ਨਿਊਜ਼ੀਲੈਂਡ ‘ਚ ਭਗਵੰਤ ਮਾਨ ਦੇ ‘ਲਾਈਵ ਸ਼ੋਅ’ ‘ਚ ਲੱਗੀਆਂ ਭਾਰੀ ਰੌਣਕਾਂ

NZ PIC 21 Nov-2-B NZ PIC 21 Nov-2ਨਿਊਜ਼ੀਲੈਂਡ ਦੇ ਵਿਚ ਪੰਜਾਬ ਦੇ ਕਾਮੇਡੀ ਕਿੰਗ ਅਤੇ ਭਾਰਤੀ ਲੋਕ ਸਭਾ ‘ਚ ਪੰਜਾਬ ਦੇ ਵੱਡੇ ਮਸਲਿਆਂ ਨੂੰ ਨਿੱਕੇ ਮਾਈਕਾਂ ਦੇ ਰਾਹੀਂ ਦੇਸ਼ ਦੇ ਕਾਨੂੰਨਦਾਨਾਂ ਮੂਹਰੇ ਰੱਖਣ ਵਾਲੇ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਦੇ ਦੋਸ਼ ਸ਼ੋਅ ਕਰਵਾਏ ਗਏ। ਬੀਤੀ ਕੱਲ੍ਹ ਹਮਿਲਟਨ ਵਿਖੇ ਵਿਨਟੈਕ ਐਟਰੀਅਮ ਵਿਖੇ ਅਤੇ ਅੱਜ ਆਕਲੈਂਡ ‘ਚ ਵੋਡਾਫੋਨ ਈਵੈਂਟ ਸੈਂਟਰ ਮੈਨੁਕਾਓ ਵਿਖੇ ਭਗਵੰਤ ਮਾਨ ਦਾ ਲਾਈਵ ਸ਼ੋਅ ਈਵੈਂਟ ਪ੍ਰੋਮੋਟਰ ਅਤੇ ਮੀਡੀਆ ਗੰਨਜ਼ ਦੇ ਪ੍ਰਬੰਧ ਹੇਠ ਸਫਲਤਾ ਪੂਰਵਕ ਕਰਵਾਇਆ ਗਿਆ। ਪ੍ਰਗੋਰਾਮ ਦੀ ਸ਼ੁਰੂਆਤ ਮਾਓਰੀ ਮੂਲ ਦੇ ਮੁੰਡੇ ਕੁੜੀਆਂ ਦੀ ਟੀਮ ਨੇ ਸਵਾਗਤੀ ਹਾਕਾ ਕਰਕੇ ਕੀਤੀ ਅਤੇ ਫਿਰ ਇਕ ਦੋ ਗੀਤਾਂ ਉਤੇ ਡਾਂਸ ਕਰਕੇ ਇਕ ਨਵੀਂ ਰਵਾਇਤ ਕਾਇਮ ਕੀਤੀ। ਸ. ਹਰਪ੍ਰੀਤ ਸਿੰਘ ਹੈਪੀ ਹੋਰਾਂ ਜੱਟਾਂ ਅਤੇ ਕਿਸਾਨੀ ਉਤੇ ਇਕ ਗੀਤ ਗਾਇਆ।
ਭਰਵੀਂ ਹਾਜ਼ਰੀ ਦੇ ਵਿਚ ਮੂਹਰਲੇ ਬੰਨੇ ਗੋਲ ਟੇਬਲਾਂ ਲੱਗੇ ਸਨ, ਪਿਛੇ ਵੀ.ਆਈ.ਪੀ. ਕੁਰਸੀਆਂ ਅਤੇ ਸੱਜੇ-ਖੱਬੇ ਲੱਗੀਆਂ ਆਮ ਦਰਸ਼ਕਾਂ ਦੀਆਂ ਕੁਰਸੀਆਂ ਦੇ ਉਤੇ ਬੈਠੇ ਹਜ਼ਾਰਾਂ ਦਰਸ਼ਕਾਂ ਨੇ ਇਹ ਸ਼ੋਅ ਬੜੇ ਸ਼ਾਂਤ ਚਿਤ ਹੋ ਕੇ, ਹਾਸਿਆਂ ਦੇ ਨਾਲ ਸਾਥ ਦੇ ਕੇ ਅਤੇ ਗੰਭੀਰਤਾ ਵਾਲੇ ਮੁੱਦਿਆਂ ਉਤੇ ਪੰਜਾਬ ਵੱਲ ਉਡਦੀ ਅੰਤਰ ਆਤਮਾ ਨੂੰ ਪੰਜਾਬ ਦੇ ਹੋਰ ਨੇੜੇ ਕਰਕੇ ਸੁਣਿਆ। ਭਗਵੰਤ ਮਾਨ ਨੇ ਲਾਈਵ ਸ਼ੋਅ ਦੇ ਦੌਰਾਨ ਟੋਟਕਿਆਂ ਦੀ ਲੜੀ ਆਪਣੇ ਪੁਰਾਣੇ ਅਤੇ ਨਵੇਂ ਠੂੰਗਿਆਂ ਨਾਲ ਚਲਾਈ ਪਰ ਜਦੋਂ ਕਿਤੇ ਪੰਜਾਬ ਦੇ ਮੌਜੂਦਾ ਹਾਕਮਾਂ ਦੀ ਗੱਲ ਕਰਦਿਆਂ ਕਾਮੇਡੀ ਸੂਈ ਸਿਆਸੀ ਤਵੇ ਉਤੇ ਧਰੀ ਤਾਂ ਹਾਸਿਆਂ ਦੇ ਫੁਹਾਰੇ ਫੁੱਟੇ। ਇੰਝ ਲਗਦਾ ਸੀ ਜਿਵੇਂ ਪੰਜਾਬ ਦੀ ਸਿਆਸਤ ਹਾਸੋਹੀਣੀ ਬਣ ਕੇ ਰਹਿ ਗਈ ਹੋਵੇ। ਸੱਚੀਆਂ ਘਟਨਾਵਾਂ ਜਿਵੇਂ ਵਿਕਸਤ ਦੇਸ਼ਾਂ ਦੇ ਵਿਚ ਬੈਠੇ ਪੰਜਾਬੀਆਂ ਨੂੰ ਸ਼ਰਮਸਾਰ ਕਰ ਰਹੀਆਂ ਹੋਣ। ਲਗਪਗ 8.30 ਵਜੇ ਸ਼ੁਰੂ ਹੋਏ ਇਸ ਕਾਮੇਡੀ ਸ਼ੋਅ ਨੂੰ ਭਗਵੰਤ ਮਾਨ ਨੇ ਇਕ ਤਰ੍ਹਾਂ ਨਾਨ-ਸਟਾਪ ਹੀ ਸਵਾ ਦੋ ਘੰਟੇ ਤੱਕ ਖਿੱਚੀ ਰੱਖਿਆ। ਦਰਸ਼ਕਾਂ ਨੂੰ ਅੱਜ ਪੰਜਾਬ ਦੇ ਸਿਆਸੀ ਢਾਂਚੇ, ਘਟਦੀਆਂ ਘਟਨਾਵਾਂ, ਨੇਤਾਵਾਂ ਦੇ ਬਿਨਾਂ ਅਧਾਰ ਬਿਆਨ, ਵੱਡੇ-ਵੱਡੇ ਦਿਖਾਏ ਖੁਆਬ, ਬਾਹਰਲੇ ਮੁਲਕਾਂ ਦੀ ਬਰਾਬਰਤਾ ਅਤੇ ਹਵਾ ਵਿਚ ਛੱਡੇ ਤੀਰ ਖਿੱਲੀ ਦਾ ਵਿਸ਼ਾ ਬਣ ਕੇ ਰਹਿ ਗਏ ਜਾਪੇ। ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਹੋਰਾਂ ਭਗਵੰਤ ਮਾਨ ਹੋਰਾਂ ਦਾ ਮੈਮੋਟੇ ਦੇ ਕੇ ਸਨਮਾਨ ਕੀਤਾ। ਉਨ੍ਹਾਂ ਆਪਣੇ ਸੰਖੇਪ ਭਾਸ਼ਣ ਵਿਚ ਨਿਊਜ਼ੀਲੈਂਡ ਅਤੇ ਇੰਡੀਆ ਦੇ ਐਮ.ਪੀ. ਬਾਰੇ ਥੋੜ੍ਹਾ ਜਿਹਾ ਫਰਕ ਵੀ ਦੱਸਿਆ।
ਨਿਊਜ਼ੀਲੈਂਡ ਦੇ ਪੰਜਾਬੀ ਮੀਡੀਆ ਵੱਲੋਂ ਇਕ ਸੁਨੇਹੇ ਦੇ ਰੂਪ ਵਿਚ ਇਕ ਪੋਸਟਰ ਭੇਟ ਕੀਤਾ ਗਿਆ। ਪੰਜ-ਆਬ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਪੰਜਾਬ ਦੇ ਵਿਕਾਸ ਨੂੰ ਲੱਗੇ ਤਾਲੇ ਨੂੰ ਖੋਲ੍ਹਣ ਲਈ ਇਕ ਚਾਬੀ ਭੇਟ ਕੀਤੀ ਗਈ ਜੋ ਕਿ ਸਲਾਹੁਣਯੋਗ ਉਦਮ ਸੀ। ਇਸ ਦੇ ਨਾਲ ਹੀ ਭਗਵੰਤ ਮਾਨ ਉਤੇ ਵਿਦੇਸ਼ੀ ਲੋਕਾਂ ਤੇ ਨਵੀਂ ਪੀੜ੍ਹੀ ਦੀ ਰੱਖੀ ਹੋਈ ਆਸ ਨੂੰ ਉਸ ਤੱਕ ਪੁੱਜਦਾ ਕਰ ਦਿੱਤਾ ਗਿਆ। ਸ. ਖੜਗ ਸਿੰਘ, ਸ੍ਰੀ ਰਾਜੀਵ ਬਾਜਵਾ ਤੇ ਹਰਪਾਲ ਸਿੰਘ ਪਾਲ ਹੋਰਾਂ ਨੇ ਸਾਰੇ ਸਪਾਂਸਰਜ਼ ਦਾ ਤਹਿ ਦਿਲੋਂ ਧੰਨਵਾਦ ਕੀਤਾ।

Welcome to Punjabi Akhbar

Install Punjabi Akhbar
×
Enable Notifications    OK No thanks