ਭਗਤ ਸਿੰਘ ਨੂੰ ਦਹਿਸ਼ਤਗਰਦ ਕਿਉਂ ਲਿਖਿਆ ਗਿਆ ?

bhagatsingh002
ਭਗਤ ਸਿੰਘ ਸਪਸ਼ਟ ਕਹਿੰਦਾ ਸੀ ਕਿ ਪਿਸਤੌਲ ਅਤੇ ਬੰਬ ਇਨਕਲਾਬ ਨਹੀਂ ਲਿਆਉਂਦੇ ਬਲਕਿ ਇਨਕਲਾਬ ਦੀ ਤਲਵਾਰ ਤਾਂ ਵਿਚਾਰਾਂ ਦੀ ਸਾਣ ਉੱਤੇ ਤਿੱਖੀ ਹੁੰਦੀ ਹੈ. ਪਰ ਫਿਰ ਇਤਿਹਾਸ ਦੀਆਂ ਕੁਝ ਕਿਤਾਬਾਂ ਵਿਚ ਸ਼ਹੀਦ ਭਗਤ ਸਿੰਘ ਵਰਗੇ ਮਹਾਨ ਇਨਕਲਾਬੀਆਂ ਨੂੰ ਦਹਿਸ਼ਤਗਰਦ ਕਿਉਂ ਲਿਖਿਆ ਗਿਆ ? ਅੱਜ ਅਕਸਰ ਹੀ ਇਹ ਸਵਾਲ ਸਾਨੂੰ ਪਰੇਸ਼ਾਨ ਕਰਦਾ ਹੈ. ਇਸੇ ਕਾਰਨ ਭਗਤ ਸਿੰਘ ਲਈ ਦਹਿਸ਼ਤਗਰਦ ਜਾਂ ਅੱਤਵਾਦੀ ਆਦਿ ਸ਼ਬਦ ਲਿਖਣ ਵਾਲਿਆਂ ਉਹਨਾਂ ਲੇਖਕਾਂ ਨੂੰ ਅੰਗਰੇਜ-ਭਗਤ ਜਾਂ ਦੇਸ਼ ਧ੍ਰੋਹੀ ਤੱਕ ਕਹਿ ਦਿੱਤਾ ਜਾਂਦਾ ਹੈ. ਗੁੱਸੇ ਦੀ ਇਸ ਲਹਿਰ ਦਾ ਸ਼ਿਕਾਰ ਮਹਾਤਮਾ ਗਾਂਧੀ ਨੂੰ ਵੀ ਬਣਾ ਦਿੱਤਾ ਜਾਂਦਾ ਹੈ ਕਿ ਇਹ ਸਭ ਓਸੇ ਦਾ ਹੀ ਕਰਿਆ ਧਰਿਆ ਹੋਵੇਗਾ. ਆਪਣੀ ਅਹਿੰਸਾ ਦੀ ਨੀਤੀ ਨੂੰ ਪ੍ਰਵਾਨ ਚੜਾਉਣ ਲਈ ਜਰੂਰ ਉਸ ਨੇ ਹੀ ਹਿੰਸਾ ਵਿਚ ਵਿਸ਼ਵਾਸ ਰਖਣ ਵਾਲਿਆਂ ਨੂੰ ਦਹਿਸ਼ਤਗਰਦ ਹੋਣ ਦਾ ਸਰਟੀਫਿਕੇਟ ਜਾਰੀ ਕਰਵਾ ਦਿੱਤਾ ਹੋਵੇਗਾ ਆਦਿ- ਆਦਿ.

ਪਰ ਗੱਲ ਅਸਲ ਵਿਚ ਇਹ ਨਹੀਂ ਹੈ. ਪਹਿਲਾਂ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਅਸਲ ਵਿਚ ਉਹ ਕਿਹੜਾ ਸ਼ਬਦ ਸੀ, ਜਿਹੜਾ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਬਾਰੇ ਵਰਤਿਆ ਗਿਆ. ਉਹ ਸ਼ਬਦ ਸੀ : ਟੈਰੇਰਿਸਟ (Terrorist ) . ਟੈਰਰ (Terror) ਦਾ ਅਰਥ ਹੈ : ਡਰ, ਦਹਿਸ਼ਤ, ਆਤੰਕ. ਇਸ ਲਈ ਜੋ ਵੀ ਹਥਿਆਰਾਂ ਦੀ ਵਰਤੋਂ ਕਰਕੇ ਦਹਿਸ਼ਤ ਜਾਂ ਡਰ ਪੈਦਾ ਕਰਦਾ ਹੈ ਉਹ ਹੋ ਗਿਆ ਦਹਿਸ਼ਤਗਰਦ ਅਰਥਾਤ ਟੈਰੇਰਿਸਟ.
ਦੇਖਿਆ ਜਾਵੇ ਤਾਂ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਵੀ ਦਹਿਸ਼ਤ ਤਾਂ ਪੈਦਾ ਕੀਤੀ ਹੀ , ਡਰ ਤਾਂ ਪੈਦਾ ਕੀਤਾ ਹੀ . ਉਹਨਾਂ ਨੇ ਹਥਿਆਰਾਂ ਦੀ ਵਰਤੋਂ ਵੀ ਕੀਤੀ. ਪਰ ਨਾਲ ਹੀ ਇਹ ਵੀ ਦੇਖਣ ਦੀ ਲੋੜ ਹੈ ਦਹਿਸ਼ਤ ਕਿਸ ਦੇ ਮਨ ਵਿਚ ਪੈਦਾ ਕੀਤੀ. ਉਹਨਾਂ ਨੇ ਕਿਸ ਦੀ ਨੀਂਦ ਹਰਾਮ ਕੀਤੀ ? ਇਸ ਦੇ ਕਾਰਨ ਕੋਈ ਨਿੱਜੀ ਸਨ ਜਾਂ ਉਹ ਸਮੂਹ ਲੋਕਾਂ ਲਈ ਜੂਝ ਰਹੇ ਸਨ ? ਉਹ ਲੋਕ ਪੱਖੀ ਸਨ ਜਾਂ ਲੋਕ ਦੋਖੀ ? ਉਹ ਪੂਰੇ ਦਿਲੋਂ ਗੁਲਾਮੀ ਦੇ ਖਿਲਾਫ਼ ਸਨ ਜਾਂ ਅੰਗਰੇਜਾਂ ਨਾਲ ਕੋਈ ਦੋਸਤਾਨਾ ਮੈਚ ਖੇਡ ਰਹੇ ਸਨ ?
ਉਹਨਾਂ ਨੇ ਇੱਕ ਪੁਲਿਸ ਅਫਸਰ ਨੂੰ ਭਰੇ ਬਾਜ਼ਾਰ ਵਿਚ ਮਾਰ ਦਿੱਤਾ , ਉਸ ਅਫਸਰ ਦਾ ਗਾਰਡ ਵੀ ਨਾਲ ਹੀ ਮਾਰਿਆ ਗਿਆ. ਉਹਨਾਂ ਨੇ ਕੇਂਦਰੀ ਅਸੈਂਬਲੀ ਹਾਲ , ਦਿੱਲੀ ( ਜਿਸ ਨੂੰ ਅੱਜ ਅਸੀਂ ਸੰਸਦ ਕਹਿੰਦੇ ਹਾਂ ), ਵਿਚ ਬੰਬ ਸੁੱਟਿਆ. ਇਹ ਵੱਖਰੀ ਗੱਲ ਹੈ ਕਿ ਉਹ ਇਸ ਬੰਬ ਨਾਲ ਕਿਸੇ ਨੂੰ ਮਾਰਨਾ ਨਹੀਂ ਚਾਹੁੰਦੇ ਸਨ, ਬਲਕਿ ਸਿਰਫ ਦਹਿਸ਼ਤ ਫੈਲਾਉਣੀ ਚਾਹੁੰਦੇ ਸਨ. ਸਪਸ਼ਟ ਹੈ ਕਿ ਉਹ ਵਿਦੇਸ਼ੀ ਸਰਕਾਰ ਅਤੇ ਉਸ ਦੇ ਸਮਰਥਕਾਂ ਦੇ ਮਨਾਂ ਵਿਚ ਜਰੂਰ ਦਹਿਸ਼ਤ ਪੈਦਾ ਕਰਨੀ ਚਾਹੁੰਦੇ ਸਨ ਅਤੇ ਉਹ ਇਸ ਵਿਚ ਸਫਲ ਵੀ ਰਹੇ. ਉਹਨਾਂ ਨੇ ਮੌਤ ਕਬੂਲ ਕਰ ਲਈ ਪਰ ਕਦੇ ਵੀ ਆਪਣੇ ਕੰਮਾਂ ਬਾਰੇ ਸਰਕਾਰ ਤੋਂ ਕੋਈ ਮਾਫ਼ੀ ਨਹੀਂ ਮੰਗੀ. ਇਸ ਹਿਸਾਬ ਨਾਲ ਦੇਖਿਆ ਜਾਵੇ ਤਾਂ ਸਰਕਾਰ ਦੀਆਂ ਨਜ਼ਰਾਂ ਵਿਚ ਉਹ ਯਕੀਨਨ ਹੀ ਦਹਿਸ਼ਤਗਰਦ ਸਨ. ਇਸ ਲਈ ਅੰਗਰੇਜੀ ਸਰਕਾਰ ਨੇ ਉਹਨਾਂ ਨੂੰ ਦਹਿਸ਼ਤਗਰਦ ਕਹਿਣਾ ਹੀ ਸੀ. ਰੀਸੋ ਰੀਸ ਉਸ ਵੇਲੇ ਦੇ ਇਤਿਹਾਸਕਾਰਾਂ ਨੇ ਵੀ ਇੰਜ ਹੀ ਲਿਖ ਦਿੱਤਾ.
ਜਿਹੜੀ ਗੱਲ ਸਭ ਤੋਂ ਵੱਧ ਸਮਝਣ ਵਾਲੀ ਹੈ, ਉਹ ਇਹ ਹੈ ਕਿ ਅੱਜ ਤੋਂ 80 -90 ਸਾਲ ਪਹਿਲਾਂ ਦੇ ਸਿਆਸੀ ਤੇ ਸਮਾਜਿਕ ਹਾਲਾਤ ਅੱਜ ਤੋਂ ਕਈ ਪੱਖਾਂ ਤੋਂ ਵੱਖਰੇ ਸਨ. ਉਸ ਵੇਲੇ ਅੱਜ ਕੱਲ ਵਰਗਾ ਦਹਿਸ਼ਤਗਰਦੀ ਦਾ ਸੰਕਲਪ (concept ) ਹੀ ਨਹੀਂ ਸੀ. ਉਦੋਂ ਅੱਜ ਵਾਂਗੂੰ ਬਾਜ਼ਾਰਾਂ ਵਿਚ ਬੰਬ ਧਮਾਕੇ ਨਹੀਂ ਸੀ ਹੁੰਦੇ. ਕਿਸੇ ਵੱਡੀ ਹਸਤੀ ਨੂੰ ਮਾਰਨ ਖਾਤਰ ਤਾਂ ਬਾਜ਼ਾਰ ਵਿਚ ਬੰਬ ਵਗੈਰਾ ਚੱਲ ਜਾਂਦੇ ਸੀ ਪਰ ਅੱਜਕਲ ਵਰਗੇ ਬੰਬ ਧਮਾਕੇ ਜਿਨਾ ਵਿਚ ਸਿਰਫ ਬੇਗੁਨਾਹ ਲੋਕ ਹੀ ਮਰਦੇ ਹੋਣ, ਉਦੋਂ ਨਹੀਂ ਸੀ ਹੁੰਦੇ. ਇਸ ਲਈ ਉਦੋਂ ‘ਟੈਰੇਰਿਸਟ’ ਦੀ ਪਰਿਭਾਸ਼ਾ ਵੀ ਅੱਜ ਵਾਲੀ ਨਹੀਂ ਸੀ. ਉਦੋਂ ‘ਟੈਰੇਰਿਸਟ’ ਦਾ ਅਰਥ ਸੀ ਜੋ ਰਾਜ ( state ) ਦੇ ਮਨ ਵਿਚ ਦਹਿਸ਼ਤ ਪੈਦਾ ਕਰੇ. ਪਰ ਅੱਜ ਇਸ ਦਾ ਅਰਥ ਬਹੁਤ ਬਦਲ ਗਿਆ ਹੈ. ਅੱਜ ‘ਟੈਰੇਰਿਸਟ’ ਦਾ ਅਰਥ ਹੈ, ਜੋ ਅਜਮਲ ਕਸਾਬ ਵਾਂਗੂੰ ਬਿਨਾ ਕਿਸੇ ਵਿਤਕਰੇ ਦੇ ਗੋਲੀ ਚਲਾਵੇ, ਜਿਹੜਾ ਕਿਸੇ ਰੇਲ ਗੱਡੀ ਵਿਚ ਬੰਬ ਧਮਾਕਾ ਕਰ ਦੇਵੇ, ਜਿਹੜਾ ਬੱਸਾਂ ਵਿਚੋਂ ਬੇਦੋਸ਼ਿਆਂ ਨੂੰ ਕੱਢ ਕੇ ਮਾਰ ਦੇਵੇ. ਅੱਜਕਲ ‘ਟੈਰੇਰਿਸਟ’ ਦਾ ਅਰਥ ਹੈ ਮੌਤ ਦਾ ਸੌਦਾਗਰ.
ਇਸ ਲਈ ਸਾਨੂੰ ਉਸ ਸਮੇਂ ਦੇ ਇਤਿਹਾਸਕਾਰਾਂ ਨਾਲ ਬਹੁਤਾ ਗਿਲਾ ਨਹੀਂ ਹੋਣਾ ਚਾਹੀਦਾ ਕਿ ਉਹਨਾਂ ਨੇ ਇਨਕਲਾਬੀਆਂ ਨੂੰ ਦਹਿਸ਼ਤਗਰਦ ਕਿਉਂ ਲਿਖਿਆ. ਕਿਉਂਕਿ ਉਦੋਂ ਦਹਿਸ਼ਤਗਰਦੀ ਦਾ ਅੱਜ ਵਾਲਾ ਸੰਕਲਪ ਹੀ ਨਹੀਂ ਸੀ. ਉਦੋਂ ਦਹਿਸ਼ਤਗਰਦ ਦੇ ਅਰਥ ਹੀ ਅੱਜ ਵਾਲੇ ਨਹੀਂ ਸਨ. ਪਰ ਅੱਜ ਜਦੋਂ ਕਿ ਦੁਨੀਆਂ ਵਿਚ ਦਹਿਸ਼ਗਰਦੀ ਇੱਕ ਘਿਨਾਉਣਾ ਰੂਪ ਲੈ ਚੁੱਕੀ ਹੈ ਅਤੇ ਇਸ ਨੂੰ ਪੂਰੀ ਦੁਨੀਆਂ ਵਿਚ ਨਫਰਤ ਦੀ ਨਜਰ ਨਾਲ ਵੇਖਿਆ ਜਾਂਦਾ ਹੈ ਤਾਂ ਭਗਤ ਸਿੰਘ ਵਰਗੇ ਆਜ਼ਾਦੀ ਸੰਗਰਾਮੀਆਂ ਲਈ ਇਸ ਸ਼ਬਦ ਦੀ ਵਰਤੋਂ ਕਰਨੀ ਪੂਰੀ ਤਰਾਂ ਸ਼ਰਾਰਤਪੂਰਨ ਹੈ. ਅੱਜਕਲ ਸਾਡੇ ਕੋਲ ਉਹਨਾਂ ਲਈ ਵਰਤਿਆ ਜਾਣ ਵਾਲਾ ਢੁਕਵਾਂ ਸ਼ਬਦ ਹੈ: ਰੈਵੋਲਿਊਸ਼ਨਰੀ ( Revolutionary) ਅਰਥਾਤ ਇਨਕਲਾਬੀ ਜਾਂ ਕਰਾਂਤੀਕਾਰੀ.

Install Punjabi Akhbar App

Install
×