ਜਿਹੜੇ ਚਰਖੜੀਆਂ ‘ਤੇ ਚੜ੍ਹੇ, ਭਾਈ ਸੁਬੇਗ ਸਿੰਘ – ਭਾਈ ਸ਼ਾਹਬਾਜ਼ ਸਿੰਘ

ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਸਿੱਖ ਪੰਥ ਦੇ ਉਹ ਅਣਮੋਲ ਹੀਰੇ ਹਨ, ਜਿਹਨਾਂ ਨੂੰ ਪੰਥ ਵੱਲੋਂ ਲੱਖਾਂ ਅਰਦਾਸਾਂ ਰਾਹੀਂ ਰੋਜ਼ਾਨਾ ਯਾਦ ਕੀਤਾ ਜਾਂਦਾ ਹੈ। ਭਾਈ ਸੁਬੇਗ ਸਿੰਘ ਦਾ ਜਨਮ ਲਾਹੌਰ ਜਿਲ੍ਹੇ ਦੇ ਜੰਬਰ ਪਿੰਡ ਦੇ ਸਿਰ ਕੱਢ ਜ਼ਿੰਮੀਦਾਰ ਰਾਏ ਭਾਗਾ ਦੇ ਘਰ ਹੋਇਆ ਸੀ। ਭਾਈ ਸਾਹਿਬ ਦੀ ਸਹੀ ਜਨਮ ਮਿਤੀ ਮੁਹੱਈਆ ਨਹੀਂ ਹੈ। ਭਾਈ ਸੁਬੇਗ ਸਿੰਘ ਨੇ ਪਿੰਡ ਤੋਂ ਹੀ ਅਰਬੀ ਅਤੇ ਫਾਰਸੀ ਦੀ ਸਿੱਖਿਆ ਗ੍ਰਹਿਣ ਕੀਤੀ ਜੋ ਅਗਲੇ ਜੀਵਨ ਵਿੱਚ ਉਹਨਾਂ ਦੇ ਬਹੁਤ ਕੰਮ ਆਈ ਕਿਉਂਕਿ ਫਾਰਸੀ ਲਾਹੌਰ ਅਤੇ ਦਿੱਲੀ ਦਰਬਾਰ ਦੀ ਸਰਕਾਰੀ ਭਾਸ਼ਾ ਸੀ। ਜਵਾਨ ਹੋਣ ‘ਤੇ ਉਹ ਲਾਹੌਰ ਚਲੇ ਗਏ ਤੇ ਸਰਕਾਰੀ ਠੇਕੇਦਾਰ ਦੇ ਤੌਰ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਦੇ ਘਰ ਇੱਕ ਪੁੱਤਰ ਸ਼ਾਹਬਾਜ਼ ਸਿੰਘ ਨੇ ਜਨਮ ਲਿਆ।
ਉਸ ਵੇਲੇ ਲਾਹੌਰ ਦਾ ਸੂਬੇਦਾਰ ਖਾਨ ਬਹਾਦਰ ਜ਼ਕਰੀਆ ਖਾਨ ਸੀ ਤੇ ਸਿੱਖ ਮੁਗਲ ਸੰਘਰਸ਼ ਸਿਖਰਾਂ ‘ਤੇ ਸੀ। ਨਿੱਤ ਦੀਆਂ ਲੜਾਈਆਂ ਅਤੇ ਲੁੱਟ ਮਾਰ ਕਾਰਨ ਪੰਜਾਬ ਦੀ ਆਰਥਿਕਤਾ ਇੱਕ ਤਰਾਂ ਨਾਲ ਤਬਾਹ ਹੋ ਗਈ ਸੀ। ਮੱਧ ਏਸ਼ੀਆ ਤੋਂ ਭਾਰਤ ਆਉਣ ਵਾਲੇ ਵਪਾਰੀ ਪੰਜਾਬ ਵਿੱਚ ਵੜਨ ਤੋਂ ਕਤਰਾਉਣ ਲੱਗ ਪਏ ਸਨ ਤੇ ਚੁੰਗੀ ਅਤੇ ਹੋਰ ਟੈਕਸ ਪ੍ਰਾਪਤ ਨਾ ਹੋਣ ਕਾਰਨ ਸਰਕਾਰੀ ਖਜ਼ਾਨਾ ਖਾਲੀ ਹੋ ਗਿਆ ਸੀ। ਫੌਜ ਨੂੰ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਸੀ ਮਿਲੀ ਅਤੇ ਉੱਪਰੋਂ ਦਿੱਲੀ ਦਰਬਾਰ ਦਾ ਪੰਜ ਸਾਲ ਦਾ ਖਿਰਾਜ਼ (ਟੈਕਸ) ਦੇਣਾ ਬਾਕੀ ਸੀ। 1730 ਈਸਵੀ ਵਿੱਚ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਨੇ ਜਰਨੈਲ ਹੈਬਤ ਖਾਂ ਅਤੇ ਸਲਾਬਤ ਖਾਨ ਨੂੰ ਦੋ ਹਜ਼ਾਰ ਰੋਹੀਲਾ ਫੌਜ ਦੇ ਕੇ ਖਿਰਾਜ਼ ਉਗਰਾਹੁਣ ਲਈ ਲਾਹੌਰ ਭੇਜ ਦਿੱਤਾ। ਉਹਨਾਂ ਨੇ ਲਾਹੌਰ ਆਣ ਡੇਰੇ ਲਗਾਏ ਤੇ ਤਿੰਨ ਕਰੋੜ ਰੁਪਏ ਖਿਰਾਜ਼ ਤੋਂ ਇਲਾਵਾ ਆਪਣੇ ਖਰਚੇ ਵਾਸਤੇ ਪੰਜ ਹਜ਼ਾਰ ਰੋਜ਼ਾਨਾਂ ਅਲੱਗ ਤੋਂ ਮੰਗ ਕੀਤੀ। ਜ਼ਕਰੀਆ ਖਾਨ ਨੂੰ ਆਪਣੀ ਸੂਬੇਦਾਰੀ ਖਤਰੇ ਵਿੱਚ ਦਿਸਣ ਲੱਗ ਪਈ ਕਿਉਂਕਿ ਉਸ ਕੋਲ ਤਾਂ ਨਿੱਤ ਪ੍ਰਤੀ ਦੇ ਖਰਚਿਆਂ ਵਾਸਤੇ ਵੀ ਪੈਸੇ ਨਹੀਂ ਸਨ।
ਸੂਬੇਦਾਰ ਨੇ ਆਪਣੀ ਜਾਨ ਬਚਾਉਣ ਲਈ ਦਿੱਲੀ ਦੇ ਜਰਨੈਲਾਂ ਨਾਲ ਧੋਖਾ ਕੀਤਾ ਤੇ ਬੋਰੀਆਂ ਵਿੱਚ ਮੋਹਰਾਂ ਭਰ ਕੇ ਇਹ ਕਹਿ ਦਿੱਤਾ ਕਿ ਤਿੰਨ ਕਰੋੜ ਰੁਪਏ ਹਨ, ਪਰ ਅਸਲ ਵਿੱਚ ਰਕਮ ਬਹੁਤ ਘੱਟ ਸੀ। ਜਰਨੈਲਾਂ ਨੇ ਪੈਸੇ ਨਾ ਗਿਣੇ ਤੇ ਸੂਬੇਦਾਰ ‘ਤੇ ਯਕੀਨ ਕਰ ਕੇ ਦਿੱਲੀ ਵੱਲ ਚਾਲੇ ਪਾ ਦਿੱਤੇ। ਸੂਬੇਦਾਰ ਨੂੰ ਫਿਕਰ ਪੈ ਗਿਆ ਕਿ ਜੇ ਬਾਦਸ਼ਾਹ ਨੂੰ ਇਸ ਧੋਖੇ ਦਾ ਪਤਾ ਚੱਲ ਗਿਆ ਤਾਂ ਗੱਦੀ ਤਾਂ ਜਾਵੇਗੀ ਹੀ, ਸਿਰ ਵੀ ਧੜ ਨਾਲੋਂ ਅਲੱਗ ਹੋ ਸਕਦਾ ਹੈ। ਉਸ ਨੇ ਇੱਕ ਚਾਲ ਚੱਲੀ ਤੇ ਭਾਈ ਸੁਬੇਗ ਸਿੰਘ ਰਾਹੀਂ ਸਿੱਖਾਂ ਨੂੰ ਦਿੱਲੀ ਜਾ ਰਹੇ ਖਜ਼ਾਨੇ ਬਾਰੇ ਖਬਰ ਭੇਜ ਦਿੱਤੀ। ਜਦੋਂ ਦਿੱਲੀ ਦੀ ਫੌਜ ਦਰਿਆ ਬਿਆਸ ਦੇ ਕਿਨਾਰੇ ਪਹੁੰਚੀ ਤਾਂ ਰਾਤ ਨੂੰ ਸਿੱਖਾਂ ਨੇ ਉਹਨਾਂ ਦੇ ਕੈਂਪ ‘ਤੇ ਹਮਲਾ ਕਰ ਦਿੱਤਾ ਤੇ ਖਜ਼ਾਨਾ ਲੁੱਟ ਕੇ ਚਲਦੇ ਬਣੇ। ਮੁਗਲ ਲੁੱਟੇ ਪੁੱਟੇ ਰੋਂਦੇ ਕੁਰਲਾਉਂਦੇ ਦਿੱਲੀ ਨੂੰ ਚਲੇ ਗਏ।
ਸੂਬੇਦਾਰ ਨੇ ਦੂਸਰੀ ਚਾਲ ਇਹ ਖੇਡੀ ਕਿ ਖਜ਼ਾਨੇ ਦੀ ਲੁੱਟ ਸਬੰਧੀ ਬਾਦਸ਼ਾਹ ਦੇ ਕੰਨ ਭਰੇ ਕਿ ਸਿੱਖਾਂ ਦੇ ਹੌਂਸਲੇ ਬਹੁਤ ਜਿਆਦਾ ਵਧ ਗਏ ਹਨ, ਇਸ ਲਈ ਉਸ ਨੂੰ ਹੋਰ ਫੌਜੀ ਮਦਦ ਭੇਜੀ ਜਾਵੇ। ਬਾਦਸ਼ਾਹ ਨੇ ਉਸ ਦੀ ਗੱਲ ਮੰਨ ਲਈ ਤੇ ਵੀਹ ਹਜ਼ਾਰ ਫੌਜ ਨਜ਼ੀਬ ਖਾਨ, ਸਫਦਰ ਖਾਨ ਅਤੇ ਜ਼ਾਫਰ ਖਾਨ ਦੀ ਕਮਾਂਡ ਹੇਠ ਉਸ ਦੀ ਮਦਦ ਲਈ ਭੇਜ ਦਿੱਤੀ। ਪਰ ਸਾਰੀ ਵਾਹ ਲਗਾਉਣ ਦੇ ਬਾਵਜੂਦ ਜ਼ਕਰੀਆ ਖਾਨ ਸਿੱਖਾਂ ਨੂੰ ਬਲ ਨਾਲ ਦਬਾ ਨਾ ਸਕਿਆ ਤਾਂ ਉਸ ਨੇ ਕੂਟਨੀਤੀ ਰਾਹੀਂ ਸ਼ਾਂਤੀ ਸਥਾਪਿਤ ਕਰਨੀ ਚਾਹੀ। ਉਹ ਸਮਝ ਗਿਆ ਸੀ ਕਿ ਸਿੱਖਾਂ ਨੂੰ ਸੰਤੁਸ਼ਟ ਕੀਤੇ ਬਿਨਾਂ ਪੰਜਾਬ ਦੀ ਆਰਥਿਕਤਾ ਮੁੜ ਲੀਹਾਂ ‘ਤੇ ਨਹੀਂ ਲਿਆਂਦੀ ਜਾ ਸਕਦੀ। 1733 ਈਸਵੀ ਦੀ ਦੀਵਾਲੀ ਮਨਾਉਣ ਲਈ ਸਾਰੇ ਸਿੱਖ ਜਥੇ ਅੰਮ੍ਰਿਤਸਰ ਵਿਖੇ ਇਕੱਠੇ ਹੋਏ। ਇਸ ਮੌਕੇ ਜ਼ਕਰੀਆ ਖਾਨ ਨੇ ਭਾਈ ਸੁਬੇਗ ਸਿੰਘ ਨੂੰ ਦੂਤ ਬਣਾ ਕੇ ਪੰਥ ਨਾਲ ਸੁਲ੍ਹਾ ਕਰਨ ਲਈ ਲੰਗਰ ਵਾਸਤੇ ਪੰਜ ਹਜ਼ਾਰ ਰੁਪਏ, ਇੱਕ ਲੱਖ ਰੁਪਏ ਸਲਾਨਾ ਦੀ ਜਾਗੀਰ ਅਤੇ ਨਵਾਬੀ ਦੀ ਖਿਲ੍ਹਤ ਭੇਜੀ। ਉਸ ਵੇਲੇ ਪੰਥ ਦਾ ਪ੍ਰਧਾਨ ਸੈਨਾਪਤੀ ਅਤੇ ਜਥੇਦਾਰ ਦੀਵਾਨ ਦਰਬਾਰਾ ਸਿੰਘ ਸੀ। ਜਦੋਂ ਉਸ ਨੇ ਪੰਥ ਦੀ ਰਾਏ ਪੁੱਛੀ ਤਾਂ ਬਹੁਤਿਆਂ ਨੇ ਇਹ ਪੇਸ਼ਕਸ਼ ਨਾਮੰਜ਼ੂਰ ਕਰਨ ਦੀ ਸਲਾਹ ਦਿੱਤੀ।
ਪਰ ਭਾਈ ਸੁਬੇਗ ਸਿੰਘ ਨੇ ਬਹੁਤ ਹੀ ਸਿਆਣਪ ਵਾਲੀ ਬੇਨਤੀ ਕੀਤੀ, ”ਨੀਤੀ ਇਸ ਗੱਲ ਦੀ ਮੰਗ ਕਰਦੀ ਹੈ ਕਿ ਘਰ ਆਈ ਅਜਿਹੀ ਪੇਸ਼ਕਸ਼ ਮੋੜੀ ਨਾ ਜਾਵੇ। ਸੁਲ੍ਹਾ ਵਾਸਤੇ ਪੰਥ ਨੇ ਦਰਖਾਸਤ ਨਹੀਂ ਕੀਤੀ, ਸਗੋਂ ਲਾਹੌਰ ਸਰਕਾਰ ਨੇ ਡਰ ਕੇ ਕੀਤੀ ਹੈ। ਇਸ ਵਿੱਚ ਪੰਥ ਦੀ ਸ਼ਾਨ ਹੈ, ਨਿਰਾਦਰੀ ਨਹੀਂ। ਸੋ ਸਭ ਕੁਝ ਪ੍ਰਵਾਨ ਕਰ ਲੈਣਾ ਚਾਹੀਦਾ ਹੈ।” ਭਾਈ ਸਾਹਿਬ ਦੀ ਸਲਾਹ ਸਰਬ ਸੰਮਤੀ ਨਾਲ ਮੰਨ ਲਈ ਗਈ ਤੇ ਸ. ਕਪੂਰ ਸਿੰਘ ਨੂੰ ਨਵਾਬ ਥਾਪ ਦਿੱਤਾ ਗਿਆ। ਭਾਈ ਸਾਹਿਬ ਦੀ ਇਸ ਸੇਵਾ ਬਦਲੇ ਜ਼ਕਰੀਆ ਖਾਨ ਨੇ ਉਸ ਨੂੰ ਲਾਹੌਰ ਦਾ ਕੋਤਵਾਲ ਥਾਪ ਦਿੱਤਾ। ਕੋਤਵਾਲ ਬਣ ਕੇ ਭਾਈ ਸੁਬੇਗ ਸਿੰਘ ਨੇ ਪੰਥ ਦੀ ਬਹੁਤ ਸੇਵਾ ਕੀਤੀ। ਚਰਖੀ ਅਤੇ ਸੂਲੀ ਆਦਿ ਸਜ਼ਾਵਾਂ ਬੰਦ ਕਰਵਾ ਦਿੱਤੀਆਂ ਅਤੇ ਦਰਵਾਜ਼ਿਆਂ ਉੱਪਰ ਚਿਣੇ ਹੋਏ ਅਤੇ ਖੂਹਾਂ ਖੱਡਾਂ ਵਿੱਚ ਸੁੱਟੇ ਹੋਏ ਸਿੰਘਾਂ ਦੇ ਸਿਰ ਅਤੇ ਹੋਰ ਅਵਸ਼ੇਸ਼ ਲੱਭ ਕੇ ਗੁਰ ਮਰਿਆਦਾ ਅਨੁਸਾਰ ਅੰਤਿਮ ਸੰਸਕਾਰ ਕਰਵਾਇਆ। ਇਸ ਤੋਂ ਇਲਾਵਾ ਉਸ ਨੇ ਸਖਤੀ ਨਾਲ ਲਾਹੌਰ ਵਿੱਚ ਅਮਨ ਕਾਨੂੰਨ ਦੀ ਸਥਾਪਨਾ ਕੀਤੀ।
ਪਰ ਸਿੱਖਾਂ ਨਾਲ ਸ਼ਾਂਤੀ ਸੰਧੀ ਬਹੁਤਾ ਚਿਰ ਨਿਭ ਨਾ ਸਕੀ। 1735 ਈਸਵੀ ਵਿੱਚ ਜਾਗੀਰ ਜ਼ਬਤ ਕਰ ਲਈ ਗਈ ਪਰ ਭਾਈ ਸਾਹਿਬ ਲਾਹੌਰ ਦੇ ਕੋਤਵਾਲ ਬਣੇ ਰਹੇ। ਪਹਿਲੀ ਜੁਲਾਈ 1745 ਈਸਵੀ ਨੂੰ ਜ਼ਕਰੀਆ ਖਾਨ ਦੀ ਪਿਸ਼ਾਬ ਦਾ ਬੰਨ੍ਹ ਪੈਣ ਕਰਨ ਮੌਤ ਹੋ ਗਈ ਤੇ ਲਾਹੌਰ ਦੀ ਸੂਬੇਦਾਰੀ ਉਸ ਦੇ ਪੁੱਤਰ ਯਾਹੀਆ ਖਾਨ ਨੂੰ ਮਿਲ ਗਈ। ਯਾਹੀਆ ਖਾਨ ਨੇ ਲਖਪਤ ਰਾਏ ਨੂੰ ਆਪਣਾ ਦੀਵਾਨ ਥਾਪ ਦਿੱਤਾ ਤੇ ਸਿੱਖਾਂ ਦੇ ਖਿਲਾਫ ਸਖਤੀ ਦਾ ਦੌਰ ਦੁਬਾਰਾ ਸ਼ੁਰੂ ਹੋ ਗਿਆ। ਫਰਵਰੀ 1746 ਈਸਵੀ ਨੂੰ ਸਿੱਖਾਂ ਦਾ ਇੱਕ ਜਥਾ ਸ਼ਾਹੀ ਫੌਜਾਂ ਨਾਲ ਝੜਪ ਤੋਂ ਬਾਅਦ ਏਮਨਾਬਾਦ ਦੇ ਇਲਾਕੇ ਵਿੱਚ ਪਹੁੰਚ ਗਿਆ। ਏਮਨਾਬਾਦ ਦਾ ਫੌਜਦਾਰ ਜਸਪਤ ਰਾਏ, ਦੀਵਾਨ ਲਖਪਤ ਰਾਏ ਦਾ ਛੋਟਾ ਭਰਾ ਸੀ। ਉਸ ਨੂੰ ਸਿੱਖਾਂ ਦੀ ਆਮਦ ਬਾਰੇ ਪਤਾ ਲੱਗਾ ਤਾਂ ਉਸ ਨੇ ਸਿੱਖਾਂ ‘ਤੇ ਹਮਲਾ ਕਰ ਦਿੱਤਾ। ਸਿੱਖ ਲੜਨਾ ਨਹੀਂ ਸਨ ਚਾਹੁੰਦੇ, ਪਰ ਲੜਾਈ ਬਦੋ ਬਦੀ ਉਹਨਾਂ ਦੇ ਗਲ ਪੈ ਗਈ। ਜਸਪਤ ਰਾਏ ਹਾਥੀ ‘ਤੇ ਬੈਠਾ ਆਪਣੀ ਫੌਜ ਦੀ ਅਗਵਾਈ ਕਰ ਰਿਹਾ ਸੀ ਕਿ ਇੱਕ ਸਿੱਖ ਨਿਬਾਹੂ ਸਿੰਘ ਦੀ ਨਜ਼ਰੇ ਪੈ ਗਿਆ। ਨਿਬਾਹੂ ਸਿੰਘ ਪੂਛ ਪਕੜ ਕੇ ਹਾਥੀ ‘ਤੇ ਜਾ ਚੜ੍ਹਿਆ ਤੇ ਤਲਵਾਰ ਦੇ ਇੱਕੋ ਵਾਰ ਨਾਲ ਜਸਪਤ ਰਾਏ ਦਾ ਸਿਰ ਲਾਹ ਦਿੱਤਾ। ਫੌਜਦਾਰ ਦੇ ਡਿੱਗਦੇ ਸਾਰ ਨਿਖੱਸਮੀਆਂ ਫੌਜਾਂ ਹਰਨ ਹੋ ਗਈਆਂ।
ਆਪਣੇ ਭਰਾ ਦੇ ਕਤਲ ਦੀ ਖਬਰ ਸੁਣ ਕੇ ਲਖਪਤ ਰਾਏ ਨੂੰ ਅੱਗ ਲੱਗ ਗਈ। ਉਸ ਨੇ ਪੱਗ ਯਾਹੀਆ ਖਾਨ ਦੇ ਪੈਰਾਂ ਵਿੱਚ ਸੁੱਟ ਕੇ ਸਹੁੰ ਖਾਧੀ ਕਿ ਜਦ ਤੱਕ ਪੰਥ ਖਤਮ ਨਹੀਂ ਹੋ ਜਾਂਦਾ, ਉਹ ਪੱਗ ਨਹੀਂ ਬੰਨ੍ਹੇਗਾ। ਉਸ ਨੇ ਯਾਹੀਆ ਖਾਨ ਕੋਲੋਂ ਸਿੱਖਾਂ ਦੇ ਕਤਲੇਆਮ ਦਾ ਹੁਕਮ ਲੈ ਲਿਆ। ਇਸ ਤੋਂ ਪਹਿਲਾਂ ਸਿਰਫ ਜੰਗੀ ਸਿੱਖ ਹੀ ਸਰਕਾਰ ਦੇ ਬਾਗੀ ਸਮਝੇ ਜਾਂਦੇ ਸਨ, ਪਰ ਲਖਪਤ ਨੇ ਇੱਕ ਪਾਸਿਉਂ ਹੀ ਵਾਢਾ ਰੱਖ ਲਿਆ। ਲਾਹੌਰ ਅਤੇ ਆਸ ਪਾਸ ਅਮਨ ਅਮਾਨ ਨਾਲ ਵੱਸਦੇ ਤੇ ਸਰਕਾਰੀ ਨੌਕਰੀ ਕਰਦੇ ਸਾਰੇ ਸਿੱਖ ਗ੍ਰਿਫਤਾਰ ਕਰ ਲਏ ਗਏ। ਉਹਨਾਂ ਨੂੰ ਇਸਲਾਮ ਜਾਂ ਮੌਤ ਚੁਣਨ ਲਈ ਪੁੱਛਿਆ ਗਿਆ, ਪਰ ਇੱਕ ਵੀ ਸਿੱਖ ਨੇ ਧਰਮ ਨਾ ਛੱਡਿਆ। ਇਹਨਾਂ ਵਿੱਚ ਭਾਈ ਸੁਬੇਗ ਸਿੰਘ ਤੇ ਉਸ ਦਾ ਬੇਟਾ ਸ਼ਾਹਬਾਜ਼ ਸਿੰਘ ਵੀ ਸ਼ਾਮਲ ਸਨ। ਸਾਰੇ ਸ਼ਹਿਰ ਵਿੱਚ ਹਾਹਾਕਾਰ ਮੱਚ ਗਈ। ਸ਼ਹਿਰ ਦੇ ਪਤਵੰਤੇ ਹਿੰਦੂਆਂ ਨੇ ਦੀਵਾਨ ਕੌੜਾ ਮੱਲ ਦੀ ਅਗਵਾਈ ਹੇਠ ਲਖਪਤ ਨੂੰ ਇਹ ਜ਼ੁਲਮ ਨਾ ਕਰਨ ਦੀ ਬੇਨਤੀ ਕੀਤੀ, ਪਰ ਉਸ ਨੇ ਕਿਸੇ ਦੀ ਨਾ ਮੰਨੀ। ਭਾਈ ਸੁਬੇਗ ਸਿੰਘ ਸਮੇਤ ਸਾਰੇ ਸਿੱਖ ਮੱਸਿਆ ਵਾਲੇ ਦਿਨ 10 ਮਾਰਚ 1746 ਈਸਵੀ ਨੂੰ ਸ਼ਹੀਦ ਕੀਤੇ ਗਏ। ਭਾਈ ਸੁਬੇਗ ਸਿੰਘ ਅਤੇ ਭਾਈ ਸ਼ਾਹਬਾਜ਼ ਸਿੰਘ ਨੂੰ ਚਰਖੜੀਆਂ ‘ਤੇ ਚਾੜ੍ਹ ਕੇ ਸ਼ਹੀਦ ਕੀਤਾ ਗਿਆ। ਭਾਈ ਸਾਹਿਬ ਦੀ ਸ਼ਹੀਦੀ ਸਿੱਖ ਪੰਥ ਦੇ ਇਤਿਹਾਸ ਵਿੱਚ ਸੁਨਿਹਰੀ ਅੱਖਰਾਂ ਵਿੱਚ ਲਿਖੀ ਗਈ ਹੈ।