ਜਥੇਦਾਰੋ ਕੌਮ ਦੇ ਬੇੜੇ ਵਿਚ ਹੋਰ ਕਿੰਨੇ ਛੇਕ ਕਰਕੇ ਨਿਕਲੋਗੇ -ਭਾਈ ਸਰਵਣ ਸਿੰਘ ਅਗਵਾਣ

NZ PIC 28 Sep-1ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਅਪ੍ਰੈਲ 2007 ਦੇ ਵਿਚ ਰਚਿਆ ਗਿਆ ਸਵਾਂਗ ਜਿੱਥੇ ਪੂਰੀ ਸਿੱਖ ਕੌਮ ਦੀ ਅਣਖ ਨੂੰ ਵੰਗਾਰਨ ਵਾਲਾ ਸੀ,  ਉਥੇ ਇਸ ਦੇ ਵਿਰੋਧ ਨਾਲ ਉਠੇ ਸਿੱਖ ਜ਼ਜਬਿਆਂ ਦੇ ਵਿਚ ਤਿੰਨ ਸਿੰਘਾਂ ਦੀ ਜਾਨ ਵੀ ਚਲੇ ਗਈ ਸੀ। ਬੀਤੇ ਵੀਰਵਾਰ ਪੰਜ ਸਿੰਘ ਸਾਹਿਬਾਨਾਂ ਵੱਲੋਂ ਇਕ ਮੀਟਿੰਗ ਕਰਕੇ ਡੇਰਾ ਮੁਖੀ ਨੂੰ ਮਾਫ ਕਰਨ ਦੇ ਆਏ ਫੈਸਲਿਆਂ ਨੇ ਪੂਰੇ ਜਗਤ ਵਿਚ ਸਿੱਖ ਕੌਮ ਦੇ ਮਨਾਂ ਨੂੰ ਉਚਾਟ ਕਰ ਦਿੱਤਾ ਹੈ, ਪਰ ਸਿੱਖ, ਹਰ ਸਿੱਖ ਪਰਿਵਾਰ ਇਥੋਂ ਤੱਕ ਕਿ ਸਿੱਖ ਬੱਚੇ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਫੈਸਲੇ ਬਾਅਦ ਹੈਰਾਨ ਹਨ।
ਇਸ ਫੈਸਲੇ ਦਾ ਅਸਰ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦ ਪਰਿਵਾਰਾਂ ਦੇ ਉਤੇ ਬਹੁਤ ਹੀ ਗਹਿਰਾ ਪਿਆ ਹੈ। ਜੂਨ-1984 ਦੇ ਵਿਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹ-ਢੇਰੀ ਕਰਨ ਵਾਲੀ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਸੋਧਾ ਲਾਉਣ ਵਾਲੇ ਸ਼ਹੀਦ ਭਾਈ ਸਤਵੰਤ ਸਿੰਘ ਦਾ ਨਿਊਜ਼ੀਲੈਂਡ ਅਤੇ ਇੰਡੀਆ ਰਹਿੰਦਾ ਪੂਰਾ ਪਰਿਵਾਰ ਸਦਮੇ ਵਿਚ ਹੈ।
ਆਪਣੇ ਵਿਚਾਰਾਂ ਦਾ ਪ੍ਰਗਟਾਅ ਕਰਦਿਆਂ ਭਾਈ ਸਰਵਣ ਸਿੰਘ (ਭਰਾਤਾ ਸ਼ਹੀਦ ਭਾਈ ਸਤਵੰਤ ਸਿੰਘ) ਨੇ ਭਰੇ ਮਨ ਨਾਲ ਕਿਹਾ ਹੈ ਕਿ ”ਜਥੇਦਾਰੋ ਕੌਮ ਦੇ ਬੇੜੇ ਵਿਚ ਹੋਰ ਕਿੰਨੇ ਛੇਕ ਕਰਕੇ ਬਾਹਰ ਨਿਕਲੋਗੇ, ਕੌਮ ਤਾਂ ਅੱਗੇ ਸਿੱਖ ਮਸਲਿਆਂ ਕਰਕੇ ਮਸੀਬਤਾਂ ਦੇ ਭੰਵਰ ਜਾਲ ਵਿਚ ਫਸੀ ਹੋਈ ਹੈ’। ਉਨ੍ਹਾਂ ਜ਼ਜਬਾਤੀ ਅਤੇ ਤੈਅ ਵਿਚ ਆਉਂਦਿਆਂ ਅਗੇ ਕਿਹਾ ਕਿ ”ਡੇਰਾ ਮੁਖੀ ਦਾ ਸਪਸ਼ਟੀਕਰਨ ਜਦ ਕਿ ਉਸਨੂੰ ਮਾਫੀਨਾਮੇ ਦਾ ਨਾਂਅ ਦਿੱਤਾ ਜਾ ਰਿਹਾ ਹੈ, ਨੂੰ ਤੁਰੰਤ ਉਸਦੇ ਮੱਥੇ ਮਾਰਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮਨਾਮਾ ਰੱਦ ਕੀਤਾ ਜਾਵੇ। ਕੌਮ ਨੂੰ ਚਾਹੀਦਾ ਹੈ ਕਿ ਸਰਬੱਤ ਖਾਲਸਾ ਬੁਲਾ ਕੇ ਸਾਰੀ ਸੰਗਤ ਦੇ ਸਾਹਮਣੇ ਪੰਜ ਜਥੇਦਾਰਾਂ ਕੋਲੋਂ ਨੱਕ ਰਗੜਾ ਕੇ ਮੁਆਫੀ ਮੰਗਵਾਏ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਮਣੇ ਇਹ ਗੱਲ ਸਪਸ਼ਟ ਕਰਨ ਕਿ ਇਸ ਮੁਆਫੀ ਨਾਮੇ ਪਿੱਛੇ ਕੀ ਅਸਲ ਸਿਆਸੀ ਕਹਾਣੀ ਰਹੀ ਹੈ?।”
ਆਪਣੇ ਜ਼ਜਬਾਤਾਂ ਨੂੰ ਨਾ ਰੋਕਦਿਆਂ ਭਾਈ ਸਰਵਣ ਸਿੰਘ ਨੇ ਇਹ ਵੀ ਕਹਿ ਦਿੱਤਾ ਕਿ ”ਕੌਮ ਨੂੰ ਚਾਹੀਦਾ ਹੈ ਕਿ ਇਕ ਸਾਂਝਾ ਹੁਕਮ ਜਾਰੀ ਕਰਦਿਆਂ ਇਨ੍ਹਾਂ ਜਥੇਦਾਰਾਂ ਨੂੰ ਡੇਰਾ ਸਿਰਸਾ ਵਿਖੇ ਹੀ ਚਲਦਾ ਕੀਤਾ ਜਾਵੇ ਤਾਂ ਕਿ ਸੰਗਤ ਦੁਬਾਰਾ ਇਨ੍ਹਾਂ ਨੂੰ ਸਿਖ ਸਫਾਂ ਵਿਚ ਵਿਚਰਦਿਆਂ ਨਾ ਦੇਖ ਸਕੇ। ਇਹ ਫੈਸਲਾ ਸਾਬਿਤ ਕਰਦਾ ਹੈ ਕਿ ਜਥੇਦਾਰਾਂ ਨੂੰ ਸਿੱਖ ਕੌਮ ਦੀ ਬਜ਼ਾਏ ਡੇਰੇ ਵਾਲੇ ਸਾਧ ਨੂੰ ਸਾਫ ਸੁਥਰਾ ਅਤੇ ਠੀਕ ਕਹਿਣ ਦਾ ਜਿਆਦਾ ਫਿਕਰ ਸੀ।”
ਭਾਈ ਸਾਹਿਬ ਨੇ ਸਮੁੱਚੇ ਸਿੱਖ ਜਗਤ ਅਤੇ ਦੇਸ਼-ਵਿਦੇਸ਼ ਵਸਦੇ ਸਿੱਖ ਭਾਈਚਾਰੇ ਨੂੰ ਇਸ ਮਾਮਲੇ ਉਤੇ ਏਕਤਾ ਵਿਖਾਉਂਦਿਆਂ ਇਸ ਫੈਸਲੇ ਦੇ ਵਿਰੁੱਧ ਆਪਣੀ ਆਵਾਜ਼ ਸਰਬੱਤ ਖਾਲਸੇ ਤੱਕ ਪੁੱਜਦੀ ਕਰੋ। ਨਿਊਜ਼ੀਲੈਂਡ ਤੋਂ ਉਠ ਰਹੀ ਵਿਰੋਧੀ ਆਵਾਜ਼ ਅਤੇ ਸਿੱਖ ਸੁਸਾਇਟੀਆਂ ਵੱਲੋਂ ਬਣਾਈ ਜਾ ਰਹੀ ਰਣਨੀਤੀ ਦੀ ਵੀ ਉਨ੍ਹਾਂ ਸੁਪੋਰਟ ਕੀਤੀ ਹੈ।
ਵਰਨਣਯੋਗ ਹੈ ਕਿ ਜਥੇਦਾਰਾਂ ਵੱਲੋਂ ਪਹਿਲਾਂ ਵੀ ਕੌਮੀ ਮੁੱਦਿਆਂ ਦੇ ਉਤੇ ਇਕ ਪਾਸੜ ਅਤੇ ਸਿਆਸੀ ਦਬਾਅ ਅਧੀਨ ਫੈਸਲੇ ਕਰਦਿਆਂ ਸਿੱਖ ਕੌਮ ਦੇ ਬੇੜੇ ਵਿਚ ਛੇਕ ਪਾਏ ਜਾਂਦੇ ਰਹੇ ਹਨ, ਪਰ ਸਿੱਖ ਕੌਮ ਇਨ੍ਹਾਂ ਸਤਿਕਾਰਤ ਅਹੁਦਿਆਂ ਦਾ ਸਨਮਾਨ ਕਰਦਿਆਂ ਕਿਸੇ ਹੱਦ ਤੱਕ ਚੁੱਪ ਰਹੀ ਹੈ।

Install Punjabi Akhbar App

Install
×