉਸਨੇ ਆਪਣੀ ਫੁੱਲ ਵਰਗੀ ਆਪਣੀ ਧੀ ਤੇ ਏਨ੍ਹੇ ਜ਼ੁਲਮ ਕੀਤੇ…? ਗੱਲਾਂ ਕਰਦਿਆਂ ਉਹ ਆਪਣੇ ਅਤੀਤ ਵਿਚ ਖੋ ਜਾਂਦੇ ਤੇ ਉਹ ਪਲ ਉਸ ਦੀਆਂ ਅੱਖਾਂ ਅੱਗੇ ਆ ਜਾਂਦੇ।
ਮਾਸੂਮ ਨੀਤੂ ਦੇ ਜਨਮ ਤੋਂ ਪਹਿਲਾਂ ਇਸ ਜੱਸੇ ਤੇ ਉਹਦੀ ਘਰ ਵਾਲੀ ਨੂੰ ਹਮੇਸ਼ਾ ਮੁੰਡੇ ਦੀ ਚਾਅ ਰਹਿੰਦਾ ਸੀ। ਉਹ ਹਮੇਸ਼ਾ ਸੋਚਦੇ ਕਿ ਉਨ੍ਹਾਂ ਦੇ ਘਰ ਔਲਾਦ ਹੋਵੇ ਤਾਂ ਕੇਵਲ ਮੁੰਡਾ ਹੀ ਹੋਵੇ। ਚਾਅ ਪੂਰਾ ਕਰਨ ਲਈ ਉਹ ਮੰਦਰ, ਗੁਰਦੁਆਰੇ ਤੇ ਡੇਰਿਆਂ ਵਿਚ ਮੱਥੇ ਟੇਕਣ ਜਾਂਦੇ। ਕਦੇ ਕੋਈ ਸਾਧ ਉਨ੍ਹਾਂ ਨੂੰ ਧਾਗੇ-ਤਵੀਤ ਦਿੰਦਾ ਤੇ ਕਦੇ ਉਨ੍ਹਾਂ ਨੂੰ ਤੀਰਥ ਸਥਾਨਾਂ ‘ਤੇ ਸੁੱਖ ਮੰਗਣ ਲਈ ਜਾਣ ਦੀ ਸਲਾਹ ਦਿੰਦਾ।
ਅਨੀਤਾ ਜਦ ਗਰਭਵਤੀ ਹੋਈ ਤਾਂ ਜੱਸੇ ਨੇ ਉਸਦਾ ਮੈਡੀਕਲ ਟੈਸਟ ਕਰਵਾ ਕੇ ਹੋਣ ਵਾਲੇ ਬੱਚੇ ਬਾਰੇ ਪਤਾ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਪਰ ਸਰਕਾਰੀ ਸਖ਼ਤੀ ਕਾਰਨ ਉਸ ਨੂੰ ਹਰ ਪਾਸਿਓਂ ਨਿਰਾਸ਼ਾ ਪੱਲੇ ਪਈ।
ਹੋਇਆ ਉਹੀ ਜੋ ਪਰਮਾਤਮਾ ਨੂੰ ਮਨਜ਼ੂਰ ਸੀ । ਅਨੀਤਾ ਦੀ ਕੁੱਖੋਂ ਇਕ ਸੋਹਣੀ-ਸੁਨੱਖੀ, ਫੁੱਲ ਵਰਗੀ ਧੀ ਨੇ ਜਨਮ ਲਿਆ। ਖ਼ਬਰ ਮਿਲਣ ‘ਤੇ ਜੱਸਾ ਪੂਰੀ ਤਰ੍ਹਾਂ ਨਿਰਾਸ਼ਾ ਅਤੇ ਨਫ਼ਰਤ ਵਿਚ ਘਿਰ ਗਿਆ । ਉਹ ਆਪਣੀ ਧੀ ਦੀ ਸ਼ਕਲ ਵੇਖਣਾ ਵੀ ਪਸੰਦ ਨਹੀਂ ਸੀ ਕਰਦਾ। ਮਾਂ ਨੇ ਵੀ ਆਪਣੇ ਢਿੱਡੋਂ ਜਨਮੀਂ ਧੀ ਤੋਂ ਮੂੰਹ ਮੋੜ ਲਿਆ। ਧੀ ਰੋ-ਰੋ ਕੇ ਬੁਰਾ ਹਾਲ ਕਰ ਲੈਂਦੀ ਪਰ ਅਨੀਤਾ ਨੂੰ ਕੋਈ ਫ਼ਰਕ ਨਹੀਂ ਸੀ ਪੈਂਦਾ । ਉਹ ਆਪਣਾ ਦੁੱਧ ਬੱਚੀ ਨੂੰ ਨਹੀਂ ਪਿਆਉਂਦੀ ਹੀ ਨਾ। ਘਰ ‘ਚ ਗੋਹਾ-ਕੂੜਾ ਕਰਨ ਆਉਂਦੀ ਬੁੜੀ ਇਸ ਮਾਸੂਮ ਜਾਨ ਨੂੰ ਚਮਚੇ ਨਾਲ ਦੁੱਧ ਪਿਆਉਂਦੀ। ਉਸੇ ਨੇ ਹੀ ਦਸਾਂ-ਬਾਰਾਂ ਦਿਨਾਂ ਬਾਅਦ ਇਸ ਮਾਸੂਮ ਜਿੰਦ ਦਾ ਨਾਂ ‘ਨੀਤੂ’ ਰੱਖਿਆ ।
ਓਧਰ ਨੀਤੂ ਦੇ ਮਾਂ-ਬਾਪ ਮੁੰਡੇ ਲਈ ਫ਼ੇਰ ਕੋਸ਼ਿਸ਼ ਕਰਦੇ ਰਹੇ।ਨੀਤੂ ਵੱਡੀ ਹੋਈ ਤਾਂ ਸਕੂਲ ਜਾਣ ਲਈ ਜ਼ਿੱਦ ਕਰਦੀ ਪਰ ਅਨੀਤਾ ਹਰ ਵਾਰ ਉਸਨੂੰ ਕੁੱਟਦੀ ਤੇ ਉਸ ਤੋਂ ਘਰ ਦਾ ਕੰਮ ਹੀ ਕਰਵਾਉਂਦੀ ਰਹਿੰਦੀ । ਨੀਤੂ ਇਹ ਸਭ ਸਹਿੰਦੀ ਤੇ ਅਕਸਰ ਰੋਂਦੀ ਰਹਿੰਦੀ। ਕਈ ਸਾਲਾਂ ਮਗਰੋਂ ਜਾ ਕੇ ਜੱਸੇ ਦੇ ਘਰ ਫ਼ੇਰ ਔਲਾਦ ਦੀ ਸੌਗਾਤ ਆਈ । ਇਸ ਵਾਰ ਅਨੀਤਾ ਨੇ ਮੁੰਡੇ ਨੂੰ ਜਨਮ ਦਿੱਤਾ। ਉਸਦਾ ਨਾਂ ਬੜੇ ਲਾਡਾਂ ਨਾਲ ਮਾਪਿਆਂ ਨੇ ਨਿੰਦਰ ਰੱਖਿਆ ਤੇ ਸਾਰਾ ਪਿਆਰ ਮੁੰਡੇ ਦੀ ਝੋਲੀ ਪਾਇਆ। ਨੀਤੂ ਚਾਈਂ-ਚਾਈਂ ਆਪਣੇ ਭਰਾ ਨਾਲ ਖੇਡਦੀ ਪਰ ਮਾਂ ਧੱਕਾ ਦੇ ਕੇ ਪਾਸੇ ਸੁੱਟ ਦਿੰਦੀ। ਕੱਚੀ ਜਿਹੀ ਕੋਠੜੀ ਵਿਚ ਨੀਤੂ ਅਕਸਰ ਇਕੱਲੀ ਰਹਿੰਦੀ। ਕਦੇ-ਕਦੇ ਤਾਂ ਰਾਤ ਦੇ ਹਨ੍ਹੇਰਿਆਂ ਵਿਚ ਅਦਿੱਖ ਭੂਤ ਦੀ ਕਲਪਨਾ ਕਰਕੇ ਡਰ ਜਾਂਦੀ ਪਰ ਫੇਰ ਨੀਤੂ ਵਕਤ ਦੀਆਂ ਮਾਰਾਂ ਖਾ-ਖਾ ਕੇ ਸਮਝਣ ਲੱਗੀ ਕਿ ‘ਇਹੋ ਹਮਾਰਾ ਜੀਵਨਾ’।
ਹੌਲੀ-ਹੌਲੀ ਦੋਵੇਂ ਭੈਣ-ਭਰਾ ਵੱਡੇ ਹੋ ਗਏ। ਨਿੰਦਰ ਸਕੂਲ ਜਾਣ ਲੱਗ ਪਿਆ ਪਰ ਨੀਤੂ ਘਰ ਦੇ ਕੰਮ ਜੋਗੀ ਰਹਿ ਗਈ।
ਸਕੂਲੋਂ ਪੜ੍ਹ ਕੇ ਨਿੰਦਰ ਘਰ ਆਉਂਦਾ ਮਾਂ ਉਹਨੂੰ ਚੂਰੀਆਂ ਖੁਆਉਂਦੀ। ਤਿਉਹਾਰ ਮੌਕੇ ਭੈਣ ਤੋਂ ਰੱਖੜੀ ਬੰਨ੍ਹਾਉਣ ਨੂੰ ਮਾਂ ਅਪਸ਼ਗਨੀ ਕਹਿ ਕੇ ਕੁੜੀ ਨੂੰ ਭਰਾ ਤੋਂ ਦੂਰ ਕਰ ਦਿੰਦੀ। ਨੀਤੂ ਹੌਕਾ ਭਰਕੇ ਰਹਿ ਜਾਂਦੀ ।
ਸਮਾਂ ਬੀਤਦਾ ਗਿਆ । ਨੀਤੂ ਤੇ ਨਿੰਦਰ ਹੋਰ ਵੱਡੇ ਹੋ ਗਏ। ਕਾਲਜ ਪੜ੍ਹਦਿਆਂ ਨਿੰਦਰ ਦੀ ਮੁਲਾਕਾਤ ਇਕ ਕੁੜੀ ਸੀਰਤ ਨਾਲ ਹੋਈ। ਦੋਵੇਂ ਪਿਆਰ ਦੀਆਂ ਪੀਂਘਾਂ ਝੂਟਣ ਲੱਗੇ ਤੇ ਇਕੱਠਿਆਂ ਰਹਿ ਕੇ ਜ਼ਿੰਦਗੀ ਬਿਤਾਉਣ ਦੇ ਸੁਫ਼ਨੇ ਲੈਣ ਲੱਗੇ ਪਏ। ਮਾਪਿਆਂ ਨੂੰ ਜਦ ਪਤਾ ਲੱਗਿਆ ਤਾਂ ਉਨ੍ਹਾਂ ਦੋਵਾਂ ਦਾ ਵਿਆਹ ਕਰ ਦਿੱਤਾ। ਵਿਆਹ ਤੋਂ ਥੋੜ੍ਹੇ ਦਿਨ ਮਗਰੋਂ ਪੁੱਤ-ਨੂੰਹ ਦਾ ਸੱਸ-ਸਹੁਰੇ ਨਾਲ ਝਗੜਾ ਸ਼ੁਰੂ ਹੋ ਗਿਆ। ਨਿੰਦਰ ਨੇ ਇਕ ਦਿਨ ਪਿਉ ਤੋਂ ਹਿੱਸਾ ਮੰਗਿਆ ਤੇ ਕਾਫੀ ਝਗੜੇ ਮਗਰੋਂ ਉਹ ਆਪਣਾ ਹਿੱਸਾ ਲੈ ਕੇ ਦੂਜੇ ਸ਼ਹਿਰ ਰਹਿਣ ਲੱਗ ਪਿਆ। ਫ਼ੋਨ ਕਰਨ ਤੇ ਵੀ ਉਹ ਘਰ ਮਿਲਣ ਵੀ ਨਾ ਆਉਂਦਾ । ਪੁੱਤ ਦੇ ਵਿਛੋੜੇ ਨੇ ਜੱਸੇ ਨੂੰ ਸਰੀਰਕ ਤੌਰ ‘ਤੇ ਲਾਚਾਰ ਬਣਾ ਦਿੱਤਾ ਤੇ ਬੀਮਾਰੀ ਦੀ ਚਪੇਟ ਵਿਚ ਆ ਗਿਆ। ਇਲਾਜ ਲਈ ਅਨੀਤਾ ਨੇ ਜ਼ਮੀਨ ਵੇਚ ਦਿੱਤੀ। ਭੈਣ ਆਪਣੇ ਭਰਾ ਨੂੰ ਵਾਰ ਵਾਰ ਫ਼ੋਨ ਕਰਕੇ ਬੁਲਾਉਂਦੀ ਰਹੀ ਪਰ ਉਹ ਨਾ ਆਇਆ ਤੇ ਆਖਿਰ ਇਹ ਕਹਿ ਕੇ ਫ਼ੋਨ ਬੰਦ ਕਰਤਾ ਕਿ ‘ਹੁਣ ਸਾਡੇ ਲਈ ਸਾਰੇ ਮਰ ਗਏ’।
ਹਸਪਤਾਲੋਂ ਛੁੱਟੀ ਮਿਲਣ ਮਗਰੋਂ ਜੱਸਾ ਕੰਮਕਾਜ ਤੋਂ ਬਿੱਲਕੱਲ ਨਾਕਾਰਾ ਹੋ ਚੁੱਕਿਆ ਸੀ ਤੇ ਘਰ ਨੂੰ ਮੁਸੀਬਤਾਂ ਦੀ ਚਾਦਰ ਨੇ ਲਪੇਟ ਲਿਆ। ਹਾਲਾਤ ਅਜਿਹੇ ਬਣ ਗਏ ਕਿ ਮੁਸ਼ਕਿਲ ਨਾਲ ਹੀ ਘਰ ਚਲਦਾ। ਜ਼ਮੀਨ ਵੇਚ ਕੇ ਮਿਲਿਆ ਮਿਲਿਆ ਸਾਰਾ ਪੈਸਾ ਇਲਾਜ ‘ਤੇ ਖਰਚ ਹੋ ਗਿਆ। ਬਿਰਧ ਮਾਤਾ ਅਤੇ ਲਾਚਾਰ ਪਿਉ ਦਾ ਆਸਾਰਾ ਹੁਣ ਨੀਤੂ ਹੀ ਸੀ । ਧੀ ਨੇ ਪੁੱਤ ਦੀ ਥਾਂ ਲਈ ਤੇ ਦਿਹਾੜੀ ਕਰਨ ਲੱਗੀ। । ਨੀਤੂ ਨੂੰ ਕੰਮ ਦੇਣ ਵਾਲੇ ਹਰ ਸਖ਼ਸ਼ ਦੀ ਭੈੜੀ ਉਹਦੇ ਹੁਸਨ ਤੇ ਪੈਂਦੀ । ਹਰ ਕੋਈ ਉਸਨੂੰ ਖਾ ਜਾਣਾ ਚਾਹੁੰਦਾ ਪਰ ਨੀਤੂ ਸਮਾਜ ਵਿਚ ਬਦਨਾਮੀ ਦੇ ਡਰ ਤੋਂ ਕਿਸੇ ਨੂੰ ਕੁਝ ਨਾ ਕਹਿੰਦੀ।
ਸਮਾਂ ਬੀਤਦਾ ਗਿਆ। ਪਰਿਵਾਰ ਦੇ ਹਾਲਤ ਹੁਣ ਹੋਰ ਵੀ ਬਦਤਰ ਹੋ ਗਏ । ਦੋ ਵਕਤ ਦੀ ਰੋਟੀ ਦੇ ਵੀ ਉਹ ਮੁਹਤਾਜ ਹੋ ਗਏ। ਨੀਤੂ ਜਦੋਂ ਕੰਮ ਲਈ ਕਿਸੇ ਕੋਲ ਜਾਂਦੀ ਤਾਂ ਮਰਦ ਪ੍ਰਧਾਨ ਸਮਾਜ ਦੀ ਇੱਕੋ ‘ਡਿਮਾਂਡ’ ਹੁੰਦੀ। ਆਖ਼ਰ ਨੀਤੂ ਇਕ ਦਿਨ ਪਿੰਡ ਦੇ ਜਗੀਰਦਾਰ ਤੋਂ ਹਾਰ ਗਈ। ਜਗੀਰਦਾਰ ਨੇ ਉਸਦੀ ਇੱਜਤ ਨੂੰ ਤਾਰ-ਤਾਰ ਕਰ ਦਿੱਤਾ। ਪੈਸੇ ਲੈ ਕੇ ਨੀਤੂ ਘਰ ਪਹੁੰਚੀ ਤਾਂ ਮਾਪੇ ਸਮਝ ਗਏ ਕਿ ਉਸ ਨਾਲ ਜਰੂਰ ਕੁਝ ਬੁਰਾ ਹੋਇਆ ਹੈ। ਬੇਸੁੱਧ ਹੋ ਕੇ ਨੀਤੂ ਜ਼ਮੀਨ ਤੇ ਡਿੱਗ ਪਈ। ਡਾਕਟਰ ਦੇ ਚੈੱਕ ਕਰਨ ‘ਤੇ ਪਤਾ ਲੱਗਾ ਕਿ ਨੀਤੂ ਤਾਂ ਇਹ ਜਹਾਨ ਛੱਡ ਗਈ ਸੀ। ਜੱਸੇ ਤੇ ਅਨੀਤਾ ਦੀ ਇਹ ਦ੍ਰਿਸ਼ ਵੇਖ ਕੇ ਰੂਹ ਕੰਬ ਗਈ। ਉਹਨਾਂ ਨੂੰ ਹੁਣ ਸਮਝ ਆਈ ਕਿ ਉਹਨਾਂ ਦਾ ਤਾਂ ਸਭ ਕੁਝ ਹੀ ਲੁੱਟਿਆ ਗਿਆ ਸੀ ਤੇ ਉਹ ਪੁੱਤ ਪਾ ਕੇ ਵੀ ਦੁਨੀਆਂ ‘ਚ ਕੰਗਾਲ ਹੀ ਰਹੇ। ਸੌੜੀ ਸੋਚ ਨੇ ਘਰ ਤਬਾਹ ਕਰ ਦਿੱਤਾ ।
ਹੁਣ ਦੋਹੇਂ ਜੀਅ ਅਕਸਰ ਆਪਣੀ ਸੋਚ ‘ਤੇ ਪਛਤਾਉਂਦੇ ਕਿ ਕਾਸ਼! ਉਹ ਆਪਣੀ ਧੀ ਨੂੰ ਪੁੱਤ ਦੇ ਬਰਾਬਰ ਸਮਝਦੇ ਤਾਂ ਅੱਜ ਇਹ ਕੁਝ ਨਹੀਂ ਵਾਪਰਨਾ ਸੀ। ਮਾੜੇ ਹਾਲਾਤਾਂ ਦੇ ਉਹ ਖੁਦ ਹੀ ਜ਼ਿੰਮੇਵਾਰ ਸਨ। ਪਰ ਹੁਣ ਤਾਂ ਸਮਾਂ ਆਪਣਾ ਰੰਗ ਵਿਖਾ ਗਿਆ ਸੀ ਤੇ ਕਈ ਹੋਰ ਲੋਕਾਂ ਨੂੰ ਵੀ ਸੌੜੀਆਂ ਸੋਚਾਂ ਬਦਲਣ ਦਾ ਵੱਲ ਸਿਖਾ ਗਿਆ ਸੀ।
(ਭਾਰਤ ਭੂਸ਼ਨ ਅਜ਼ਾਦ) +91 98721-12457 bharatbhushanazadkkp@gmail.com