ਭੰਗੜਾ ਕਲਾਕਾਰ ਜਤਿੰਦਰ ਸਿੰਘ ਰੰਧਾਵਾ ਦੀ ਬੇਵਕਤੀ ਮੌਤ ਉਪਰ ਦੁੱਖ ਦਾ ਪ੍ਰਗਟਾਵਾ

ਸਰੀ -“ਸ਼ਾਨੇ ਪੰਜਾਬ ਭੰਗੜਾ ਆਰਟਸ ਕਲੱਬ” ਦੇ ਬਾਨੀ ਜਤਿੰਦਰ ਸਿੰਘ ਰੰਧਾਵਾ ਦੀ ਬੇਵਕਤੀ ਮੌਤ ਉਪਰ ਸਰੀ ਦੇ ਪੰਜਾਬੀ ਭਾਈਚਾਰੇ ਵਿਚ ਬੇਹੱਦ ਸੋਗ ਪਾਇਆ ਜਾ ਰਿਹਾ ਹੈ। ਉਹ ਅਜੇ 45 ਕੁ ਸਾਲ ਦਾ ਸੀ। ਉਹ ਬਹੁਤ ਹੀ ਮਿਲਣਸਾਰ, ਖੁਸ਼ਦਿਲ, ਨਿਮਰ, ਲੋੜਵੰਦਾਂ ਦੀ ਮਦਦ ਕਰਨ ਵਾਲਾ ਇਨਸਾਨ ਸੀ। ਜਤਿੰਦਰ ਨੇ ਪੰਜਾਬੀ ਸਭਿਆਚਾਰ ਅਤੇ ਵਿਰਾਸਤ ਨੂੰ ਜ਼ਿੰਦਾ ਰੱਖਣ ਦੇ ਮਕਸਦ ਨਾਲ 2007 ਵਿਚ “ਸ਼ਾਨੇ ਪੰਜਾਬ ਭੰਗੜਾ ਆਰਟਸ ਕਲੱਬ” ਦੀ ਸਥਾਪਨਾ ਕੀਤੀ ਅਤੇ ਆਪਣੇ ਇਸ ਕਲੱਬ ਰਾਹੀਂ ਸੈਂਕੜੇ ਬੱਚਿਆਂ ਅਤੇ ਨੌਜਵਾਨਾਂ ਨੂੰ ਪੰਜਾਬ ਦੇ ਰਵਾਇਤੀ ਲੋਕ ਨਾਚਾਂ ਨਾਲ ਜੋੜਿਆ। ਇਸ ਕਲੱਬ ਦੇ ਕਲਾਕਾਰਾਂ ਨੇ 2010 ਦੀਆਂ ਓਲੰਪਿਕ ਖੇਡਾਂ ਵਿਚ, ਕੈਨਕਸ ਗੇਮਜ਼ ਵਿਚ ਅਤੇ ਸੰਸਦ ਹਿੱਲ ਵਿਖੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਜਤਿੰਦਰ ਸਿੰਘ ਰੰਧਾਵਾ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸਰੀ ਸੈਂਟਰਲ ਦੇ ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸਰਾਏ ਨੇ ਕਿਹਾ ਕਿ ਉਹ ਪੰਜਾਬੀ ਭੰਗੜੇ ਅਤੇ ਗਿੱਧੇ ਦਾ ਜੋਸ਼ੀਲਾ ਵਕੀਲ ਸੀ। ਉਸ ਨੇ ਆਪਣੇ ਕਲੱਬ ਰਾਹੀਂ ਹਜ਼ਾਰਾਂ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ।

ਬਲਜਿੰਦਰ ਗਿੱਲ ਨੇ ਕਿਹਾ ਕਿ ਜਤਿੰਦਰ ਪ੍ਰੇਰਣਾ ਦਾ ਸਰੋਤ, ਰੋਸ਼ਨ ਮੀਨਾਰ, ਬੇਹੱਦ ਮਦਦਗਾਰ ਅਤੇ ਨੌਜਵਾਨਾਂ ਦੀ ਜ਼ਿੰਦਗੀ ਦਾ ਸਭ ਤੋਂ ਵਧੀਆ ਦੋਸਤ ਸੀ। ਉਹ ਹਰ ਵਿਅਕਤੀ ਦੀ ਕਦਰ ਕਰਦਾ ਸੀ।

ਸਰਵਣ ਸਿੰਘ ਰੰਧਾਵਾ ਨੇ ਕਿਹਾ ਕਿ ਜਤਿੰਦਰ ਸਿੰਘ ਰੰਧਾਵਾ ਦੀ ਮੌਤ ਨਾਲ ਇੱਕ ਬਹੁਤ ਹੀ ਦਿਆਲੂ ਅਤੇ ਸੁਹਾਵਣਾ ਮਨੁੱਖ, ਭੰਗੜੇ ਦਾ ਰਾਜਾ, ਸਾਡੀ ਕੌਮ ਦਾ ਇੱਕ ਸ਼ਕਤੀਸ਼ਾਲੀ ਥੰਮ ਖੁੱਸ ਗਿਆ ਹੈ। ਉਸ ਦੇ ਸਦੀਵੀ ਵਿਛੋੜੇ ਨਾਲ ਉਸ ਦੇ ਪਰਿਵਾਰ ਨੂੰ ਹੀ ਨਹੀਂ ਬਲਕਿ ਪੂਰੇ ਭਾਈਚਾਰੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

(ਹਰਦਮ ਮਾਨ) +1 604 308 6663
maanbabushahi@gmail.com

Install Punjabi Akhbar App

Install
×