ਇੱਕ ਵਾਰ ਫਿਰ ਆਸ ਬੱਝੀ ਹੈ ਕਿ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਇਤਿਹਾਸ ਨੂੰ ਦੁਹਰਾਅ ਸਕਦੇ ਹਨ

bhai dhian singh mand
ਪਿਛਲੇ ਚਾਰ ਸਾਲਾਂ ਦੇ ਸਮੇ ਵਿੱਚ ਸਿੱਖ ਕੌਂਮ ਨੇ ਬਹੁਤ ਉਤਰਾ ਚੜ੍ਹਾ ਦੇਖ ਕਏ ਹਨ। ਬੰਦੀ ਸਿੰਘਾਂ ਦੀ ਰਿਹਾਈ ਲਈ ਅਪਣੀ ਜਾਨ ਕੁਰਬਾਨ ਕਰ ਜਾਣ ਵਾਲੇ ਭਾਈ ਗੁਰਬਖਸ਼ ਸਿੰਘ ਨੇ 14 ਨਵੰਬਰ 2013 ਨੂੰ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਤੋਂ ਅਪਣੀ ਪਹਿਲੀ ਭੁੱਖ ਹੜਤਾਲ ਸ਼ੁਰੂ ਕੀਤੀ। ਮਰਨ ਬਰਤ ਰੱਖ ਕੇ ਤਕਰੀਬਨ ਡੇਢ ਮਹੀਨੇ ਤੱਕ ਸਰਕਾਰ ਦੇ ਨੱਕ ਵਿੱਚ ਦੱਮ ਕਰਕੇ ਰੱਖਿਆ ।ਫਿਰ 14 ਨਬੰਵਰ 2014 ਨੂੰ ਗੁਰਦੁਆਰਾ ਲਖਨੌਰ ਸਾਹਿਬ (ਹਰਿਆਣਾ) ਵਿਖੇ ਦੁਵਾਰਾ ਭੁੱਖ ਹੜਤਾਲ ਸੁਰੂ ਕਰਕੇ ਸੰਘਰਸ਼ ਵਿੱਢ ਦਿੱਤਾ, ਜਿਹੜਾ ਲੱਗਭੱਗ ਦੋ ਮਹੀਨੇ ਚੱਲਣ ਤੋਂ ਬਾਅਦ ਸ੍ਰੀ ਅਮ੍ਰਿਤਸਰ ਸਹਿਬ ਤੱਕ ਮਾਰਚ ਕਰਨ ਦੇ ਐਲਾਨ ਨਾਲ ਖਤਮ ਹੋ ਗਿਆ ਸੀ, ਕਿਉਕਿ ਗੁਰਦੁਆਰਾ ਸਾਹਿਬ ਤੋ ਤਕਰੀਬਨ ਅੱਧਾ ਕਿਲੋਮੀਟਰ ਦੇ ਵਕਫੇ ਤੇ ਹੀ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਜਨਵਰੀ 2016 ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੁਰੂ ਹੋਇਆ ਬਾਪੂ ਸੂਰਤ ਸਿੰਘ ਦਾ ਸੰਘਰਸ਼ ਸ਼ਿਖਰ ਤੇ ਸੀ ਜਦੋਂ ਸਰਕਾਰ ਨੇ ਸੰਘਰਸ਼ ਨੂੰ ਸ਼ਖਤੀ ਨਾਲ ਕੁਚਲਣ ਦਾ ਮਨ ਬਣਾ ਲਿਆ।ਉਦੋਂ ਵੀ ਗੋਲੀਆਂ ਚੱਲੀਆਂ, ਲਾਠੀਚਾਰਜ ਤੇ ਹੋਰ ਹਰ ਜਬਰ ਅਤੇ ਹਰ ਹਰਬਾ ਬਰਤਿਆ ਗਿਆ ਜੋ ਸਰਕਾਰ ਬਰਤ ਸਕਦੀ ਸੀ।
ਅਖੀਰ ਬਾਪੂ ਸੂਰਤ ਸਿੰਘ ਵਾਲਾ ਸੰਘਰਸ਼ ਵੀ ਹੌਲੀ ਹੌਲੀ ਮੱਠਾ ਪੈ ਗਿਆ ਤੇ ਬਾਪੂ ਸੂਰਤ ਸਿੰਘ ਉਦੋ ਤੋ ਲੈ ਕੇ ਅੱਜ ਤੱਕ ਸਰਕਾਰੀ ਪਹਿਰੇ ਹੇਠ ਹਸਪਤਾਲ ਵਿੱਚ ਰੱਖਿਆ ਹੋਇਆ ਹੈ। ਇਹਨਾਂ ਉਤਰਾਵਾਂ ਚੜ੍ਹਾਵਾਂ ਦੇ ਦਰਮਿਆਨ ਹੀ ਬਹੁਤ ਮੰਦਭਾਗੀਆਂ ਘਟਨਾਵਾਂ ਦਾ ਦੌਰ ਸ਼ੁਰੂ ਹੋਇਆ। ਜੂਨ 2015 ਤੋ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਬਰਗਾੜੀ ਤੋਂ ਸ਼ੁਰੂ ਹੋ ਕੇ ਪੂਰੇ ਪੰਜਾਬ ਵਿੱਚ ਹੀ ਲੜੀਵਾਰ ਹੋਣ ਲੱਗ ਪਈਆਂ। ਇਸ ਬੇਅਦਬੀ ਦੇ ਰੋਸ਼ ਵਿੱਚੋਂ ਬਹੁਤ ਜਬਰਦਸਤ ਸੰਘਰਸ਼ ਨੇ ਜਨਮ ਲਿਆ। ਪੂਰਾ ਪੰਜਾਬ ਸੜਕਾਂ ਤੇ ਆ ਗਿਆ।ਹਰ ਪਾਸੇ ਰੋਹ ਸੀ। ਇਹਨਾਂ ਘਟਨਾਵਾਂ ਦਾ ਮੁਢਲਾ ਸਬੰਧ ਬਰਗਾੜੀ ਨਾਲ ਸੀ, ਇਸ ਕਰਕੇ ਸੰਘਰਸ਼ ਦਾ ਕੇਂਦਰ ਬਿੰਦੂ ਬਰਗਾੜੀ ਬਣ ਗਿਆ। ਇਸ ਦੌਰਾਨ ਹੀ ਤਤਕਾਲੀ ਅਕਾਲੀ ਸਰਕਾਰ ਦੇ ਗ੍ਰਿਹ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਿਰਦੇਸਾਂ ਤੇ ਪੰਜਾਬ ਪੁਲਿਸ ਨੇ ਸੰਘਰਸ਼ੀ ਲੋਕਾਂ ਤੇ ਗੋਲੀਆਂ ਚਲਾ ਕੇ ਦੋ ਸਿੰਖ ਨੌਜਵਾਨਾਂ ਨੂੰ ਸ਼ਹੀਦ ਕਰਨ ਤੋਂ ਇਲਾਵਾ ਦਰਜਨਾਂ ਦੀ ਗਿਣਤੀ ਵਿੱਚ ਨਿਹੱਥੇ ਸਿੱਖਾਂ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ। ਸਰਕਾਰ ਦੇ ਇਸ ਜਬਰ ਦੇ ਵਿਰੋਧ ਵਿੱਚ ਹੀ ਸਿੱਖ ਮਨਾਂ ਵਿੱਚ ਸਰਬੱਤ ਖਾਲਸਾ ਦੀ ਪੁਨਰ ਸੁਰਜੀਤੀ ਦੀ ਤਾਂਘ ਨੇ ਜਨਮ ਲਿਆ।
10 ਨਵੰਬਰ 2015 ਦਾ ਇਤਿਹਾਸਿਕ ਸਰਬੱਤ ਖਾਲਸਾ ਸਰਕਾਰ ਦੇ ਜੁਲਮ ਚੋ ਨਿਕਲਿਆ ਸੀ, ਜਿਸ ਦੇ ਲੱਖਾਂ ਦੀ ਗਿਣਤੀ ਵਿੱਚ ਹੋਏ ਲਾਮਿਸ਼ਾਲ ਇਕੱਠ ਨੇ ਦਿੱਲੀ ਤਖਤ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਸੀ। ਉਸ ਸਰਬੱਤ ਖਾਾਲਸਾ ਵਿੱਚ ਸਿੱਖ ਕੌਂਮ ਨੇ ਜਿਹੜਾ ਸਰਬ ਪ੍ਰਮਾਣਿਤ ਫੈਸਲਾ ਕੀਤਾ ਸੀ, ਉਹ ਸੀ ਬੇਅੰਤ ਸਿੰਘ ਕਤਲ ਕੇਸ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਸਜ਼ਾ ਕੱਟ ਰਹੇ  ਭਾਈ ਜਗਤਾਰ ਸਿੰਘ ਹਵਾਰੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਣ ਦਾ ਫੈਸਲਾ। ਇਸ ਦੇ ਨਾਲ ਹੀ ਭਾਈ ਸਾਹਿਬ ਦੇ ਜੇਲ੍ਹ ਵਿੱਚ ਹੋਣ ਦੀ ਸੂਰਤ ਵਿੱਚ ਭਾਈ ਧਿਆਨ ਸਿੰਘ ਮੰਡ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਥਾਪਿਆ ਗਿਆ ਅਤੇ ਦੋ ਹੋਰ ਤਖਤ ਸਾਹਿਬਾਨਾਂ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵੀ ਸਰਬੱਤ ਖਾਲਸਾ ਵਿੱਚ ਥਾਪੇ ਗਏ। ਸਿੱਖ ਕੌਂਮ ਦੀ ਤਰਾਸਦੀ ਹੀ ਕਹੀ ਜਾਵੇਗੀ ਕਿ ਸਰਬੱਤ ਖਾਲਸਾ ਵਿੱਚ ਸ਼ਾਮਿਲ ਪੰਥਕ ਧਿਰਾਂ ਵੀ ਇੱਕ ਨਾ ਰਹਿ ਸਕੀਆਂ।
ਲਿਹਾਜਾ ਸਿੱਖ ਕੌਂਮ ਬੇਅਦਬੀ ਦੇ ਦੋਸ਼ੀਆਂ ਦੀ ਗਿ੍ਰਫਤਾਰੀ ਅਤੇ ਦੋ ਸਿੱਖ ਨੌਜਵਾਨਾਂ ਦੇ ਕਾਤਲ ਪੁਲਿਸ ਅਫਸਰਾਂ ਨੂੰ ਗਿਰਫਤਾਰ ਕਰਾਉਣਾ ਤਾਂ ਦੂਰ ਦੀ ਗੱਲ ਹੈ, ਉਹਨਾਂ ਤੇ ਪਰਚੇ ਦਰਜ ਕਰਵਾਉਣ ਵਿੱਚ ਵੀ ਨਾਕਾਮ ਹੀ ਰਹੀ। ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਕੋਈ ਵੀ ਠੋਸ ਪਰੋਗਰਾਮ ਨਾ ਦੇ ਸਕਣ ਕਰਕੇ ਸਰਬੱਤ ਖਾਲਸਾ ਦੇ ਜਥੇਦਾਰ ਅਤੇ ਸਬੰਧਤ ਧਿਰਾਂ ਤੋਂ ਲੋਕਾਂ ਦਾ ਵਿਸ਼ਵਾਸ਼ ਉਠਦਾ ਪਰਤੀਤ ਹੋਣ ਲੱਗਾ। ਦੋ ਸਿੱਖ ਨੌਜਵਾਨਾਂ ਦੇ ਭੋਗ ਸਮਾਗਮ ਵਿੱਚ ਹੋਣ ਵਾਲਾ ਹਜਾਰਾਂ ਸਿੱਖਾਂ ਦਾ ਠਾਠਾਂ ਮਾਰਦਾ ਇਕੱਠ ਦੂਸਰੇ ਸਾਲ ਤੱਕ ਪਹੁੰਚਦਿਆਂ ਪਹੁੰਚਦਿਆਂ ਕੁੱਝ ਸੈਕੜਿਆਂ ਤੱਕ ਸਿਮਟ ਕੇ ਰਹਿ ਗਿਆ। ਸਿੱਖ ਕੌਂਮ ਲਵਾਰਸ ਭਾਵ ਆਗੂ ਰਹਿਤ ਹੋਕੇ ੲਹਿ ਗਈ। ਸਰਬੱਤ ਖਾਲਸਾ ਦੇ ਜਥੇਦਾਰ ਨਾ ਹੀ ਕੌਂਮ ਦਾ ਭਰੋਸਾ ਜਿੱਤ ਸਕੇ ਅਤੇ ਨਾ ਹੀ ਆਪ ਇਕੱਠੇ ਰਹਿ ਸਕੇ। ਅਜਿਹੀ ਬੇਭਰੋਸਗੀ ਦੇ ਦੌਰ ਵਿੱਚ ਹੀ ਇਸ ਸਾਲ ਦਾ ਬਰਗਾੜੀ ਦੇ ਸ਼ਹੀਦਾਂ ਦਾ ਦਿਨ ਇੱਕ ਜੂਨ ਵੀ ਆ ਗਿਆ। ਇਸ ਵਾਰ ਫਿਰ ਬਰਗਾੜੀ ਦੀ ਧਰਤੀ ਤੇ ਪੰਥਕ ਧਿਰਾਂ ਵੱਡਾ ਇਕੱਠ ਕਰਨ ਵਿੱਚ ਸਫਲ ਹੋ ਗਈਆਂ। ਪਿਛਲੀ ਅਕਾਲੀ ਅਤੇ ਮੌਜੂਦਾ ਕਾਂਗਰਸ ਸਰਕਾਰਾਂ ਤੋਂ ਦੁਖੀ ਹੋਏ ਸਿੱਖ ਇੱਕ ਵਾਰ ਫਿਰ ਬਰਗਾੜੀ ਦੀ ਦਾਣਾਮੰਡੀ ਵਿੱਚ ਜੁੜ ਬੈਠ ਗਏ, ਇਸ ਆਸ ਨਾਲ ਕਿ ਹੋਣਾ ਤਾ ਕੁੱਝ ਵੀ ਨਹੀ ਪਰ ਗੁਰੂ ਸਮਰੱਥ ਹੈ, ਹੋ ਸਕਦਾ ਕੁੱਝ ਚੰਗਾ ਹੀ ਹੋ ਜਾਵੇ।
ਇਸ ਸਮਾਗਮ ਵਿੱਚ ਜੋ ਹੋਇਆ, ਉਹ ਸੱਚਮੁੱਚ ਇੱਕ ਅਲੋਕਿਕ ਘਟਨਾ ਕਹੀ ਜਾ ਸਕਦੀ ਹੈ। ਜਦੋ ਸਭ ਤੋਂ ਅਖੀਰ ਵਿੱਚ ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਟੇਜ ਤੇ ਆਏ, ਤਾਂ ਉਹਨਾਂ ਚੋ ਪਹਿਲੀ ਵਾਰ ਕਿਸੇ ਪੁਰਾਤਨ ਜਥੇਦਾਰ ਦਾ ਝਲਕਾਰਾ ਪਿਆ। ਜਦੋਂ ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਕਿ ਮੈਨੂੰ ਕੌਂਮ ਨੇ ਜਥੇਦਾਰ ਬਣਾਇਆ ਹੈ ਤੇ ਮੇਰਾ ਫਰਜ ਬਣਦਾ ਹੈ ਮੈ ਖੁਦ ਕੌਂਮ ਦੀ ਅਗਵਾਈ ਕਰਾਂ।ਹੁਣ ਮੈ ਅਪਣੇ ਫਰਜ ਨੂੰ ਸਮਝਦਾ ਹੋਇਆ ਅਪਣੇ ਗੁਰੂ ਦੀ ਬੇਅਦਬੀ, ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ ਅਤੇ ਅਪਣੀਆਂ ਸਜਾਵਾਂ ਪੂਰੀਆਂ ਕਰਕੇ ਵੀ ਜੇਲਾਂ ਵਿੱਚ ਸੜ ਰਹੇ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਅਪਣੇ ਆਪ ਨੂੰ ਕੁਰਬਾਨ ਕਰਨ ਲਈ ਪੇਸ ਕਰਦਾ ਹਾਂ। ਉਹਨਾਂ ਇਹ ਵੀ ਕਿਹਾ ਕਿ ਮੈ ਉਕਤ ਮੰਗਾਂ ਮਨਵਾਉਣ ਲਈ ਅੱਜ ਤੋਂ ਹੀ ਮੋਰਚਾ ਲਾ ਰਿਹਾ ਹਾਂ, ਮੈ ਅੱਜ ਤੋਂ ਹੀ ਬਰਗਾੜੀ ਦੀ ਦਾਣਾਮੰਡੀ ਵਿੱਚ ਮੋਰਚਾ ਲਾਕੇ ਬੈਠ ਰਿਹਾ ਹਾਂ, ਹੁੱਣ ਸਰਕਾਰ ਹੀ ਚੱਲ ਕੇ ਪੰਥ ਕੋਲ ਬਰਗਾੜੀ ਦੀ ਧਰਤੀ ਤੇ ਆਵੇਗੀ, ਪੰਥ ਸਰਕਾਰ ਦੇ ਦਰ ਤੇ ਨਹੀ ਜਾਵੇਗਾ। ਭਾਈ ਧਿਆਨ ਸਿੰਘ ਮੰਡ ਦੇ ਕਹੇ ਹੋਏ ਇੱਕ ਇੱਕ ਬੋਲ ਨੇ ਇੱਕੱਠ ਵਿੱਚ ਜਾਂ ਸ਼ੋਸ਼ਲ ਮੀਡੀਏ ਦੇ ਜਰੀਏ ਸਿੰਘ ਸਾਹਿਬ ਦਾ ਭਾਸ਼ਣ ਸੁਣ ਰਹੇ ਲੋਕਾਂ ਨੂੰ ਧੁਰ ਅੰਦਰ ਤੱਕ ਝੰਜੋੜ ਦਿੱਤਾ।
ਸਿੱਖਾਂ ਦੇ ਵੱਡੇ ਹਿੱਸੇ ਨੇ ਜਿੱਥੇ ਸਿੰਘ ਸਾਹਿਬ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਓਥੇ ਅਕਾਲ ਪੁਰਖ ਦਾ ਸ਼ੁਕਰਾਨਾ ਵੀ ਕੀਤਾ, ਜਿਸ ਦੀ ਕਿਰਪਾ ਨਾਲ ਭਾਈ ਮੰਡ ਨੇ ਅਪਣੇ ਪੁਰਾਤਨ ਵਿਰਸੇ ਨੂੰ ਜਿਉਂਦਾ ਰੱਖਣ ਦਾ ਹੌਸਲਾ ਕੀਤਾ। ਬਿਨਾ ਸ਼ੱਕ ਭਾਈ ਧਿਆਨ ਸਿੰਘ ਮੰਡ ਅਪਣੇ ਕਹੇ ਹੋਏ ਬੋਲਾਂ ਤੇ ਪਹਿਰਾ ਦੇਣ ਲਈ ਦ੍ਰਿੜ ਹਨ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਹੁਣ ਗੁਰੂ ਨੇ ਮੈਨੂੰ ਉਸ ਅਵਸਥਾ ਵਿੱਚ ਲੈ ਆਦਾ ਹੈ ਜਿੱਥੇ ਮੈਨੂੰ ਹਰ ਤਰਾਂ ਦਾ ਦੁਨਿਆਵੀ ਲੋਭ ਲਾਲਚ ਜਾਂ ਡਰ ਭਓ ਅਪਣੀ ਪਕੜ ਵਿੱਚ ਨਹੀ ਲੈ ਸਕਦੇ। ਹੁਣ ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਮੋਰਚੇ ਨੂੰ ਸਰਕਾਰ ਦਾ ਕੋਈ ਵੀ ਜਬਰ ਜੁਲਮ ਹੁਣ ਫੇਲ ਨਹੀ ਕਰ ਸਕਦਾ ਬਲਕਿ ਜੇ ਸਰਕਾਰੀ ਜਬਰ ਦੌਰਾਂਨ ਉਹਨਾਂ ਦੀ ਜਾਨ ਚਲੀ ਜਾਂਦੀ ਹੈ ਤਾਂ ਮੋਰਚਾ ਹੋਰ ਵੀ ਚੜਦੀਆਂ ਕਲਾਂ ਵਿੱਚ ਜਾਵੇਗਾ। ਜਦੋਂ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਨੇ ਇੱਥੋਂ ਤੱਕ ਮਨ ਬਣਾ ਲਿਆ ਹੈ,ਤਾਂ ਆਸ ਵੀ ਕਰਨੀ ਬਣਦੀ ਹੈ ਕਿ ਭਾਈ ਧਿਆਨ ਸਿੰਘ ਮੰਡ ਇਤਿਹਾਸ ਨੂੰ ਦੁਹਰਾਅ ਸਕਦੇ ਹਨ ਤੇ ਹੁਣ ਕੌਂਮ ਦੀ ਬਿਗੜੀ ਜਰੂਰ ਸੰਵਰੇਗੀ। ਇਹ ਅਰਦਾਸ ਵੀ ਗੁਰੂ ਚਰਨਾਂ ਵਿੱਚ ਕਰਨੀ ਬਣਦੀ ਹੈ ਕਿ ਹੇ ਅਕਾਲ ਪੁਰਖ ਇਸ ਗੁਰੂ ਦੇ ਸਿੱਖ ਨੂੰ ਕਹਿਣੀ ਤੇ ਕਰਨੀ ਦਾ ਪੂਰਾ ਉਤਰਨ ਦਾ ਬਲ ਬਖਸ਼ੀਂ ਅਤੇ ਸਮੁੱਚੀ ਕੌਂਮ ਨੂੰ ਏਕਤਾ ਦੀ ਸੁਮੱਤ ਬਖਸ਼ਕੇ ਗੁਰੂ ਕੇ ਸਿੱਖਾਂ ਨੂੰ ਮੋਰਚੇ ਵਿੱਚ ਸਫਲਤਾ ਦੀ ਦਾਤ ਬਖਸ਼ੀਂ।

Install Punjabi Akhbar App

Install
×