ਕੁੰਵਰ ਵਿਜੇ ਪ੍ਰਤਾਪ ਦੇ ਸਿੱਟ ਚੋਂ ਲਾਂਭੇ ਕਰਨ ਨੇ ਹਿਰਦੇ ਵੰਲੂਧਰੇ -ਜ: ਦਾਦੂਵਾਲ

ਕੈਪਟਨ ਦੀ ਭੂਮਿਕਾ ਨਹੀਂ ਤਾਂ ਸ੍ਰੀ ਨੰਦਾ ਨੂੰ ਬਰਖਾਸਤ ਕੀਤਾ ਜਾਵੇ

ਬਠਿੰਡਾ -ਜੇ ਕੋਟਕਪੂਰਾ ਗੋਲੀ ਕਾਂਡ ਦੀ ਵਿਸੇਸ਼ ਜਾਂਚ ਟੀਮ ਚੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਨਿਕਾਲੇ ਵਿੱਚ ਉਹਨਾਂ ਦੀ ਸਰਕਾਰ ਦੀ ਕੋਈ ਭੂਮਿਕਾ ਨਹੀਂ ਤਾਂ ਕੈਪਟਨ ਅਮਰਿੰਦਰ ਸਿੰਘ ਇਸ ਗੰਭੀਰ ਅਸਫਲਤਾ ਬਦਲੇ ਪੰਜਾਬ ਦੇ ਐਡਵੋਕੇਟ ਜਨਰਲ ਅਤੁੱਲ ਨੰਦਾ ਨੂੰ ਤੁਰੰਤ ਪ੍ਰਭਾਵ ਨਾਲ ਬਰਖਾਸਤ ਕਰਨ। ਇਹ ਵਿਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ: ਬਲਜੀਤ ਸਿੰਘ ਦਾਦੂਵਾਲ ਨੇ ਪ੍ਰਗਟ ਕੀਤੇ।
ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਬੇਅਦਬੀ ਕਾਂਡ ਦੇ ਦੋਸੀਆਂ ਨੂੰ ਕਟਹਿਰੇ ਵਿੱਚ ਖੜਾ ਕਰਨ ਲਈ ਜਿਸ ਪਾਰਦਰਸਤਾ, ਮਿਹਨਤ ਅਤੇ ਇਮਾਨਦਾਰੀ ਨਾਲ ਆਈ ਜੀ ਪੁਲਿਸ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਕੰਮ ਕੀਤਾ ਗਿਐ ਇਸ ਕਾਂਡ ਦੇ ਦੋਸੀਆਂ ਤੋਂ ਬਿਨ੍ਹਾਂ ਸਮਾਜ ਦਾ ਹਰ ਤਬਕਾ ਪੂਰੀ ਤਰ੍ਹਾਂ ਸੰਤੁਸਟ ਹੈ, ਉਹ ਸਹੀਦ ਪਰਿਵਾਰ ਹੋਣ ਜਾਂ ਦੇਸ ਵਿਦੇਸ ਵਿੱਚ ਮੌਜੂਦ ਸਿੱਖ ਭਾਈਚਾਰਾ।
ਜ: ਦਾਦੂਵਾਲ ਅਨੁਸਾਰ ਕੱਲ੍ਹ ਜਦ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਹਾਈਕੋਰਟ ਵੱਲੋਂ ਐੱਸ ਆਈ ਟੀ ਚੋਂ ਅਲੱਗ ਕਰਨ ਦੀ ਖ਼ਬਰ ਨਸਰ ਹੋਈ ਤਾਂ ਇਸ ਨਾਲ ਦੁਨੀਆਂ ਭਰ ਦੇ ਇਨਸਾਫ ਪਸੰਦ ਪੰਜਾਬੀਆਂ ਦੇ ਹਿਰਦੇ ਉਸੇ ਤਰ੍ਹਾਂ ਵੰਲੂਧਰੇ ਗਏ, ਜਿਸ ਤਰ੍ਹਾਂ 2014-15 ਵਿੱਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨਾਲ ਹੋਏ ਸਨ। 2017 ਦੀਆਂ ਚੋਣਾਂ ਤੋਂ ਐਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਬਿਆਨਾਂ ਦਾ ਹਵਾਲਾ ਦਿੰਦਿਆਂ ਉਹਨਾਂ ਪੁੱਛਿਆ ਕਿ ਉਹਨਾਂ ਦੇ ਕਥਨ ਮੁਤਾਬਿਕ ਜੇ ਬੇਅਦਬੀ ਕਾਂਡ ਦੀਆਂ ਪੈੜਾਂ ਬਾਦਲਾਂ ਦੇ ਘਰ ਵੱਲ ਜਾਂਦੀਆਂ ਸਨ, ਤਾਂ ਚਾਰ ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਹੁਣ ਤੱਕ ਕੋਈ ਕਾਰਵਾਈ ਕਿਉਂ ਨਹੀਂ ਹੋਈ? ਦਾਦੂਵਾਲ ਨੇ ਦੋਸ ਲਾਇਆ ਕਿ ਮੁਕੱਦਮੇ ਦਰਜ ਹੋਣ ਦੇ ਬਾਵਜੂਦ ਕਿਸੇ ਵੀ ਪ੍ਰਭਾਵਸ਼ਾਲੀ ਦੋਸੀ ਨੂੰ ਕਟਹਿਰੇ ਵਿੱਚ ਖੜਾ ਨਾ ਕਰਨ ਦਾ ਇੱਕੋ ਇੱਕ ਕਾਰਨ ਬਾਦਲਾਂ ਤੇ ਕੈਪਟਨ ਦੀ ਕਥਿਤ ਦੋਸਤੀ ਹੈ।
ਬਰਗਾੜੀ ਇਨਸਾਫ ਮੋਰਚਾ ਚੁਕਵਾਉਣ ਵੇਲੇ ਪੰਜਾਬ ਸਰਕਾਰ ਵੱਲੋਂ ਦੋਸੀਆਂ ਨੂੰ ਸਜਾ ਦਿਵਾਉਣ ਲਈ ਦਿੱਤੇ ਭਰੋਸੇ ਦੀ ਕਥਿਤ ਉਲੰਘਣਾ ਵੱਲ ਧਿਆਨ ਦਿਵਾਉਂਦਿਆਂ ਉਹਨਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮੁਤਵਾਜੀ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਅਪੀਲ ਕੀਤੀ ਕਿ ਉਹ ਹੁਣ ਮੁੱਖ ਮੰਤਰੀ ਦੀ ਰਿਹਾਇਸ ਮੋਤੀ ਮਹਿਲ ਸਾਹਮਣੇ ਧਰਨਾ ਲਾਉਣ। ਇੱਕ ਸੁਆਲ ਦੇ ਜੁਆਬ ਵਿੱਚ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਐੱਸ ਆਈ ਟੀ ਚੋਂ ਲਾਂਭੇ ਕਰਵਾਉਣ ਵਿੱਚ ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਕੋਈ ਭੂਮਿਕਾ ਨਹੀਂ ਹੈ ਤਾਂ ਮੁਕੱਦਮੇ ਦੀ ਠੀਕ ਤਰ੍ਹਾਂ ਪੈਰਵੀ ਨਾ ਕਰਨ ਦੇ ਦੋਸ ਤਹਿਤ ਉਹ ਆਪਣੇ ਐਡਵੋਕੇਟ ਜਨਰਲ ਅਤੁੱਲ ਨੰਦਾ ਨੂੰ ਤੁਰੰਤ ਪ੍ਰਭਾਵ ਨਾਲ ਬਰਖਾਸਤ ਕਰਨ। ਇੱਥੇ ਇਹ ਜਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਬਹੁਤ ਸਾਰੇ ਮਾਮਲਿਆਂ ਵਿੱਚ ਐਡਵੋਕੇਟ ਜਨਰਲ ਦੇ ਦਫ਼ਤਰ ਦੀ ਅਸਫਲਤਾ ਕਾਰਨ ਪੰਜਾਬ ਦੀ ਕਾਂਗਰਸ ਵਿੱਚ ਵੀ ਡਾਢੀ ਬੇਚੈਨੀ ਪਾਈ ਜਾ ਰਹੀ ਹੈ, ਇੱਥੋਂ ਤੱਕ ਕਿ ਕੁੱਝ ਸਮਾਂ ਪਹਿਲਾਂ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਵੀ ਸ੍ਰੀ ਅਤੁੱਲ ਨੰਦਾ ਨੂੰ ਮਹੱਤਵਪੂਰਨ ਮੁਕੱਦਮੇ ਹਾਰਨ ਦੀ ਬਦੌਲਤ ਸ੍ਰੀ ਨੰਦਾ ਨੂੰ ਖਰੀਆਂ ਖੋਟੀਆਂ ਸੁਣਾ ਚੁੱਕੇ ਹਨ।

Install Punjabi Akhbar App

Install
×