ਭਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ ਅਧਿਆਪਕਾਂ ਦਾ ਸਨਮਾਨ 

 

(ਅਧਿਆਪਕਾਂ ਨੂੰ ਸਨਾਮਨਿਤ ਕਰਦੇ ਹੋਏ ਮੁੱਖ ਮਹਿਮਾਨ ਅਤੇ ਪਤਵੰਤੇ)
(ਅਧਿਆਪਕਾਂ ਨੂੰ ਸਨਾਮਨਿਤ ਕਰਦੇ ਹੋਏ ਮੁੱਖ ਮਹਿਮਾਨ ਅਤੇ ਪਤਵੰਤੇ)

ਫਰੀਦਕੋਟ 20 ਅਪ੍ਰੈਲ ( ਗੁਰਭੇਜ ਸਿੰਘ ਚੌਹਾਨ ) ਅਮਰੀਕਾ ਨਿਵਾਸੀ ਸਮਾਜ ਸੇਵੀ ਹਰਪਾਲ ਸਿੰਘ ਦੀ ਅਗਵਾਈ ਵਿੱਚ ਚੱਲ ਰਹੀ ਸੰਸਥਾ ਭਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ ਜਿਲ੍ਹਾ ਫਰੀਦਕੋਟ ਦੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਊਂਡੇਸ਼ਨ ਦੇ ਕੋਆਰਡੀਨੇਟਰ ਹਰਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਜਵਾਹਰ ਨਵੋਦਿਆ ਸਕੂਲਾਂ ਵਿੱਚ ਦਾਖਲੇ ਦੀ ਤਿਆਰੀ ਲਈ ਜਿਲ੍ਹਾ ਫਰੀਦਕੋਟ ਵਿਖੇ 12 ਸੈਂਟਰ ਖੋਲ੍ਹੇ ਗਏ ਸਨ। ਇਹਨਾਂ ਸੈਂਟਰਾਂ ਵਿੱਚ ਅਧਿਆਪਕਾਂ ਵੱਲੋਂ ਐਤਵਾਰ ਅਤੇ ਹੋਰ ਛੁੱਟੀਆਂ ਦੌਰਾਨ 4 ਘੰਟੇ ਦੀ ਜਮਾਤ ਲਗਾ ਕੇ ਬੱਚਿਆਂ ਦੀ ਤਿਆਰੀ ਕਰਵਾਈ ਜਾਂਦੀ ਸੀ। ਤਿਆਰੀ ਕਰਵਾਉਣ ਵਾਲੇ ਇਹਨਾਂ ਅਧਿਆਪਕਾਂ ਦੀ ਸਮਰਪਣ ਭਾਵਨਾ ਨੂੰ ਦੇਖਦੇ ਹੋਏ ਫਾਊਂਡੇਸ਼ਨ ਵੱਲੋਂ ਮਾਣ ਭੱਤਾ ਦਿੰਦਿਆਂ ਸਨਮਾਨ ਕੀਤਾ ਗਿਆ। ਇਸ ਮੌਕੇ ‘ਤੇ ਵਿਸ਼ੇਸ਼ ਰੂਪ ਵਿੱਚ ਡਾ. ਗੁਰਸੇਵਕ ਸਿੰਘ ਡਾਇਰੈਕਟਰ, ਦਸਮੇਸ਼ ਸੰਸਥਾਵਾਂ ਅਤੇ ਧਰਮਵੀਰ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ (ਐਲੀ. ਸਿੱਖਿਆ) ਫਰੀਦਕੋਟ ਸ਼ਾਮਲ ਹੋਏ ਅਤੇ ਉਹਨਾਂ ਨੇ ਸੰਸਥਾ ਦੇ ਉਪਰਾਲੇ ਅਤੇ ਅਧਿਆਪਕਾਂ ਦੀ ਸ਼ਲਾਘਾ ਕੀਤੀ।

ਇਸ ਮੌਕੇ ‘ਤੇ ਫਾਊਂਡੇਸ਼ਨ ਦੇ ਸੇਵਾਦਾਰ ਭਾਈ ਸ਼ਿਵਜੀਤ ਸਿੰਘ ਸੰਘਾ ਨੇ ਦੱਸਿਆ ਕਿ ਪਿਛਲੀ ਵਾਰ ਜਿਲ੍ਹਾ ਫਰੀਦਕੋਟ ਦੇ ਜਵਾਹਰ ਨਵੋਦਿਆ ਵਿਦਿਆਲਾ ਕਾਉਣੀ ਦੀਆਂ 80 ਸੀਟਾਂ ਵਿੱਚੋਂ 43 ਸੀਟਾਂ ‘ਤੇ ਉਹ ਵਿਦਿਆਰਥੀ ਦਾਖਲਾ ਲੈਣ ਵਿੱਚ ਸਫਲ ਹੋਏ ਜਿੰਨ੍ਹਾਂ ਨੇ ਆਪਣੀ ਤਿਆਰੀ ਭਾਈ ਜੈਤਾ ਜੀ ਫਾਊਂਡੇਸ਼ਨ ਦੀਆਂ ਜਮਾਤਾਂ ਵਿੱਚ ਕੀਤੀ ਸੀ। ਉਹਨਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਅਤੇ ਉਹਨਾਂ ਦਾ ਮਾਰਗ ਦਰਸ਼ਨ ਕਰਦੇ ਰਹਿਣ। ਸਿੱਖਿਆ ਵਿਭਾਗ ਦੇ ਕੋਅਰਡੀਨੇਟਰ ਮਨਦੀਪ ਸਿੰਘ ਢਿੱਲੋਂ ਨੇ ਆਸ ਪ੍ਰਗਟ ਕੀਤੀ ਕਿ ਇਸ ਵਾਰ ਨਤੀਜੇ ਹੋਰ ਵੀ ਬੇਹਤਰ ਹੋਣਗੇ ਅਤੇ ਅਗਲੇ ਸ਼ੈਸ਼ਨ ਦੌਰਾਨ ਸੈਂਟਰਾਂ ਦੀ ਗਿਣਤੀ ਵੀ ਵਧਾਈ ਜਾਵੇਗੀ। ਅੰਤ ਵਿੱਚ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਸਾਰੇ ਆਏ ਹੋਏ ਮਹਿਮਾਨਾਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਸੇਵਾ ਦੇ ਜ਼ਜਬੇ ਨਾਲ ਅਪਣਾ ਫਰਜ਼ ਨਿਭਾਉਣ ਦੀ ਅਪੀਲ ਕੀਤੀ।

Install Punjabi Akhbar App

Install
×