ਅਖੌਤੀ ਡੇਰੇਦਾਰਾਂ, ਕਲਾਕਾਰਾਂ ਅਤੇ ਨਸ਼ੇ ਦੇ ਸੌਦਾਗਰਾਂ ਨਿਗਲ ਲਿਆ ਸਿੱਖ ਸਭਿਆਚਾਰ- ਭਾਈ ਬਲਦੇਵ ਸਿੰਘ ਵਡਾਲਾ

NZ PIC 14 Sep-1 lr
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਕ ਹਫਤੇ ਤੋਂ ਵੱਧ ਸਮੇਂ ਤੱਕ ਚੱਲੇ ਵਿਸ਼ੇਸ਼ ਸਮਾਗਮ ਅੱਜ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਸਮਾਪਤ ਹੋਏ। ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਨੇ ਇਨ੍ਹਾਂ ਸਮਾਗਮਾਂ ਦੇ ਵਿਚ ਵਿਸ਼ੇਸ਼ ਸ਼ਿਰਕਤ ਕੀਤੀ ਹੋਈ ਸੀ। ਅੱਜ ਪਹਿਲਾਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਉਟਾਹੂਹੂ ਵਿਖੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਗਿਆ ਫਿਰ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਦੁਪਹਿਰ ਦੇ ਦੀਵਾਨ ਸਜਾਏ ਗਏ। ਅੱਜ ਭਾਈ ਵਡਾਲਾ ਨੇ ਜਿੱਥੇ ਬਹੁਤ ਹੀ ਰਸਭਿੰਨੀ ਰਸਨਾ ਨਾਲ ਸ਼ਬਦ ਕੀਰਤਨ ਕੀਤਾ ਉਥੇ ਸੰਗਤ ਦੇ ਨਾਲ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਬੜੇ ਹੀ ਦੁੱਖ ਭਰੇ ਲਹਿਜੇ ਦਿਲ ਚੋਂ ਨਿਕਲੀ ਚੀਸ ਵਾਂਗ ਕਿਹਾ ਕਿ ਅੱਜ ਪੰਜਾਬ ਦੇ ਵਿਚ ਸਿੱਖ ਸਭਿਆਚਾਰ ਅਤੇ ਵਿਰਸਾ ਅਖੌਤੀ ਡੇਰੇਦਾਰਾਂ, ਕਲਾਕਾਰਾਂ ਅਤੇ ਨਸ਼ੇ ਦੇ ਸੌਦਾਗਰਾਂ ਨੇ ਨਿਗਲ ਲਿਆ ਹੈ। ਇਹ ਸਾਰੇ ਲੋਕ ਸਿੱਖ ਧਰਮ ਦੀਆਂ ਜੜ੍ਹਾਂ ਦੇ ਵਿਚ ਮਿੱਠਾ ਜ਼ਹਿਰ ਘੋਲ ਕੇ ਸਾਡੇ ਬੱਚਿਆਂ ਨੂੰ ਬੜੇ ਯੋਜਨਾਬੱਧ ਤਰੀਕੇ ਦੇ ਨਾਲ ਸਿੱਖੀ ਦੇ ਬੂਟੇ ਤੋਂ ਦੂਰ ਕਰ ਰਹੇ ਹਨ। ਉਨ੍ਹਾਂ ਸਮੁੱਚੇ ਸਿੱਖ ਪੰਥ ਦੇ ਵਿਚ ਸਦਭਾਵਨਾ ਬਣਾਈ ਰੱਖਣ ਅਤੇ ਸਿੱਖੀ ਦੇ ਅਸਲ ਵਿਰਸੇ ਤੇ ਸਭਿਆਚਾਰ ਨੂੰ ਪਛਾਨਣ ਅਥਵਾ ਘੋਖਣ ਦੀ ਅਪੀਲ ਕੀਤੀ ਤਾਂ ਕਿ ਸਾਡੇ ਬੱਚੇ ਸਿੱਖ ਸੂਰਬੀਰ ਬਣਕੇ ਆਪਣਾ ਅਮੀਰ ਸਿੱਖ ਇਤਿਹਾਸ ਦੁਹਰਾ ਸਕਣ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਬਲਦੇਵ ਸਿੰਘ ਵਡਾਲਾ ਦੇ ਰਾਗੀ ਜੱਥੇ ਨੂੰ ਸਿਰੋਪਾਓ ਭੇਟ ਕਰਕੇ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਦੇ ਨਾਲ ਹੀ ਭਾਈ ਜਸਬੀਰ ਸਿੰਘ ਰਿਆੜ ਦੇ ਰਾਗੀ ਜੱਥੇ ਦੀ ਸ਼ਬਦਾਂ ਦੀ ਆਡੀਓ ਸੀ.ਡੀ. ਵੀ ਭਾਈ ਵਡਾਲਾ ਅਤੇ ਗੁਰਦੁਆਰਾ ਪ੍ਰਬੰਧਕਾਂ ਨੇ ਜਾਰੀ ਕੀਤੀ।
ਨੈਸ਼ਨਲ ਪਾਰਟੀ ਦੇ ਸਾਂਸਦਾਂ ਨੇ ਵੀ ਕੀਤੀ ਵੋਟਾਂ ਦੀ ਅਪੀਲ: ਦੇਸ਼ ਦੇ ਵਿਚ ਪੈ ਰਹੀਆਂ ਆਮ ਚੋਣਾਂ ਦੇ ਚਲਦਿਆਂ ਅੱਜ ਦੇਸ਼ ਦੀ ਸੱਤਾਧਾਰ ‘ਨੈਸ਼ਨਲ ਪਾਰਟੀ’ ਤੋਂ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਅਤੇ ਸਾਬਕਾ ਬਹੁ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਜੂਠਿਤ ਕੌਲਿਨ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਨੈਸ਼ਨਲ ਸਰਕਾਰ ਦੀਆਂ ਪ੍ਰਾਪਤੀਆਂ ਦੇ ਨਾਲ-ਨਾਲ ਸਿੱਖ ਧਰਮ ਦੇ ਵਿਚ ਪੰਜ ਕਕਾਰਾਂ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਸ੍ਰੀ ਸਾਹਿਬ ਪਹਿਨਣ ਬਾਰੇ ਕਾਨੂੰਨ ਪਾਸ ਕਰਵਾਉਣ ਦਾ ਵਾਅਦਾ ਕੀਤਾ। ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਨੇ ਮੰਤਰੀ ਸਾਹਿਬ ਦੇ ਬਿਆਨ ਨੂੰ ਹੋਰ ਨਿਖਾਰ ਕੇ ਸੰਗਤਾਂ ਨੂੰ ਦੱਸਿਆ ਅਤੇ ਸੰਗਤ ਨਾਲ ਇਹ ਗੱਲ ਸਾਂਝੀ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਜਲਦੀ ਹੀ ਨਿਊਜ਼ੀਲੈਂਡ ਦੀ ਪਾਰਲੀਮੈਂਟ ਦੇ ਵਿਚ ‘ਖਾਲਸੇ ਦੇ ਸਾਜਨਾ ਦਿਵਸ’ (ਵਿਸਾਖੀ) ਮਨਾਇਆ ਜਾਵੇਗਾ। ਇਸ ਸਬੰਧੀ ਉਨ੍ਹਾਂ ਕਿਹਾ ਕਿ ਇਹ ਮਾਮਲਾ ਪਹਿਲਾਂ ਹੀ ਮੰਤਰੀਆਂ ਦੇ ਵਿਚਾਰ ਅਧੀਨ ਹੈ ਅਤੇ ਜੇਕਰ ਸਰਕਾਰ ਦੁਬਾਰਾ ਨੈਸ਼ਨਲ ਪਾਰਟੀ ਦੀ ਆਉਂਦੀ ਹੈ ਤਾਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਹਰ ਥਾਂ ਕਿਰਪਾਨ ਪਹਿਨਣ ਦੀ ਪੂਰਨ ਆਜ਼ਾਦੀ ਹੋਵੇ ਅਤੇ ਹਰੇਕ ਸਾਲ ਪਾਰਲੀਮੈਂਟ ਦੇ ਵਿਚ ਸਰਕਾਰੀ ਤੌਰ ‘ਤੇ ਖਾਲਸਾ ਸਾਜਨਾ ਦਿਵਸ ਮਨਾਇਆ ਜਾਇਆ ਕਰੇਗਾ। ਸ. ਰਜਿੰਦਰ ਸਿੰਘ ਜਿੰਦੀ ਅਤੇ ਸ. ਦਲਜੀਤ ਸਿੰਘ ਹੋਰਾਂ ਆਏ ਸਾਰੇ ਰਾਜਨੀਤਕ ਲੋਕਾਂ ਅਤੇ ਸੰਗਤ ਦਾ ਧੰਨਵਾਦ ਕੀਤਾ। ਸ. ਦਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੇ ਦਿਨੀਂ ਹੀ ਇਕ ਸਰਕਾਰੀ ਪੱਤਰ ਵੀ ਪ੍ਰਾਪਤ ਹੋਇਆ ਹੈ ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਜੇਕਰ ਕਿਰਪਾਨ ਪਹਿਨਣ ਨੂੰ ਲੈ ਕੇ ਕਿਤੇ ਮੁਸ਼ਕਿਲ ਆਉਂਦੀ ਹੈ ਤਾਂ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇ। ਅੱਜ ਦੇ ਸਮਾਗਮ ਵਿਚ ਭਾਰੀ ਗਿਣਤੀ ਵਿਚ ਸੰਗਤ ਜੁੜੀ ਅਤੇ ਸੰਗਤਾਂ ਨੇ ਗੁਰਬਾਣੀ ਰਸ ਮਾਣਿਆ।

Welcome to Punjabi Akhbar

Install Punjabi Akhbar
×
Enable Notifications    OK No thanks