ਮਰਦਾਨਾ ਆਇਆ ਸੀ……..

ਭਾਈ ਗ਼ੁਲਾਮ ਬੁਧਵਾਰ 29 ਅਪ੍ਰੈਲ ਨੂੰ ਪੂਰੇ ਹੋ ਗਏ.

Bhai Ghulam-London-Nov 2011-Pic Ranvir Jagdev

ਜਦੋਂ ਰਬਾਬ ਚੋਂ ਸਰਗਮ ਉਦਯ ਹੁੰਦੀ
ਗੁਰੂ ਦੇ ਬੋਲ ਸਵੇਰੀ ਪੌਣ ਵਾਂਗੂੰ ਜਾਗਦੇ ਸਨ।
ਅੱਜ ਵੀ ਸੰਗਤ ਵਿਚ ਗੁਰੂ ਦੇ ਬੋਲ ਨੇ, ਪਰ ਸੁਰ ਨਹੀਂ
ਗੁਰੂ ਦਾ ਸ਼ਬਦ ਹੈ, ਪਰ ਅਰਥ ਗੁੰਮ ਹੋ ਗਿਆ ਹੈ।
ਮੇਰਾ ਨਾਨਕ ਇਕੱਲਾ ਰਹਿ ਗਿਆ
ਬਹੁਤ ਦਿਨ ਬੀਤ ਗਏ
ਸੰਗਤ ਚ ਮਰਦਾਨਾ ਨਹੀਂ ਆਇਆ॥
– ਹਰਿਭਜਨ ਸਿੰਘ –

Bhai Ghulamਕੈਮਰੇ ਨਾਲ਼ ਬਣੀ ਤਸਵੀਰ ਕਿਸੇ ਘਟਨਾ ਦੀ ਹੱਡਬੀਤੀ ਦੀ ਅਕੱਟ ਸਨਦ ਹੁੰਦੀ ਏ। ‘ਹੁੰਦੀ ਏ’ ਨਿਰੰਤਰ ਵਰਤਮਾਨ ਕਾਲ ਹੈ; ਇਹਦਾ
ਮਤਲਬ ਹੈ, ਜਦ ਤੋਂ ਕੈਮਰਾ ਬਣਿਆ ਹੈ। ਤਸਵੀਰ ਤੇ ਕਾਲ ਦਾ ਇਹ ਸਾਕ ਡੇੜ੍ਹ ਸਦੀ ਪੁਰਾਣਾ ਹੀ ਹੈ। ਸਿਆਸੀ ਸਮਾਜੀ ਘਟਨਾਵਾਂ ਦੀਆਂ
ਤਸਵੀਰਾਂ ਨਾਲ਼ ਅਖ਼ਬਾਰਾਂ ਭਰੀਆਂ ਹੁੰਦੀਆਂ ਨੇ; ਪਰ ਕਿਸੇ ਦੀ ਨਿਜੀ ਨਮੋਸ਼ੀ ਦੀ ਟੁੱਟੇ ਦਿਲ ਦੀ ਤਸਵੀਰ ਟਾਵੀਂ-ਟਾਵੀਂ ਮਿਲ਼ਦੀ ਹੈ।
ਸੰਨ ੨੦੦੮ ਦੀ ਇਹ ਫ਼ੋਟੋ ਭਾਈ ਮਰਦਾਨਾ ਜੀ ਦੀ ਅੰਸ਼ ਦੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁੰਦਰ ਦੇ ਪੁਤ ਭਾਈ ਗ਼ੁਲਾਮ ਮੁਹੰਮਦ
ਦੀ ਏ। ਇਹ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਖੜ੍ਹੇ ਨੇ। ਪ੍ਰਬੰਧਕਾਂ ਨੇ ਇਨ੍ਹਾਂ ਨੂੰ ਦਰਬਾਰ ਸਾਹਿਬ ਚ ਕੀਰਤਨ ਨਹੀਂ ਸੀ ਕਰਨ ਦਿੱਤਾ।
ਭਾਈ ਗ਼ੁਲਾਮ ਦੇ ਜੀਵਨ ਦਾ ਇਹ ਸਭ ਤੋਂ ਉਦਾਸ ਦਿਨ ਹੋਏਗਾ।
ਐਨਕ ਵਾਲ਼ਾ ਬਾਬੇ ਦਾ ਭਤੀਜਾ ਅਮਜਦ ਏ; ਵੱਡੇ ਭਾਈ ਕਾਲ਼ੇ ਚਾਂਦ ਦਾ ਬੇਟਾ। ਬੰਦਾ ਛਿੱਥਾ ਪਿਆ ਵੀ ਹੱਸਣ ਮੁਸਕਾਣ ਲਗਦਾ ਏ। ਕੇਸਰੀ
ਸਾਫ਼ੇ ਵਾਲ਼ਾ ਨਦੀਮ ਬਾਬੇ ਦਾ ਭਾਣਜ-ਜਵਾਈ ਏ।
ਫ਼ੋਟੋਕਾਰ ਸ਼ੁਮੀਤਾ ਦੀਦੀ ਦੇ ਮੂੰਹੋਂ ਸੁਣੋ: ਬਾਬਾ ਜੀ ਉਦਾਸ ਸਨ ਉਸ ਦਿਨ। ਜਾਣਾ ਨਹੀਂ ਸਨ ਚਾਹੁੰਦੇ। ਕਿਉਂਕਿ ਰਬਾਬੀ ਹੁਣ ਅੰਦਰ ਕੀਰਤਨ
ਨਹੀਂ ਕਰ ਸਕਦੇ; ਸਿਰਫ਼ ਅਮ੍ਰਿਤਧਾਰੀ ਹੀ ਕਰ ਸਕਦੇ ਨੇ। ਪਹਿਲੀ ਵਾਰ ਤੇ ਮੱਥਾ ਵੀ ਸਰਾਂ ਚ ਟੇਕਿਆ ਸੀ। ਕਹਿੰਦੇ: ਜੇ ਮੈਂ ਅੰਦਰ ਕੀਰਤਨ
ਨਹੀਂ ਕਰ ਸਕਦਾ, ਤਾਂ ਕਮਰੇ ਚ ਬਹਿ ਕੇ ਹੀ ਕਰੂੰਗਾ ਤੇ ਕਬੂਲ ਹੋ ਜਾਵੇਗਾ।
ਪਿੱਛੇ ਖੜ੍ਹੇ ਸਿੱਖ ਮਰਦਾਨੇ ਕਿਆਂ ਦੇ ਹਮਦਰਦੀ ਨੇ, ਜਾਂ ਉਤਸੁਕ ਜਾਂ ਫ਼ੋਟੋ ਖਿਚਵਾਣ ਦੇ ਸ਼ੌਕੀਨ? ਇਹ ਤਸਵੀਰ ਰਬਾਬੀਆਂ ਦੀ ਹੀ ਨਹੀਂ,
ਸਮੂਹ ਸਿੱਖ ਪੰਥ ਦੀ ਨਮੋਸ਼ੀ ਦੀ ਵੀ ਤਸਵੀਰ ਹੈ। ਇਸ ਗੱਲੋਂ ਇਹ ਤਵਾਰੀਖ਼ੀ ਹੈ। ਕੈਮਰੇ ਦੇ ਸ਼ਟਰ ਦੀ ਰਫ਼ਤਾਰ -ਇਕ ਸਕਿੰਟ ਦੇ ਵੀ
ਕਿੰਚਕ ਮਾਤ੍ਰ ਸਮੇਂ- ਵਿਚ ਨਿਜ ੁਜ਼ਾਤ- ਦਾ ਤਵਾਰੀਖ਼ ਚ ਵਟ ਜਾਣਾ ਅੱਲੋਕਾਰੀ ਗੱਲ ਹੈ।

– ਅਮਰਜੀਤ ਚੰਦਨ

Install Punjabi Akhbar App

Install
×