ਭਲੋ ਭਲੋ ਰੇ ਕੀਰਤਨੀਆ ਇੰਟਰਨੈਸ਼ਨਲ ਮੈਲਬਰਨ, ਆਸਟ੍ਰੇਲੀਆ ਵਿਚ

ਪ੍ਰੈਸ ਨੋਟ – ੧੪.੦੮.੨੦੧੮

kirtan
ਬਰਕਤ ਸੰਸਥਾ ਵੱਲੋਂ, ਭਲੋ ਭਲੋ ਰੇ ਕੀਰਤਨੀਆ ਇੰਟਰਨੈਸ਼ਨਲ ਫਾਈਨਲ 20 ਤੋਂ 26 ਅਗਸਤ, 2018 ਨੂੰ ਮੈਲਬਰਨ ਵਿਚ ਕਰਵਾਇਆ ਜਾ ਰਿਹਾ ਹੈ। ਇਹ ਆਪਣੀ ਕਿਸਮ ਦਾ ਪਹਿਲ ਪਲੇਠੀ ਦਾ ਉਦਮ ਹੈ ਜਿਸ ਦੇ ਅੰਤਰਗਤ ਗੁਰਮਤਿ ਸੰਗੀਤ ਅਤੇ ਕੀਰਤਨ ਦੀ ਪ੍ਰੰਪਰਾ ਨੂੰ ਪ੍ਰਫੁੱਲਤ ਕਰਨ ਲਈ, ਅੰਤਰ ਰਾਸ਼ਟਰੀ ਕੰਪੀਟੀਸ਼ਨ, ਪ੍ਰਸਿਧ ਰਾਗੀ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਸੋਢੀ ਜੀ ਦੀ ਸੁਚੱਜੀ ਅਗਵਾਈ ਹੇਠ ਹੋ ਰਿਹਾ ਹੈ।
ਇਸ ਦਾ ਕੁਆਰਟਰ ਫਾਈਨਲ 20, 21 ਅਤੇ 22 ਅਗਸਤ ਨੂੰ ਗੁਰਦੁਆਰਾ ਸਾਹਿਬ ਕਰੇਗੀਬਰਨ ਵਿਖੇ ਹੋਵੇਗਾ ਜਦੋਂ ਕਿ ਸੈਮੀ ਫਾਈਨਲ 23 ਤੇ 24 ਨੂੰ, ਗੁਰਦੁਆਰਾ ਸਾਹਿਬ ਕੀਜ਼ਬਰੋ ਵਿਖੇ ਅਤੇ ਗਰੈਂਡ ਫਾਈਨਲ 25 ਤੇ 26 ਨੂੰ, ਗੁਰਦੁਆਰਾ ਸਾਹਿਬ ਬਲੈਕਬਰਨ ਵਿਚ ਪੇਸ਼ ਕੀਤਾ ਜਾਵੇਗਾ। ਜੂਨ ਅਤੇ ਜੁਲਾਈ ਮਹੀਨਿਆਂ ਦੌਰਾਨ, ਏਜ ਗਰੁਪ ਮੁਤਾਬਿਕ ਪੰਜ ਕੈਟੇਗਰੀਆਂ ਅਨੁਸਾਰ, ਪਹਿਲਾਂ ਬ੍ਰਿਜ਼ਬਿਨ ਅਤੇ ਮੈਲਬਰਨ ਵਿਚ ਔਡੀਸ਼ਨਾਂ ਦੇ ਰਾਊਂਡ ਹੋਏ ਸਨ ਅਤੇ ਜੇਹੜੇ ਕੀਰਤਨੀਏ ਉਹਨਾਂ ਵਿਚੋਂ ਸੀਲੈਕਟ ਹੋਏ ਸਨ, ਉਹ ਅਗਲੇ ਹਫਤੇ ਦੇ ਆਰੰਭ ਵਿਚ ਕੁਆਰਟਰ ਫਾਈਨਲ ਵਿਚ ਹਿੱਸਾ ਲੈਣਗੇ।
“ਗੁਰਬਾਣੀ ਨੂੰ ਰਾਗਾਂ ਵਿਚ ਗਾਉਣ ਨੂੰ ਕੀਰਤਨ ਕਿਹਾ ਜਾਂਦਾ ਹੈ, ਏਸੇ ਕਾਰਨ ‘ਭਲੋ ਭਲੋ ਰੇ ਕੀਰਤਨੀਆ’ ਨਾਂ ਹੇਠ ਇਹ ਉਦਮ ਆਰੰਭਿਆ ਗਿਆ ਹੈ ਤਾਂ ਕਿ ਸੰਸਾਰ ਭਰ ਵਿਚ ਵੱਸਦੀ ਸਿੱਖ ਸੰਗਤ, ਖਾਸ ਕਰਕੇ ਨਵੀਂ ਪਨੀਰੀ ਗੁਰਮਤਿ ਆਧਾਰੀ ਜੀਵਨ ਸ਼ੈਲੀ ਨਾਲ਼ ਸਾਂਝ ਪਾ ਸਕਣ ਅਤੇ ਜੁੜੇ ਰਹਿਣ ਲਈ ਪ੍ਰੇਰਤ ਹੋਣ”, ਭਾਈ ਦਵਿੰਦਰ ਸਿੰਘ ਸੋਢੀ ਹੋਰਾਂ ਨੇ, ਇਸ ਉਦਮ ਨੂੰ ਵਿਸਥਾਰ ਸਹਿਤ ਬਿਆਨ ਕਰਦਿਆਂ ਦੱਸਿਆ। ਭਾਈ ਸਾਹਿਬ ਜੀ ਨੇ ਆਸਟ੍ਰੇਲੀਆ ਵਿਚ ਵੱਸਦੀ ਸਿੱਖ ਸੰਗਤ ਨੂੰ ਇਸ ਧਰਮ ਦੇ ਕਾਰਜ ਨੂੰ ਹਰ ਪ੍ਰਕਾਰ ਸਹਿਯੋਗ ਦੇਣ ਲਈ ਬੇਨਤੀ ਕੀਤੀ ਹੈ।

‘ਬਰਕਤ’ ਦੇ ਸੰਚਾਲਕ ਰਸਨਾ ਕੌਰ ਅਤੇ ਸ. ਹਰਪ੍ਰੀਤ ਸਿੰਘ, ਵੱਲੋਂ ਭਾਈ ਸਾਹਿਬ ਜੀ ਦੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ, ਅੱਗੇ ਲੱਗ ਕੇ ਉਦਮ ਕੀਤਾ ਜਾ ਰਿਹਾ ਹੈ। ਏਸੇ ਸਬੰਧ ਵਿਚ ਉਹਨਾਂ ਵੱਲੋਂ, ਮੈਲਬਰਨ ਵਿਚ ਦੋ ਦਿਨ ਵਾਸਤੇ ਕੀਰਤਨ ਸਬੰਧੀ ਸਪੈਸ਼ਲ ਵਰਕਸ਼ਾਪ ਲਾਉਣ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਵਰਕਸ਼ਾਪ ਵਿਚ ਹਿੱਸਾ ਲੈਣ ਵਾਲ਼ਿਆਂ ਦੀ ਅਗਵਾਈ ਵਾਸਤੇ, ਵੱਖ ਵੱਖ ਪ੍ਰਸਿਧ ਕੀਰਤਨੀਏ ਮੌਜੂਦ ਹੋਣਗੇ ਜੇਹੜੇ ਕਿ ਗੁਰਮਤਿ ਸੰਗੀਤ ਬਾਰੇ ਜਾਣਕਾਰੀ ਦੇਣ ਦੇ ਨਾਲ਼ ਨਾਲ਼ ਸਵਾਲਾਂ ਦੇ ਜਵਾਬ ਵੀ ਦੇ ਕੇ ਗਿਆਨ ਵਿਚ ਵਾਧਾ ਕਰਨਗੇ। ਸੋਢੀ ਜੀ ਨੇ ਹੋਰ ਵੀ ਦੱਸਿਆ ਕਿ ਬਰਕਤ ਸੰਸਥਾ ਦੇ ਆਗੂ ਬੀਬਾ ਰਸਨਾ ਕੌਰ ਜੀ ਅਤੇ ਸ. ਹਰਪ੍ਰੀਤ ਸਿੰਘ ਜੀ, ਆਸਟ੍ਰੇਲੀਅਨ ਸਿੱਖ ਬੱਚੇ ਬੱਚੀਆਂ ਵਿਚ ਗੁਰਬਾਣੀ ਦੇ ਕੀਰਤਨ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਵਾਸਤੇ ਵਧ ਤੋਂ ਵਧ ਉਦਮ ਕਰਦੇ ਹਨ ਅਤੇ ਕਰਦੇ ਰਹਿਣਗੇ।
‘ਬਰਕਤ’ ਪੰਜਾਬੀ ਦਾ ਪਹਿਲਾ ਅਤੇ ਇਕੋ ਇਕ ਮੈਗਜ਼ੀਨ ਹੈ ਜੇਹੜਾ ਪੰਜਾਬੀ ਬੋਲੀ, ਗੁਰਮੁਖੀ ਲਿੱਪੀ, ਪੰਜਾਬੀ ਸਭਿਆਚਾਰ ਅਤੇ ਸਿੱਖ ਧਰਮ ਦੇ ਪ੍ਰਚਾਰ ਨੂੰ ਸਮੱਰਪਤ, ਬੋਲ ਕੇ ਸੁਣਾਉਣ ਵਾਲ਼ਾ ਹੈ। ਅਰਥਾਤ ਜਿਥੇ ਵਿੱਦਵਾਨ ਲੇਖਕ ਦਾ ਲੇਖ ਅੱਖਰਾਂ ਵਿਚ ਪੜ੍ਹਿਆ ਜਾ ਸਕਦਾ ਹੈ ਓਥੇ ਲੇਖਕ ਦੀ ਆਵਾਜ਼ ਵਿਚ ਹੀ ਉਸ ਨੂੰ ਸੁਣਿਆਂ ਵੀ ਜਾ ਸਕਦਾ ਹੈ।

ਜਾਰੀ ਕਰਤਾ: ਅਦਾਰਾ ਬਰਕਤ

Install Punjabi Akhbar App

Install
×