ਸੰਦੇਸ਼ ਭਾਈ ਵੀਰ ਸਿੰਘ ਜੀ (5-2-1872 to10-6-1957)

151205 Simran Sidhu - bhai sahib g ਪੰਜਾਬੀ ਬੋਲਣ ਅਤੇ ਸਿੱਖ ਹਿਰਦਾ ਰੱਖਣ ਵਾਲਿਆਂ ਲਈ ਭਾਈ ਵੀਰ ਸਿੰਘ ਕਿਸੇ ਜਾਣ-ਪਛਾਣ ਦੇ ਮੁਹਤਾਜ ਨਹੀਂ। ਉਨ੍ਹਾਂ ਨੂੰ ਅਕਸਰ ਗੁਰਮਤ ਦੇ ਚਾਨਣ ਮੁਨਾਰੇ, ਕੁਦਰਤ ਦੇ ਸ਼ਾਹਕਾਰ, ਪੰਜਾਬ ਦਾ ਛੇਵਾਂ ਦਰਿਆ, ਪੱਤਰਕਾਰੀ ਦਾ ਮੀਲ ਪੱਥਰ,  ਆਧੁਨਿਕ ਸਾਹਿਤ ਦਾ ਪਿਤਾਮਾ, ਯੁੱਗ ਪੁਰਸ਼, ਇਤਿਹਾਸਕਾਰ ਅਦਿ ਨਾਵਾਂ ਨਾਲ ਸਤਿਕਾਰਿਆ ਜਾਂਦਾ ਹੈ। ਜਨਮ ਤੋਂ ਹੀ ਭਾਈ ਸਾਹਿਬ ਨੂੰ ਉਚ ਆਦਰਸ਼ੀ ਸਿੱਖ ਜੀਵਨ, ਗੁਰਮਤਿ ਵਿਚਾਰਧਾਰਾ ਅਤੇ ਵਿਦਵਤਾ ਵਿਰਸੇ ਵਿਚ ਪ੍ਰਾਪਤ ਹੋਈ।
ਭਾਈ ਸਾਹਿਬ ਨੇ ਰਚਿਤ ਸਾਹਿਤ (ਕਾਵਿ, ਸੰਪਾਦਨਾ, ਨਾਵਲ, ਨਾਟਕ, ਚਮਤਕਾਰ, ਜੀਵਨੀਆਂ, ਲੇਖ ਅਦਿ) ਦੁਆਰਾ ਉਸ ਸਮੇਂ ਦੀ ਸਿੱਖਾਂ ਦੀ ਨਿਘਰਦੀ ਹਾਲਤ ਨੂੰ ਵੇਖਦਿਆਂ, ਉਸਦਾ ਸੁਧਾਰ ਕਰਨ ਦਾ ਉਪਰਾਲਾ ਕੀਤਾ। ਇਹ ਸੁਧਾਰ ਪ੍ਰਚਾਰਕ ਲਹਿਰਾਂ ਵਾਂਗ ਨਹੀਂ ਬਲਕਿ ਸਿੱਖ ਰੂਹ ਵਿਚ ਬੁਨਿਆਦੀ ਮੋੜ ਲਿਆ ਉਸ ਨੂੰ ਗੁਰੂ ਅਤੇ ਵਿਰਸੇ ਦੇ ਉਚ ਮੁਕਾਮ ਤੇ ਪਹੁੰਚਾਉਣਾ ਸੀ। ਭਾਈ ਸਾਹਿਬ ਦੀ ਰਚਨਾ ਦਾ ਧੁਰਾ ਨਾਮ ਹੈ। ਉਨ੍ਹਾਂ ਦਾ ਪ੍ਰੇਰਣਾ ਸ੍ਰੋਤ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਜੀਵਨ ਹੈ। ਭਾਈ ਸਾਹਿਬ ਕਿਤੇ ਵੀ ਆਪਣੇ ਪ੍ਰੇਰਣਾ ਸ੍ਰੋਤ ਤੋਂ ਨਹੀਂ ਟੁੱਟਦੇ:
ਪੂਰਨ ਗੁਰੂ ਗ੍ਰੰਥ ਸਤਿਗੁਰ ਸਾਡੜੇ
ਏਨ੍ਹਾਂ ਦੇ ਲੜ ਲਾਇ ਤਾਰੇ ਸਭ ਸੇ।
ਭਾਈ ਸਾਹਿਬ ਦੇ ਸਾਹਿਤ ਦਾ ਆਦਰਸ਼ ਸਿੱਖ ਸੁਰਤ ਤੇ ਸਿੱਖ ਜੀਵਨ ਜਾਂਚ ਹੈ। ਉਨ੍ਹਾਂ ਆਪਣੇ ਸਮੇਂ ਸਮਾਜ ਅੰਦਰ ਵਾਪਰ ਰਹੀਆਂ ਕੁਰੀਤੀਆਂ ਤੋਂ ਬੰਦ ਖਲਾਸੀ ਕਰਾਉਣ ਲਈ ਆਪਣੀ ਕਲਮ ਨੂੰ ਤਲਵਾਰ ਵਾਂਗ ਵਾਹਿਆ। ਆਪਣਾ ਸੰਦੇਸ਼ ਪਹੁੰਚਾਉਣ ਲਈ ‘ਖਾਲਸਾ ਸਮਾਚਾਰ’ ਅਖ਼ਬਾਰ ਪ੍ਰਕਾਸ਼ਿਤ ਕੀਤਾ। ‘ਖਾਲਸਾ ਸਮਾਚਾਰ’ ਭਾਈ ਸਾਹਿਬ ਦੀ ਸਿੱਖ ਚਿੰਤਨ ਵਿਚਲੀ ਜੁਗਤ ਕਮਾਈ ਦਾ ਪ੍ਰਤੀਕ ਹੈ ਜਿਸ ਰਾਹੀ ਉਨ੍ਹਾਂ ਉਸ ਸਮੇਂ ਦੀਆਂ ਧਾਰਮਿਕ, ਸਮਾਜਿਕ, ਰਾਜਨੀਤਿਕ ੳਤੇ ਸਭਿਆਚਾਰਕ ਮੁਸ਼ਕਿਲਾਂ ਨਾਲ ਨਜਿੱਠਣ ਲਈ ਸੋਚ ਪ੍ਰਬੰਧ ਵਿਚ ਨਵੀਂ ਰੂਹ ਭਰੀ। ਖਾਲਸਾ ਸਮਾਚਾਰ, ਟ੍ਰੈਕਟ ਅਤੇ ਹੋਰ ਅਖ਼ਬਾਰਾਂ ਰਾਹੀਂ ਆਮ ਜੀਵਨ ਪ੍ਰਭਾਵਿਤ ਹੋਇਆ ਅਤੇ ਮੁੜ ਤੋਂ ਸਿੱਖ ਵਿਰਸੇ ਵਲ ਤੁਰ ਪਿਆ। ਅਜੋਕਾ ਮਾਹੌਲ ਫਿਰ ਤੋਂ ਉਸੇ ਕਿਸਮ ਦੀਆਂ ਸਮਸਿਆਵਾਂ ਵਿਚ ਜਕੜ ਰਿਹਾ ਹੈ ਅਤੇ ਅਸੀਂ ਕੂੜ ਪਸਾਰ ਵਿਚ ਡੁੱਬਦੇ ਜਾ ਰਹੇ ਹਾਂ। ਕਾਬਜ ਧਿਰ ਵੀ ਆਪਣੇ ਮੰਤਵ ਖ਼ਾਤਿਰ ਸਿੱਖ ਜੀਵਨ, ਸਿੱਖ ਸੰਸਥਾਵਾਂ ਦੀ ਦੁਰਵਰਤੋਂ ਕਰ ਰਹੀ ਹੈ ਜਿਸਦੇ ਬੁਰੇ ਨਤੀਜੇ ਵੀ ਆਏ ਦਿਨ ਸਾਹਮਣੇ ਆ ਰਹੇ ਹਨ। ਹਾਕਮ ਧਿਰ ਨੇ ਸਿੱਖ ਸੰਸਥਾਵਾਂ ਅਤੇ ਵਿਦਿਅਕ ਅਦਾਰਿਆਂ ਉਪਰ ਕੱਟੜ ਅਤੇ ਸਮਝੌਤਾਕਾਰ ਸਿੱਖਾਂ ਨੂੰ ਮੋਹਰੀ ਬਣਾ ਰੱਖਿਆ ਹੈ। ਜਿਸਦੇ ਨਤੀਜੇ ਆਮ ਜੀਵਨ ਤੋਂ ਇਲਾਵਾ ਅਕਾਦਮਿਕ ਖੇਤਰ ਵਿਚ ਵੀ ਵੇਖ ਰਹੇ ਹਾਂ। ਇਨ੍ਹਾਂ ਸਭ ਸਮੱਸਿਆਵਾਂ ਨਾਲ ਨਜਿੱਠਣ ਅਤੇ ਕੌਮ ਵਿਚ ਰੂਹ ਭਰਨ ਲਈ ਭਾਈ ਵੀਰ ਸਿੰਘ ਦਾ ਸਾਹਿਤ ਵੀ ਸਾਨੂੰ ਸਹੀ ਸੇਧ ਪ੍ਰਦਾਨ ਕਰਦਾ ਹੈ। ਜ਼ਰੂਰਤ ਹੈ ਕਿ ਅਸੀ ਉਨ੍ਹਾਂ ਦੇ ਸਾਹਿਤ ਨੂੰ ਆਧਾਰ ਮੰਨਦੇ ਹੋਏ, ਸਿੱਖੀ ਅਤੇ ਸਿੱਖ ਦਰਸ਼ਨ ਦੇ ਮੁਢਲੇ ਤੱਤਾਂ ਨੂੰ ਪਛਾਣ ਵਿਸ਼ਵ ਭਾਈਚਾਰੇ ਵਿਚ ਆਪਣਾ ਯੋਗਦਾਨ ਪਾਈਏ:
ਸੁਰਤ ਕਰਨ ਬਲਵਾਨ ਸਿੱਖੀ  ਮੂਲ ਹੈ
ਚੜ੍ਹਦੀ ਕਲਾ ਨਿਵਾਸ ਅੰਦਰ ਰੱਖਣਾ।

ਭਾਈ ਸਾਹਿਬ ਦਾ ਸੰਦੇਸ਼:
ਵਾਹਿਗੁਰੂ ਦੀ ਮਰਜ਼ੀ ਵਿਚ ਮਰਜ਼ੀ ਮੇਲਣਾ ਸਿੱਖੀ ਹੈ। ਸਿੱਖ ਉਹੋ ਹੈ ਜੋ ਹੁਕਮੀ ਬੰਦਾ ਹੈ। ਮਾਲਕ ਜੋ ਕਰਦਾ ਹੈ ਠੀਕ ਕਰਦਾ ਹੈ। ਵਾਹਿਗੁਰੂ ਆਪਣੇ ਪਿਆਰਿਆਂ ਨੂੰ ਸਦਾ ਪਿਆਰ ਕਰਦਾ ਹੈ, ਉਸ ਦੇ ਪਿਆਰ ਨੂੰ ਪਿਆਰ ਸਮਝਣਾ ਚਾਹਿਏ। ਆਪਣੇ ਸਿਮਰਨ ਵਿਚ ਅਇਆਂ ਉਤੇ ਵਾਹਿਗੁਰੂ ਮਿਹਰ ਕਰਦਾ ਹੈ। ਉਨ੍ਹਾਂ ਦੇ ਔਗੁਣ ਬਖਸ਼ਦਾ ਹੈ ਅਤੇ ਸੁਖ ਦੇਂਦਾ ਹੈ।
ਹੁਕਮ ਇਹੀ ਹੈ ਕਿ ਮਨ ਮੈਲਾ ਹੋਏ ਚਾਹੇ ਸਾਫ, ਸਿਮਰਨ ਨਹੀਂ ਛੋੜਨਾ। ਗੁਰੂ ਆਪੇ ਠੀਕ ਕਰਸੀ। ਕੰਮ ਕਰਨੇ ਹਨ, ਪਰ ਮਨ ਉੱਚਾ ਰੱਖਕੇ। ਹਾਂ ਮਤ ਉਚੀ ਰਖ ਕੇ ਤੇ ਮਨ ਨੂੰ ਮਤ ਦੇ ਵਸ ਰਖ ਕੇ ਤੇ ਮਤ ਵਾਹਿਗੁਰੂ ਵਸ ਰਖ ਕੇ।
ਸ਼ੁਕਰ ਵਿਚ ਵਸਿਆ ਕਰੋ। ਮਨ ਖਿਝ ਵਿਚ ਜਾਣ ਲੱਗੇ ਤਾਂ ਗੁਰੂ ਨਾਨਕ ਦੇ ਮਿੱਠੇ ਸੁਭਾਵ ਨੂੰ ਯਾਦ ਕਰ ਕੇ ਮਿਠਾਸ ਵਿਚ ਲੈ ਜਾਇਆ ਕਰੋ। ਦੁਨੀਆਂ ਦੇ ਇੰਤਜ਼ਾਮਾਂ, ਸਰੀਰ ਦੇ ਸੁਖਾਂ ਦੁੱਖਾਂ ਨੂੰ ਆਪਣੇ ਅਧੀਨ ਕਰਨ ਦੀ ਬਜਾਇ, ਆਪਣੇ ਆਪ ਨੂੰ ਮਾਲਕ (ਅਕਾਲ ਪੁਰਖ) ਦੇ ਅਧੀਨ ਕਰੋ।
ਜ਼ਿੰਦਾ ਦਿਲ ਹੋ ਜਾਣਾ ਹੀ ਜਿਉਣਾ ਹੈ। ਮੁਰਦਾ ਸੁਰਤਾਂ ਵਾਲਾ ਸੰਸਾਰ ਜਿਉ ਨਹੀਂ ਰਿਹਾ।
ਅਸੀਂ ਸਤਿਗੁਰ ਦੇ ਵਿਦਿਆਰਥੀ ਹਾਂ। ਸਤਿਗੁਰ ਨੇ ਰਜ਼ਾ ਦਾ ਸਬਕ ਸਿਖਾਣਾ ਹੈ। ਸੋ ਸਿਖਾਂਦਾ ਹੈ। ਅਸਾਡੇ ਅੰਦਰ ਬੈਠਾ ਸਤਿਗੁਰ ਕੰਮ ਕਰ ਰਿਹਾ ਹੈ। ਦਿਲਾਂ ਦੇ ਦਾਗ ਧੋ ਰਿਹਾ ਹੈ। ਅਰ ਉਚਿਆਂ ਕਰ ਰਿਹਾ ਹੈ।
ਜੋ ਆਦਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਖਾਲਸੇ ਜੀ ਦੇ ਅਧਿਕਾਰ ਖੋਹਕੇ ਖਾਲੀ ਦੋਨੋਂ ਇਖ਼ਤਿਆਰਾਂ ਦਾ ਆਪ ਹੀ ਮਾਲਕ ਬਣਨਾ ਚਾਹੁੰਦਾ ਹੈ, ਸੋ ਕਦੀ ਵੀ ਸਿਖੀ ਵਿਚ ਇੱਜ਼ਤ ਨਹੀਂ ਪਾਉਂਦਾ।
ਅਜ਼ਾਦੀ ਕਦੇ ਕੋਈ ਦੇਂਦਾ ਨਹੀਂ ਹੋਂਦਾ, ਇਹ ਤਾਂ ਲੈਣੀ ਪੈਂਦੀ ਹੈ ਤੇ ਲੈਣ ਲਈ ਸਾਹਸ, ਸਿਰੜ ਤੇ ਬਲੀਦਾਨ ਦੀ ਲੋੜ ਹੋਂਦੀ ਹੈ। ਬਿਨਾ ਬਲੀਦਾਨ ਦੇ ਕੌਮਾਂ ਨਹੀਂ ਬਣਦੀਆਂ।
ਕਾਗਉ ਹੰਸ ਕਰੇ ਗੁਰ ਸਮਰੱਥ ਹੈ
ਜਉ ਸਿੱਖਾਂ ਮੈਂ ਚੂਕ ਸਤਿਗੁਰ ਕੀ ਕਰੇ?
——–
ਸਿੱਖੀ ਲੇਵੋ ਧਾਰ ਧਰਮ ਸੁਲੱਖਣਾ
ਆ ਜਾਵੇਗਾ ਸਵਾਦ ਜਨਮ ਮਨੁੱਖ ਦਾ।
———
ਅੰਤਰ ਸੁਰਤ ਗਿਆਨ ਅਸਲੀ ਜੋਗ ਹੈ
ਜੁੜਨਾ ਸਾਈਂ ਨਾਲ ਅਸਲੀ ਜੋਗ ਹੈ
ਬਿਨ ਜੁੜਿਆਂ ਉਸ ਨਾਲ ਜੋਗ ਅਜੋਗ ਹੈ।
———
ਰਬ-ਚਰਨਾਂ ਤੋਂ ਦੂਰ ਦਿਲ ਮਾਨੁੱਖ ਦਾ
ਵਿੱਥ ਇਨ੍ਹਾਂ ਵਿਚਕਾਰ ਪਈ ਅਮੇਣਵੀਂ।
———
ਕਰ ਬੰਦੇ ਅਰਦਾਸ ਸ਼ੁਕਰ ਸੁ ਰਾਤ ਦਾ
ਦਿਨ ਦੇ ਕੰਮਾਂ ਵਿਚ ਬਰਕਤ ਮੰਗ ਤੂ।

ਸਿਮਰਨਜੀਤ ਕੌਰ
ਰਿਸਰਚ ਸਕਾਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ
simran.sidhu662@gmail.com

Welcome to Punjabi Akhbar

Install Punjabi Akhbar
×
Enable Notifications    OK No thanks