ਭਾਈ ਸਰਵਣ ਸਿੰਘ ਅਗਵਾਨ ਦਾ ਆਸਟਰੇਲੀਆ ਵਿਖੇ ਕੀਤਾ ਗਿਆ ਮਾਨ-ਸਨਮਾਨ

NZ PIC 2 Nov-2

ਨਵੰਬਰ 1984 ਦੌਰਾਨ ਸਿੱਖ ਕੌਮ ਦਾ ਕੀਤਾ ਗਿਆ ਆਮ ਕਤਲੇਆਮ, ਨਸਲਕੁਸ਼ੀ ਦੀ ਕੋਸ਼ਿਸ਼ ਅੱਜ ਵੀ 30 ਸਾਲ ਬਾਅਦ ਸਿੱਖ ਹਿਰਦਿਆਂ ਦੇ ਵਿਚ ਅੱਲ੍ਹੇ ਜ਼ਖਮਾਂ ਦੀ ਨਿਆਂਈ ਪੀੜ੍ਹਾ ਦਾ ਕੰਮ ਕਰ ਰਹੀ ਹੈ। ਹਰ ਸਾਲ ਇਸ ਨਸਲਕੁਸ਼ੀ ਦੇ ਵਿਚ ਮਾਰੇ ਗਏ ਹਜ਼ਾਰਾਂ ਸਿੱਖਾਂ ਨੂੰ ਗੁਰਦੁਆਰਾ ਸਾਹਿਬਾਨਾਂ ਅੰਦਰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰੇਗੀਬਰਨ ਮੈਲਬੋਰਨ ਆਸਟਰੇਲੀਆ ਵਿਖੇ ਇਕ ਖਾਸ ਸਮਾਗਮ ਇਸ ਵਾਰ ਕੀਤਾ ਗਿਆ ਅਤੇ ਨਿਊਜ਼ੀਲੈਂਡ ਤੋਂ ਭਾਈ ਸਰਵਣ ਸਿੰਘ ਅਗਵਾਨ (ਭਰਾਤਾ ਸ਼ਹੀਦ ਸਤਵੰਤ ਸਿੰਘ) ਨੂੰ ਸੱਦਾ ਪੱਤਰ ਦਿੱਤਾ ਗਿਆ। ਭਾਈ ਸਰਵਣ ਸਿੰਘ ਨੇ ਇਸ ਮੌਕੇ ਇਕੱਤਰ ਸੰਗਤਾਂ ਨੂੰ ਸੰਬੋਧਨ ਹੁੰਦਿਆ ਜਿੱਥੇ ਸ਼ਹੀਦ ਸਤਵੰਤ ਸਿੰਘ ਹੋਰਾਂ ਦੀ ਜੀਵਨੀ, ਪੈਦਾ ਹੋਏ ਰੋਹ, ਸਿੱਖ ਕੌਮ ਦੀ ਡੇਗੀ ਗਈ ਸ਼ਾਖ ਦੇ ਬਦਲੇ ਦਾ ਰੋਹ ਅਤੇ ਹੋਰ ਕਈ ਤਜ਼ਰਬਿਆਂ ਨੂੰ ਸਾਂਝਾ ਕੀਤਾ। ਉਨ੍ਹਾਂ ਸ਼ਹੀਦ ਭਾਈ ਬੇਅੰਤ ਸਿੰਘ ਅਤੇ ਸ਼ਹੀਦ ਭਾਈ ਕੇਹਰ ਸਿੰਘ ਦੀ ਬਹਾਦਰੀ, ਤਿਆਗ ਦੀ ਭਾਵਨਾ ਅਤੇ ਕੁਰਬਾਨੀ ਦੇ ਜ਼ਜ਼ਬੇ ਨੂੰ ਵੀ ਸਿਜਦਾ ਕੀਤਾ। ਗੁਰਦੁਆਰਾ ਕਮੇਟੀ ਵੱਲੋਂ ਪ੍ਰਧਾਨ ਭਾਈ ਪਰਮਜੀਤ ਸਿੰਘ ਗਰੇਵਾਲ ਵੱਲੋਂ ਭਾਈ ਸਰਵਣ ਸਿੰਘ ਅਗਵਾਨ ਅਤੇ ਉਥੇ ਹਾਜ਼ਿਰ ਸ਼ਹੀਦ ਬੇਅੰਤ ਸਿੰਘ ਦੇ ਸਪੁੱਤਰ ਭਾਈ ਜਸਵਿੰਦਰ ਸਿੰਘ ਮਲੋਆ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।