ਭਾਈ ਪੰਥਪ੍ਰੀਤ ਸਿੰਘ ਆਕਲੈਂਡ ਪਹੁੰਚੇ-ਸੰਗਤਾਂ ਵੱਲੋਂ ਹਵਾਈ ਅੱਡੇ ਉਤੇ ਨਿੱਘਾ ਸਵਾਗਤ

NZ PIC 7 July-1

ਸਰੀਰ ਦੀ ਭੁੱਖ ਜਿਵੇਂ ਭੋਜਨ ਕਰਨ ਦੇ ਨਾਲ ਮਿਟਦੀ ਹੈ ਉਸੇ ਤਰ੍ਹਾਂ ਮਨ ਦੀ ਭੁੱਖ ਭਜਨ ਕਰਨ ਨਾਲ ਮਿਟਦੀ ਹੈ। ਸਤਿ ਸੰਗਤ ਕਰਨ ਦਾ ਸਿੱਖ ਧਰਮ ਦੇ ਵਿਚ ਖਾਸ ਮਹੱਤਵ ਹੈ। ਸੋ ਸਿੱਖੀ ਪ੍ਰਚਾਰ ਦੇ ਲਈ ਸਿੱਖ ਪੰਥ ਦੇ ਪ੍ਰਸਿੱਧ ਕੀਰਤਨ ਅਤੇ ਕਥਾਕਾਰ ਭਾਈ ਪੰਥਪ੍ਰੀਤ ਸਿੰਘ ਖਾਲਸਾ ਸਿੱਖੀ ਪ੍ਰਚਾਰ ਦੇ ਲਈ ਅੱਜ ਬਾਅਦ ਦੁਪਹਿਰ ਆਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਪਹੁੰਚੇ। ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਪਾਟੋਏਟੋਏ ਤੋਂ ਪ੍ਰਬੰਧਕ ਜਨ ਅਤੇ ਹੋਰ ਸੰਗਤਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੌਰਤਾ ਬਰਕਰਾਰ ਰੱਖਣ, ਗੁਰਬਾਣੀ ਦੇ ਪ੍ਰਚਾਰ ਤੇ ਪਸਾਰ ਹਿੱਤ ਉਨ੍ਹਾਂ ਦੇ ਇਥੇ ਕੁੱਲ 10 ਦਿਨਾਂ ਦੇ ਵਿਚ 12 ਦੀਵਾਨ ਨਿਯਤ ਕੀਤੇ ਗਏ ਹਨ। 8 ਜੁਲਾਈ ਤੋਂ 17 ਜੁਲਾਈ ਤੱਕ ਇਹ ਦੀਵਾਨ ਰੋਜ਼ਾਨਾ ਚੱਲਣਗੇ। ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਸੋਮਵਾਰ ਤੋਂ ਸ਼ਨਿਚਰਵਾਰ ਦਰਮਿਆਨ ਇਹ ਦੀਵਾਨ ਸ਼ਾਮ 7 ਵਜੇ ਤੋਂ 8 ਵਜੇ ਤੱਕ ਸਜਿਆ ਕਰਨਗੇ ਜਦ ਕਿ 10 ਜੁਲਾਈ ਅਤੇ 17 ਜੁਲਾਈ ਦਿਨ ਐਤਵਾਰ ਨੂੰ ਇਹ ਦੀਵਾਨ ਦੁਪਹਿਰ 12 ਤੋਂ 1 ਵਜੇ ਤੱਕ ਹੋਇਆ ਕਰਨਗੇ। ਇਸੇ ਤਰ੍ਹਾਂ 10 ਜੁਲਾਈ ਨੂੰ ਸ਼ਾਮ 7 ਤੋਂ 8 ਵਜੇ ਤੱਕ ਦਾ ਦੀਵਾਨ ਗੁਰਦੁਆਰਾ ਸਿੱਖ ਸੰਗਤ ਟੌਰੰਗਾ ਵਿਖੇ ਰੱਖਿਆ ਗਿਆ ਹੈ ਜਦ ਕਿ 17 ਜੁਲਾਈ ਦਿਨ ਐਤਵਾਰ ਨੂੰ ਸ਼ਾਮ 7 ਤੋਂ 8 ਵਜੇ ਤੱਕ ਦਾ ਦੀਵਾਨ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਪਾਪਾਟੋਏਟੋਏ ਵਿਖੇ ਰੱਖਿਆ ਗਿਆ ਹੈ। ਸਾਰੇ ਦੀਵਾਨਾਂ ਨੂੰ ਸਿੱਖ ਵਰਲਡ ਲਾਈਵ ਡਾਟ ਕਾਮ ਉਤੇ ਸੁਣਿਆ ਜਾ ਸਕੇਗਾ।

Install Punjabi Akhbar App

Install
×