ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਜੋ ਕਿ ਪਿਛਲੇ ਕਈ ਦਹਾਕਿਆਂ ਤੋਂ ਸਿੱਖ ਹੱਕਾਂ, ਪੀੜਤ ਸਿੱਖ ਪਰਿਵਾਰਾਂ ਲਈ ਨਿਆਂ ਅਤੇ ਵਿਦੇਸ਼ ਦੇ ਵਿਚ ‘ਸਿੱਖਜ਼ ਫਾਰ ਜਸਟਿਸ’ ਨਾਂਅ ਦੀ ਸੰਸਥਾ ਦੇ ਭਾਰਤੀ ਨੁਮਾਇੰਦੇ ਬਣ ਕੇ ਸਮਾਜ ਸੇਵਾ ਦੇ ਵਿਚ ਵਿਚਰ ਹਨ, ਨੂੰ ਅੱਜ ਨਿਊਜ਼ੀਲੈਂਡ ਦੇ ਵਿਚ ਸੁਪਰਮੀ ਸਿੱਖ ਸੁਸਾਇਟੀ ਵੱਲੋਂ ਸੋਨੇ ਦੇ ਤਮਗੇ ਨਾਲ ਸਨਮਾਨਿਤ ਕੀਤਾ ਗਿਆ। ਭਾਈ ਸਾਹਿਬ ਪਿਛਲੇ ਕਈ ਦਹਾਕਿਆਂ ਤੋਂ ਸਿੱਖ ਹੱਕਾਂ ਦੇ ਉਤੇ ਪਹਿਰਾ ਦੇ ਰਹੇ ਹਨ। ਸੁਪਰੀਮ ਸਿੱਖ ਸੁਸਾਇਟੀ ਦੇ ਸੱਦੇ ਉਤੇ ਹਫਤੇ ਕੁ ਦੇ ਲਈ ਪਹੁੰਚੇ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਨੇ ਅੱਜ ਦੋ ਗੁਰਦੁਆਰਾ ਸਾਹਿਬਾਨਾਂ ਦੇ ਅੰਦਰ ਹਾਜ਼ਰ ਸੰਗਤਾਂ ਨੂੰ ਸੰਬੋਧਨ ਕੀਤਾ। ਪਹਿਲਾਂ ਉਹ ਆਕਲੈਂਡ ਦੇ ਵਿਚ ਸਥਿੱਤ ਸਭ ਤੋਂ ਪਹਿਲੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਉਟਾਹੂਹੂ ਵਿਖੇ ਸੰਬੋਧਨ ਹੋਏ ਅਤੇ ਫਿਰ ਸਭ ਤੋਂ ਵੱਡੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਸੰਗਤਾਂ ਨੂੰ ਸੰਬੋਧਨ ਹੋਏ। ਉਨ੍ਹਾਂ ਆਪਣੇ 20-25 ਮਿੰਟ ਦੇ ਵਿਚ ਵਿਚਾਰ ਰੱਖਦਿਆਂ ਮੌਜੂਦਾ ਅਤੇ ਚੱਲੇ ਆ ਰਹੇ ਸਿੱਖ ਮਸਲਿਆਂ ਸਬੰਧੀ ਸੰਗਤਾਂ ਨੂੰ ਕਈ ਪੱਖਾਂ ਤੋਂ ਜਾਣੂ ਕਰਵਾਇਆ। ਵਿਦੇਸ਼ੀ ਵਸਦੇ ਸਿੱਖ ਪਰਿਵਾਰਾਂ ਨੂੰ ਆਪਣੇ ਧਰਮ ਅਤੇ ਵਿਰਸੇ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ। ਇਕ ਭੇਟ ਵਾਰਤਾ ਦੌਰਾਨ ਉਨ੍ਹਾਂ ਕਿਹਾ ਕਿ ਵਿਦੇਸ਼ਾਂ ਅੰਦਰ ਵਸਦਿਆਂ ਗੁਰਦੁਆਰਾ ਸਾਹਿਬ ਦੇ ਅੰਦਰ ਹਰ ਹਫਤੇ ਪਰਿਵਾਰਾਂ ਸਮੇਤ ਪਹੁੰਚਣਾ ਬਹੁਤ ਚੰਗੀ ਰਵਾਇਤ ਹੈ। ਉਨ੍ਹਾਂ ਇਸ ਗੱਲ ਉਤੇ ਜ਼ੋਰ ਦਿੱਤਾ ਸਿੱਖ ਦੀ ਜੀਵਨ ਦੁਨੀਆ ਤੋਂ ਬਿਲਕੁਲ ਨਿਆਰਾ ਹੈ, ਇਸ ਕਰਕੇ ਆਪਣਾ ਨਿਆਰਾਪਨ ਵਿਦੇਸ਼ਾਂ ਦੇ ਵਿਚ ਰਹਿ ਕੇ ਕਾਇਮ ਰੱਖਣਾ ਵੀ ਜਰੂਰੂ ਹੈ ਅਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਇਸ ਪਾਸੇ ਲਾਉਣਾ ਹੈ।
ਨਵੰਬਰ 1984 ਦੀ ਗੱਲ ਕਰਦਿਆਂ ਉਨ੍ਹਾਂ ਜ਼ਿਕਰ ਕੀਤਾ ਕਿ ਸਿੱਖ ਨਸਲਕੁਸ਼ੀ ਦੇ ਵਿਚ 16000 ਤੋਂ ਵੱਧ ਪਰਿਵਾਰ ਪ੍ਰਭਾਵਿਤ ਹੋਏ ਜਿਨ੍ਹਾਂ ਦੇ ਵਿਚ 10000 ਤੋਂ ਵੱਧ ਸਿੱਖਾਂ ਦੀਆਂ ਜਾਨਾਂ ਗਈਆਂ ਪਰ ਸਰਕਾਰੀ ਅੰਕੜੇ ਸਿਰਫ 2733 ਤੱਕ ਸਿਮਟੇ ਹੋਏ ਹਨ। ਉਸ ਸਮੇਂ 18 ਰਾਜਾਂ ਅਤੇ 110 ਵੱਡੇ ਸ਼ਹਿਰਾਂ ਦੇ ਵਿਚ ਸਿੱਖਾਂ ਦਾ ਕਤਲੇਆਮ ਹੋਇਆ ਸੀ। ਉਨ੍ਹਾਂ ਸਿੱਖਾਂ ਦੇ ਲਈ ਨਿਆਂ ਦੀ ਲੜਾਈ ਵੀ ਜਾਰੀ ਹੈ। ਅਮਰੀਕਾ ਦੇ ਰਾਸ਼ਟਰਪਤੀ ਦੇ ਕੋਲ ਵੀ ਇਹ ਮਾਮਲਾ ‘ਸਿੱਖਜ਼ ਫਾਰ ਜਸਟਿਸ’ ਨੇ ਉਠਾਇਆ ਹੋਇਆ ਹੈ ਅਤੇ ਉਨ੍ਹਾਂ ਇਸ ਸਬੰਧੀ ਲਿਖਤੀ ਆਪਣਾ ਪ੍ਰਤੀਕਰਮ ਵੀ ਭੇਜਿਆ ਹੈ।
ਭਾਈ ਹਰਜੀਤਪਾਲ ਸਿੰਘ ਦਾ ਰਾਗੀ ਜੱਥਾ: ਅੱਜ ਭਾਈ ਹਰਜੀਤਪਾਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਦੇ ਨਵੇਂ ਰਾਗੀ ਜੱਥੇ ਨੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਪਹਿਲੇ ਦਿਨ ਦਾ ਦੀਵਾਨ ਸਜਾਇਆ। ਉਹ ਲਗਪਗ 6 ਮਹੀਨੇ ਇਥੇ ਸੇਵਾ ਨਿਭਾਉਣਗੇ।