”ਭਗਤ ਪੂਰਨ ਸਿੰਘ” ਗੀਤ ਦਾ ਪੋਸਟਰ ਡਾ: ਇੰਦਰਜੀਤ ਕੌਰ ਪਿੰਗਲਵਾੜਾ ਵੱਲੋਂ ਲੋਕ ਅਰਪਣ

  • ਭਗਤ ਜੀ ਦੇ ਬਰਸੀ ਸਮਾਗਮ ਤੇ 2 ਅਗਸਤ ਨੂੰ ਗੀਤ ਹੋਵੇਗਾ ਸ੍ਰੋਤਿਆਂ ਦੇ ਸਪੁਰਦ

Bhagat Pooran singh ji
ਸ੍ਰੀ ਅੰਮ੍ਰਿਤਸਰ ਸਾਹਿਬ — ”ਬਹੁਤ ਵਿਰਲੇ ਇਨਸਾਨ ਹੁੰਦੇ ਹਨ ਜੋ ਆਪਣੀਆਂ ਖਾਹਿਸ਼ਾਂ, ਇੱਛਾਵਾਂ, ਲੋੜਾਂ ਨਾਲੋਂ ਲੋਕਾਈ ਦੇ ਦੁੱਖ ਦਰਦ ਨੂੰ ਪਹਿਲ ਦਿੰਦੇ ਹਨ। ਭਗਤ ਪੂਰਨ ਸਿੰਘ ਜੀ ਅਜਿਹੀ ਹੀ ਨੇਕ ਰੂਹ ਸਨ, ਜਿਹਨਾਂ ਨੇ ਮਾਨਵਤਾ ਦੀ ਨਿਸ਼ਕਾਮ ਸੇਵਾ ਕਰਦਿਆਂ ਰਾਮਜੀ ਦਾਸ ਤੋਂ ਪੂਰਨ ਸਿੰਘ ਹੋਣ ਦਾ ਸਫ਼ਰ ਤੈਅ ਕੀਤਾ। ਸਾਨੂੰ ਆਪਣੇ ਬੱਚਿਆਂ ਨੂੰ ਉਹਨਾਂ ਦੀ ਜੀਵਨ ਘਾਲਣਾ ਬਾਰੇ ਜਰੂਰ ਜਾਣੂੰ ਕਰਵਾਉਣਾ ਚਾਹੀਦਾ ਹੈ ਤਾਂ ਜੋ ਉਹਨਾਂ ਦੇ ਮਨਾਂ ਵਿੱਚ ਮਾਨਵਤਾ ਦੀ ਸੇਵਾ, ਵਾਤਾਵਰਣ ਦੀ ਸੰਭਾਲ, ਪੁਸਤਕ ਸੱਭਿਆਚਾਰ ਨਾਲ ਜੁੜਨ ਵਰਗੇ ਸਦਗੁਣ ਪੈਦਾ ਕੀਤੇ ਜਾ ਸਕਣ।” ਉਕਤ ਵਿਚਾਰਾਂ ਦਾ ਪ੍ਰਗਟਾਵਾ ਪਿੰਗਲਵਾੜਾ ਚੈਰੀਟੇਬਲ ਸੰਸਥਾ ਦੇ ਮੁੱਖ ਸੇਵਾਦਾਰ ਡਾ: ਇੰਦਰਜੀਤ ਕੌਰ ਜੀ ਨੇ ਭਗਤ ਪੂਰਨ ਸਿੰਘ ਜੀ ਨੂੰ ਸਮਰਪਿਤ ਗੀਤ ”ਭਗਤ ਪੂਰਨ ਸਿੰਘ” ਦਾ ਪੋਸਟਰ ਲੋਕ ਅਰਪਣ ਕਰਨ ਦੀ ਰਸਮ ਅਦਾ ਕਰਦਿਆਂ ਕੀਤਾ। ਜਿਕਰਯੋਗ ਹੈ ਕਿ ਐੱਮ ਪੀ 4 ਰਿਕਾਰਡਜ਼ ਅਤੇ ਮਨਜਿੰਦਰ ਗਿੱਲ ਮੰਜ (ਦੁਬਈ) ਦੀ ਪੇਸ਼ਕਸ ਇਸ ਗੀਤ ਨੂੰ ਸ਼ਬਦਾਂ ਦੀ ਲੜੀ ?ਚ ਮਨਦੀਪ ਖੁਰਮੀ ਹਿੰਮਤਪੁਰਾ ਨੇ ਪ੍ਰੋਇਆ ਹੈ ਤੇ ਆਵਾਜ਼ ਦਿੱਤੀ ਹੈ ਗਾਇਕ ਚਰਨਜੀਤ ਖੈੜੀਆ ਨੇ। ਸੁਲਝੇ ਸੰਗੀਤਕਾਰ ਨਿੰਮਾ ਵਿਰਕ ਦੀਆਂ ਧੁਨਾਂ ਨਾਲ ਸ਼ਿੰਗਾਰੇ ਇਸ ਗੀਤ ਦੇ ਵੀਡੀਓ ਨਿਰਦੇਸ਼ਕ ਦੇ ਫਰਜ਼ ਕ੍ਰਿਏਟਿਵ ਕ੍ਰਿਊ ਦੇ ਸੋਨੀ ਠੁੱਲੇਵਾਲ ਅਤੇ ਨਵੀਨ ਜੇਠੀ ਨੇ ਅਦਾ ਕੀਤੇ ਹਨ। ਪਿੰਗਲਵਾੜਾ ਸੰਸਥਾ ਦੇ ਵਿਹੜੇ ਵਿੱਚ ਸਕੂਲੀ ਬੱਚਿਆਂ ਨੇ ਇਸ ਗੀਤ ਦੀ ਵੀਡੀਓ ਵਿੱਚ ਅਦਾਕਾਰਾਂ ਵਜੋਂ ਵਡਮੁੱਲਾ ਸਾਥ ਦੇ ਕੇ ਇਹ ਸੰਦੇਸ਼ ਦਿੱਤਾ ਹੈ ਕਿ ਜ਼ਿੰਦਗੀ ਵਿੱਚ ਹਰ ਸੁਖ ਸਹੂਲਤ ਮਾਣਦੇ ਹੋਣ ਦੇ ਬਾਵਜੂਦ ਵੀ ਜ਼ਿੰਦਗੀ ਨਾਲ ਸਿਕਵੇ ਸ਼ਿਕਾਇਤਾਂ ਕਰਨ ਨਾਲੋਂ ਹਾਲਾਤਾਂ ਨਾਲ ਜੰਗ ਲੜਨੀ ਹੀ ਜਿੰਦਾਦਿਲ ਹੋਣ ਦਾ ਅਸਲ ਸਬੂਤ ਹੈ। ਜਿਕਰਯੋਗ ਹੈ ਕਿ ਭਗਤ ਪੂਰਨ ਸਿੰਘ ਜੀ ਦੀ ਸਾਲਾਨਾ ਬਰਸੀ ਮੌਕੇ 2 ਅਗਸਤ ਨੂੰ ਪਿੰਗਲਵਾੜਾ ਦੇ ਸਕੂਲੀ ਬੱਚਿਆਂ ਦੀ ਪੇਸ਼ਕਾਰੀ ਮੌਕੇ ਇਹ ਗੀਤ ਲੋਕ ਅਰਪਣ ਕੀਤਾ ਜਾਵੇਗਾ। ਡਾ: ਇੰਦਰਜੀਤ ਕੌਰ ਜੀ ਨੇ ਇਸ ਗੀਤ ਨਾਲ ਜੁੜੇ ਹਰ ਸਖ਼ਸ਼ ਨੂੰ ਵਧਾਈ ਪੇਸ਼ ਕਰਨ ਦੇ ਨਾਲ ਨਾਲ ਸ਼ਾਬਾਸ਼ ਵੀ ਦਿੱਤੀ।

Install Punjabi Akhbar App

Install
×