ਇਛਾ ਹੈ ਪੰਜਾਬ ਨੂੰ ਵਿਕਸਤ ਅਤੇ ਹਸਦਾ-ਵਸਦਾ ਦੇਖਣ ਦੀ: ਭਗਵੰਤ ਮਾਨ

NZ PIC 24 Oct-2

ਨਿਊਜ਼ੀਲੈਂਡ ਦੇ ਵਿਚ ਅਗਲੇ ਮਹੀਨੇ 21 ਨਵੰਬਰ ਨੂੰ ਦਿਨ ਸਨਿਚਰਵਾਰ ਨੂੰ ਵੋਡਾਫੋਨ ਈਵੈਂਟ ਸੈਂਟਰ ਮੈਨੁਕਾਓ ਵਿਖੇ ਕੁਲਫੀ ਗਰਮਾ ਗਰਮ ਤੋਂ ਆਪਣਾ ਕਾਲਾਕਾਰੀ ਜੀਵਨ ਸ਼ੁਰੂ ਕਰਨ ਵਾਲੇ ਅਤੇ ਹੁਣ ਪਾਰਲੀਮੈਂਟ ਤੱਕ ਪਹੁੰਚ ਚੁੱਕੇ ਸੰਸਦ ਮੈਂਬਰ ਭਗਵੰਤ ਮਾਨ ਦਾ ਕਾਮੇਡੀ ਸ਼ੋਅ  ਹੋ ਰਿਹਾ ਹੈ। ਨਿਊਜ਼ੀਲੈਂਡ ਦੇ ਵਿਚ ਰਹਿੰਦਿਆਂ ਆਪਣੇ ਪੰਜਾਬ ਨੂੰ ਇਕ ਵਿਕਸਤ ਸੂਬੇ ਵੱਜੋਂ ਅਤੇ ਹਸਦਾ-ਵਸਦਾ ਵੇਖਣ ਦੀ ਇੱਛਾ ਰੱਖਣ ਵਾਲੇ ਆਮ ਆਦਮੀ ਪਾਰਟੀ ਨਾਲ ਜੁੜੇ ਸ. ਖੜਗ ਸਿੰਘ ਤੇ ਰਾਜੀਵ ਬਾਜਵਾ ਆਪਣੇ ਸਾਥੀਆਂ ਨਾਲ ਇਸ ਸ਼ੋਅ ਦੇ ਜ਼ਰੀਏ ਇਕ ਸਾਰਥਿਕ ਸੁਨੇਹਾ ਦੇਣ ਦੀ ਕੋਸ਼ਿਸ਼ ਵਿਚ ਹਨ।
ਅੱਜ ਉਨ੍ਹਾਂ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਕਾਮੇਡੀ ਸ਼ੋਅ ਕਿਸੇ ਤਰ੍ਹਾਂ ਦੇ ਬਿਜ਼ਨਸ ਕਰਨ ਦੇ ਮਨੋਰਥ ਨਾਲ ਨਹੀਂ ਹੋ ਰਿਹਾ ਸਗੋਂ ਇਸ ਸ਼ੋਅ ਦੇ ਰਾਹੀਂ ਇਕੱਤਰ ਸਾਰੇ ਪੈਸੇ ਇਕ ਨਵੇਂ ਪੰਜਾਬ ਦੀ ਰੂਪ-ਰੇਖਾ ਚਿਤਰਣ ਦਾ ਸੰਕਲਪ ਕਰੀ ਬੈਠੇ ਭਗਵੰਤ ਮਾਨ ਦੀ ਸਹਾਇਤਾ ਲਈ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਲਈ ਦਰਦ ਰੱਖਣ ਵਾਲੇ ਬਹੁਤ ਸਾਰੇ ਪੰਜਾਬੀ ਲਗਾਤਾਰ ਇਸ ਸ਼ੋਅ ਦੇ ਲਈ ਸਪਾਂਰਜ਼ਸ਼ਿੱਪ ਦੇ ਕੇ ਪੰਜਾਬ ਦੇ ਲਈ ਕੁਝ ਨਾ ਕਰਨ ਦੀ ਪਿਰਤ ਨੂੰ ਅੱਗੇ ਤੋਰ ਰਹੇ ਹਨ।
ਪੰਜਾਬ ਦੇ ਮੌਜੂਦਾ ਹਲਾਤਾਂ ਦੇ ਉਤੇ ਆਪਣਾ ਪੱਖ ਰੱਖਦਿਆਂ ਸ. ਖੜਗ ਸਿੰਘ ਹੋਰਾਂ ਕਿਹਾ ਕਿ ਪੰਜਾਬ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਧਾਰਮਿਕ ਅਤੇ ਰਾਜਨੀਤਕ ਮਾਮਲਿਆਂ ਦੇ ਵਿਚ ਪੂਰੀ ਤਰ੍ਹਾਂ ਉਲਝਾਇਆ ਜਾ ਰਿਹਾ ਹੈ। ਲੋਕਾਂ ਦੀ ਧਾਰਮਿਕ ਭਾਵਨਾਵਾਂ ਦੇ ਨਾਲ ਸ਼ਰੇਆਮ ਖਿਲਵਾੜ ਕੀਤਾ ਜਾ ਰਿਹਾ ਹੈ, ਸਾਡੇ ਪਵਿੱਤਰ ਗ੍ਰੰਥ ਅਤੇ ਧਾਰਮਿਕ ਅਦਾਰੇ ਸੁਰੱਖਿਅਤ ਨਹੀਂ ਰਹੇ ਹਨ। ਸਰਕਾਰਾਂ ਅਤੇ ਪ੍ਰਸ਼ਾਸ਼ਨ ਲੋਕਾਂ ਸਾਹਮਣੇ ਸਖਤੀ ਨਾਲ ਪੇਸ਼ ਆਉਣ ਦੇ ਬਾਵਜੂਦ ਫੇਲ ਹੋ ਕੇ ਰਹਿ ਗਿਆ ਹੈ। ਇਸ ਸਾਰੇ ਦੁੱਖਦਾਈ ਮਾਹੌਲ ਦੇ ਨਾਲ ਸਾਡਾ ਇਥੇ ਬੈਠਿਆਂ ਵੀ ਮਨ ਬਹੁਤ ਦੁਖੀ ਹੋ ਰਿਹਾ ਹੈ, ਪਰ ਇਹ ਜੋ ਸ਼ੋਅ ਰੱਖਿਆ ਗਿਆ ਹੈ, ਇਸਦਾ ਮੁੱਖ ਮਕਸਦ ਮਨੋਰੰਜਨ ਨਹੀਂ ਸਗੋਂ ਪੰਜਾਬ ਦੇ ਲਈ ਕੁਝ ਚੰਗਾ ਸੋਚਣ ਵਾਲੇ ਦੀ ਸਹਾਇਤਾ ਕਰਨਾ ਹੈ। ਇਹ ਸ਼ੋਅ ਕਾਫੀ ਚਿਰ ਤੋਂ ਉਲੀਕਿਆਂ ਹੋਣ ਕਰਕੇ ਮਿੱਥੇ ਸਮੇਂ ਉਤੇ ਕਰਵਾਇਆ ਜਾ ਰਿਹਾ ਹੈ ਅਤੇ ਆਸ ਹੈ ਕਿ ਉਦੋਂ ਤੱਕ ਪੰਜਾਬ ਦੇ ਵਿਚ ਵੀ ਬਣੀ ਹੋਈ ਅਸਿਥਰਤਾ ਠੀਕ ਹੋ ਜਾਵੇਗੀ।
ਸਪਾਂਸਰਜ਼ ਦਾ ਧੰਨਵਾਦ ਹੁਣ ਤੱਕ ਦਰਜਨ ਤੋਂ ਵੱਧ ਜਿਨ੍ਹਾਂ ਵਿਚ ਗੋਲਡ ਅਤੇ ਪ੍ਰਾਊਡ ਸਪਾਂਸਰਜ਼ ਹਨ ਨੇ ਖੁੱਲ੍ਹ ਕੇ ਸਹਾਇਤਾ ਰਾਸ਼ੀ ਦਿੱਤੀ ਹੈ ਅਤੇ ਲਗਾਤਾਰ ਹੋਰ ਸਪਾਂਸਰਜ਼ ਵੀ ਸ਼ਾਮਿਲ ਹੋ ਰਹੇ ਹਨ। ਇਨ੍ਹਾਂ ਸਾਰੇ ਸਪਾਂਸਰਜ਼ ਦਾ ਪ੍ਰਬੰਧਕਾਂ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਪੰਜਾਬ ਪ੍ਰਤੀ ਆਪਣੀ ਵਿਕਾਸਮੁਖੀ ਇੱਛਾ ਕਰਕੇ ਇਸ ਸ਼ੋਅ ਦੇ ਵਿਚ ਆਪਣੀ ਭਾਗੀਦਾਰੀ ਦਿਖਾਈ ਹੈ।

Welcome to Punjabi Akhbar

Install Punjabi Akhbar
×