ਐਮ.ਆਰ.ਪੀ ਦੇ ਨਾਂਅ ‘ਤੇ ਕੀਤੀ ਜਾ ਰਹੀ ਮਰੀਜਾਂ ਦੀ ਰੋਕੀ ਜਾਵੇ ਲੁੱਟ: ਚੰਦਬਾਜਾ
(ਫ਼ਰੀਦਕੋਟ) ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਨੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਦੀ ਅਗਵਾਈ ਹੇਠ ਕੈਂਸਰ ਮਰੀਜਾਂ ਦੀਆਂ ਮੁਸ਼ਕਲਾਂ, ਮੁਫਤ ਇਲਾਜ ਅਤੇ ਐਮ.ਆਰ.ਪੀ. ਦੇ ਨਾਂਅ ‘ਤੇ ਦਵਾਈਆਂ ਵਿੱਚ ਹੋ ਰਹੀ ਲੁੱਟ ਆਦਿਕ ਸਮੱਸਿਆਵਾਂ ਦੇ ਹੱਲ ਲਈ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ ਨੂੰ ਲਿਖਤੀ ਸ਼ਿਕਾਇਤਾਂ ਸੋਂਪਣ ਮੌਕੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਸੁਸਾਇਟੀ ਸਮਾਜ ਭਲਾਈ ਅਤੇ ਕੈਂਸਰ ਪੀੜ੍ਹਿਤਾਂ ਦੀ ਸਹਾਇਤਾ ਦੇ ਕਾਰਜ ਕਰ ਰਹੀ ਹੈ। ਸੁਸਾਇਟੀ ਲੋੜਵੰਦ ਕੈਂਸਰ ਪੀੜ੍ਹਿਤਾਂ ਨੂੰ ਇਲਾਜ ਲਈ ਤੁੱਛ ਜਿਹੀ ਮੱਦਦ ਕਰਨ ਦੇ ਨਾਲ ਨਾਲ ਬਿਮਾਰੀ ਦੇ ਇਲਾਜ ਦੌਰਾਨ ਆਰਥਿਕ ਪੱਖੋਂ ਕਮਜ਼ੋਰ ਹੋ ਚੁੱਕੇ ਕੁੱਝ ਕੈਂਸਰ ਪੀੜ੍ਹਤਾਂ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਵਿੱਚ ਮੱਦਦ ਕਰ ਰਹੀ ਹੈ। ਇਸ ਤੋਂ ਇਲਾਵਾ ਸੁਸਾਇਟੀ ਵਾਤਾਵਰਣ ਦੀ ਸੰਭਾਲ ਸਮੇਤ ਕੈਂਸਰ ਅਤੇ ਹੋਰ ਬਿਮਾਰੀਆਂ ਸਬੰਧੀ ਸਕੂਲਾਂ ‘ਚ ਸੈਮੀਨਾਰਾਂ, ਲੈਕਚਰ, ਪੈਂਫਲਿਟ ਆਦਿ ਵੰਡ ਕੇ ਸਮਾਜ ਵਿੱਚ ਜਾਗਰੂਕਤਾ ਪੈਦਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕੈਂਸਰ ਦੀ ਬਿਮਾਰੀ ਕਾਰਨ ਹੋ ਰਹੇ ਭਾਰੀ ਖਰਚੇ ਕਰਕੇ ਬੱਚਿਆਂ ਦੀਆਂ ਪੜ੍ਹਾਈਆਂ ਛੁੱਟ ਰਹੀਆਂ ਹਨ , ਮਰੀਜਾਂ ਦੇ ਮਕਾਨ ਗਹਿਣੇ/ਵਿੱਕ ਰਹੇ ਹਨ, ਦੋ ਵਕਤ ਦੀ ਰੋਟੀ ਦਾ ਵੀ ਔਖਾ ਹੋ ਰਿਹਾ ਹੈ। ਉਨ੍ਹਾਂ ਉਕਤ ਮੈਮੋਰੰਡਮ ਰਾਹੀਂ ਮੰਗ ਕੀਤੀ ਹੈ ਕਿ ਸਾਰੀਆਂ ਦਵਾਈਆਂ ਹਸਪਤਾਲ ਵਿੱਚੋਂ ਮੁਹੱਈਆ ਕਰਵਾਈਆਂ ਜਾਣ ਅਤੇ ਸਾਰਾ ਇਲਾਜ ਵੀ ਮੁਫਤ ਕੀਤਾ ਜਾਵੇ। ਸੁਸਾਇਟੀ ਦੇ ਮੀਤ ਪ੍ਰਧਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਸੇਵਾ ਕਰਦਿਆਂ ਸੁਸਾਇਟੀ ਦੇ ਧਿਆਨ ਵਿੱਚ ਆਇਆ ਹੈ ਕਿ ਦਵਾਈਆਂ ਦੇ ਐਮ.ਆਰ.ਪੀ ਅਤੇ ਅਸਲ ਮੁੱਲ ਵਿੱਚ ਕਈ ਦਵਾਈਆਂ ਵਿੱਚ 10ਤੋਂ 12 ਗੁਣਾ ਅੰਤਰ ਪਾਇਆ ਗਿਆ ਹੈ। ਆਮ ਵਿਅਕਤੀ ਨੂੰ ਇਸ ਤਰ੍ਹਾਂ ਸਿਰਫ ਕੈਮਿਸਟ ਦੇ ਰਹਿਮੋ ਕਰਮ ‘ਤੇ ਛੱਡ ਦਿੱਤਾ ਗਿਆ ਹੈ ਕਿ ਉਹ ਆਪਣੀ ਮਰਜੀ ਨਾਲ ਦਵਾਈ ਦਾ ਮੁੱਲ ਲਾ ਲਵੇ। ਬਹੁਤੇ ਨਾਮੀ ਹਸਪਤਾਲਾਂ ਵਿੱਚ ਦਵਾਈਆਂ ਐਮ.ਆਰ.ਪੀ ‘ਤੇ ਵੇਚੀਆਂ ਜਾਂਦੀਆਂ ਹਨ । ਇਸ ਤਰ੍ਹਾਂ ਨਾਲ ਭੋਲੇ ਭਾਲੇ ਲੋਕਾਂ ਦੀ ਲੁੱਟ ਕਰਨ ਦੀ ਮਨਜੂਰੀ ਦੇ ਦਿੱਤੀ ਗਈ ਹੈ। ਸੁਸਾਇਟੀ ਨੇ ਪਿਛਲੇ 10 ਸਾਲਾਂ ਵਿੱਚ ਵੱਖ ਵੱਖ ਅਹੁਦਿਆਂ ‘ਤੇ ਬੈਠੇ ਆਗੂਆਂ ਨੂੰ ਇਸ ਸਬੰਧ ਵਿੱਚ ਸਮੇਂ ਸਮੇਂ ‘ਤੇ ਲਿਖਿਆ ਗਿਆ ਸੀ ਪਰ ਕਿਸੇ ਵੱਲੋਂ ਵੀ ਇਸ ਮਸਲੇ ਉੱਪਰ ਧਿਆਨ ਨਹੀਂ ਦਿੱਤਾ ਗਿਆ। ਅੰਤ ‘ਚ ਸੁਸਾਇਟੀ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਰਾਹੀਂ ਕੈਂਸਰ ਨਾਲ ਸਬੰਧਤ 51 ਦਵਾਈਆਂ ‘ਚੋਂ 46 ਦਵਾਈਆਂ ਨੂੰ ਕੰਟਰੋਲ ਯੁਕਤ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਕੈਂਸਰ ਸਮੇਤ ਹੋਰ ਸਾਰੀਆਂ ਬਿਮਾਰੀਆਂ ਦੀਆਂ ਦਵਾਈਆਂ ਦੇ ਐਮ ਆਰ ਪੀ ਅਤੇ ਅਸਲ ਮੁੱਲ ਵਿਚਲੇ ਅੰਤਰ ਨੂੰ ਖਤਮ ਕਰਵਾ ਕੇ ਦਵਾਈਆਂ ਮਰੀਜ਼ਾਂ ਲਈ ਵਾਜਿਬ ਮੁੱਲ ‘ਤੇ ਦਿਵਾਉਣ ਲਈ ਵਿਧਾਨ ਸਭਾ ਵਿੱਚ ਇਸ ਸਬੰਧੀ ਸਿਹਤ ਵਿਭਾਗ ਅਤੇ ਇੰਡੀਅਨ ਮੈਡੀਕਲ੍ਹ ਕਾਊਂਸਲ ਦੀ ਪੰਜਾਬ ਇਕਾਈ, ਬੁੱਧਜੀਵੀ, ਵਕੀਲਾਂ ਦਾ ਪੈਨਲ, ਦਵਾਈਆਂ ਦੇ ਮਾਹਰ ਬੁਲਾ ਕੇ ਵਿਚਾਰ ਚਰਚਾ ਕਰਵਾਈ ਜਾਵੇ ਅਤੇ ਭਾਰਤ ਸਰਕਾਰ ਨੂੰ ਇਸ ‘ਤੇ ਕੰਟਰੋਲ ਕਰਨ ਦੀ ਬੇਨਤੀ ਕੀਤੀ ਜਾਵੇ। ਸਪੀਕਰ ਸੰਧਵਾਂ ਨੇ ਵਿਸ਼ਵਾਸ਼ ਦਿਵਾਇਆ ਕਿ ਉਕਤ ਮਾਮਲਾ ਜਲਦ ਹੀ ਮੁੱਖ ਮੰਤਰੀ ਪੰਜਾਬ ਅਤੇ ਸਿਹਤ ਮੰਤਰੀ ਦੇ ਧਿਆਨ ‘ਚ ਲਿਆ ਕੇ ਇਸ ਦੇ ਹੱਲ ਲਈ ਯਤਨ ਆਰੰਭ ਦਿੱਤੇ ਜਾਣਗੇ।