ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ‘ਈ.ਟੀ.ਸੀ.ਸੀ.ਐਸ.-2021’ ਦੀ ਹੋਈ ਸ਼ੁਰੂਆਤ

ਬਠਿੰਡਾ -ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਬਠਿੰਡਾ ਵੱਲੋਂ ਸਪਰਿੰਗਰ (ਇੱਕ ਗਲੋਬਲ ਪਬਲਿਸ਼ਿੰਗ ਕੰਪਨੀ) ਦੇ ਤਕਨੀਕੀ ਸਹਿਯੋਗ ਨਾਲ ”ਕੰਪਿਊਟਿੰਗ, ਕਮਿਊਨੀਕੇਸ਼ਨ ਅਤੇ ਸਮਾਰਟ ਸਿਟੀਜ਼ ਲਈ ਉੱਭਰਦੀਆਂ ਤਕਨੀਕਾਂ’ ਬਾਰੇ ਕਰਵਾਈ ਜਾ ਰਹੀ ਦੋ ਦਿਨਾਂ ਅੰਤਰਰਾਸ਼ਟਰੀ ਕਾਨਫ਼ਰੰਸ ‘ਈਟੀਸੀਸੀਐਸ-2021’ ਦੀ ਅੱਜ ਸਫਲਤਾਪੂਰਵਕ ਸ਼ੁਰੂਆਤ ਹੋਈ। ਇਸ ਕਾਨਫ਼ਰੰਸ ਦਾ ਮੁੱਖ ਉਦੇਸ਼ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.), ਵਾਇਰਲੈੱਸ ਨੈੱਟਵਰਕਸ, ਸੁਰੱਖਿਆ ਅਤੇ ਇੰਟਰਨੈੱਟ ਆਫ਼ ਐਵਰੀਥਿੰਗ(ਆਈ.ਓ.ਈ) ਵਿੱਚ ਨਵੀਆਂ ਉੱਨਤੀਆਂ ਅਤੇ ਨਵੀਨਤਾਵਾਂ ਨੂੰ ਸਾਂਝਾਂ ਕਰਨ ਲਈ ਅੰਤਰਰਾਸ਼ਟਰੀ ਮੰਚ ਪ੍ਰਦਾਨ ਕਰਨਾ ਸੀ। ਕਾਨਫ਼ਰੰਸ ਦੇ ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਡਾ. ਅਨਿਲ ਡੀ. ਸਹਸਰਾਬੁੱਧੇ, ਚੇਅਰਮੈਨ, ਏ.ਆਈ.ਸੀ.ਟੀ.ਈ., ਨਵੀਂ ਦਿੱਲੀ ਸਨ ਅਤੇ ਸਮਾਗਮ ਦੇ ਮੁੱਖ ਬੁਲਾਰੇ ਡਾ. ਸਚਿਨ ਕੇ. ਮੰਗਲਾ, ਯੂਨੀਵਰਸਿਟੀ ਆਫ਼ ਪਲਾਈਮਾਊਥ, ਯੂ.ਕੇ. ਸਨ। ਇਹ ਅੰਤਰਰਾਸ਼ਟਰੀ ਕਾਨਫ਼ਰੰਸ ਇਲੈਕਟ੍ਰੋਨਿਕ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (ਐਮ.ਈ ਆਈ.ਟੀ.ਵਾਈ.), ਆਲ ਇੰਡੀਆ ਕੌਂਸਲ ਫ਼ਾਰ ਟੈਕਨੀਕਲ ਐਜੂਕੇਸ਼ਨ (ਏ.ਆਈ.ਸੀ.ਟੀ.ਈ.) ਅਤੇ ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀ.ਐਸ.ਆਈ.ਆਰ.), ਨਵੀਂ ਦਿੱਲੀ ਦੁਆਰਾ ਸਪਾਂਸਰ ਕੀਤੀ ਗਈ ਹੈ।

ਕਾਨਫ਼ਰੰਸ ਦੇ ਉਦਘਾਟਨੀ ਸਮਾਰੋਹ ਦੌਰਾਨ ਡਾ. ਪ੍ਰਦੀਪ ਕੌੜਾ, ਡਿਪਟੀ ਡਾਇਰੈਕਟਰ (ਅਕਾਦਮਿਕ), ਬੀ.ਐਫ.ਜੀ.ਆਈ. ਨੇ ਮੁੱਖ ਮਹਿਮਾਨਾਂ ਅਤੇ ਹੋਰ ਪਤਵੰਤਿਆਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਕਾਨਫ਼ਰੰਸ ਉੱਭਰ ਰਹੀਆਂ ਤਕਨੀਕਾਂ ਦੇ ਵਿਆਪਕ ਖੇਤਰ ਬਾਰੇ ਸਮਝ ਪ੍ਰਦਾਨ ਕਰੇਗੀ । ਉਨ੍ਹਾਂ ਨੇ ਇਸ ਕਾਨਫ਼ਰੰਸ ਦੇ ਆਯੋਜਨ ਲਈ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਅਤੇ ਭਾਗੀਦਾਰਾਂ ਦੀ ਸ਼ਲਾਘਾ ਕੀਤੀ।

ਡਾ. ਨਿਮੀਸ਼ਾ ਸਿੰਘ, ਡੀਨ, ਟਰੇਨਿੰਗ, ਬੀ.ਐਫ.ਸੀ.ਈ.ਟੀ. ਨੇ ਕਾਨਫ਼ਰੰਸ ਦੇ ਬੁਲਾਰਿਆਂ ਦੀ ਜਾਣ-ਪਛਾਣ ਕਰਵਾਈ ਜਦੋਂ ਕਿ ਬੀ.ਐਫ.ਸੀ.ਈ.ਟੀ. ਦੀ ਪ੍ਰਿੰਸੀਪਲ ਡਾ. ਜਯੋਤੀ ਬਾਂਸਲ ਨੇ ਹਾਜ਼ਰੀਨ ਨੂੰ ਕਾਨਫ਼ਰੰਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਕਾਨਫ਼ਰੰਸ ਦੁਆਰਾ ਏ.ਆਈ, ਵਾਇਰਲੈੱਸ ਨੈੱਟਵਰਕ, ਸੁਰੱਖਿਆ ਅਤੇ ਆਈ.ਓ.ਈ. ਦੇ ਖੋਜ ਖੇਤਰਾਂ ਨਾਲ ਸੰਬੰਧਿਤ ਟੈਕਨੋਲੋਜਿਸਟਾਂ, ਉਦਯੋਗਪਤੀਆਂ, ਖੋਜਕਰਤਾਵਾਂ ਅਤੇ ਵਿਦਿਆਰਥੀਆਂ ਵਿੱਚ ਨਵੇਂ ਸੰਕਲਪਾਂ ਨੂੰ ਸਾਂਝਾਂ ਕਰਨ ਦਾ ਮੌਕਾ ਪ੍ਰਦਾਨ ਕੀਤਾ ਗਿਆ ਹੈ। ਇਸ ਕਾਨਫ਼ਰੰਸ ਦੇ ਪੰਜ ਟਰੈਕਾਂ ਵਿੱਚ 21ਵੀਂ ਸਦੀ ਦੌਰਾਨ ਦੁਨੀਆ ਭਰ ਵਿੱਚ ਵਰਤੀਆਂ ਜਾ ਰਹੀਆਂ ਨਵੀਨਤਮ ਤਕਨੀਕਾਂ ਅਤੇ ਇੰਡਸਟਰੀ 4.0 ਨੂੰ ਸ਼ਾਮਲ ਕੀਤਾ ਗਿਆ ਹੈ।

ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ, ਡਾ. ਅਨਿਲ ਡੀ. ਸਹਸਰਾਬੁੱਧੇ, ਚੇਅਰਮੈਨ, ਏ.ਆਈ.ਸੀ.ਟੀ.ਈ., ਨਵੀਂ ਦਿੱਲੀ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਦੇ ਖੇਤਰ ਵਿੱਚ ਖੋਜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸੁਪਰ ਕੰਪਿਊਟਰਾਂ ਦੀ ਸ਼ਕਤੀ ਬਾਰੇ ਸੰਬੋਧਿਤ ਕਰਦਿਆਂ ਦੱਸਿਆ ਕਿ ਕਿਵੇਂ ਇਹ ਭਾਰਤ ਦੇ ਇੱਕ ਪ੍ਰਮੁੱਖ ਖੇਤਰ ਅਰਥਾਤ ਖੇਤੀਬਾੜੀ ਵਿੱਚ ਸਹਾਇਤਾ ਕਰ ਰਿਹਾ ਹੈ। ਉਨ੍ਹਾਂ ਨੇ ਏ.ਆਈ., ਆਈ.ਓ.ਟੀ, ਡਾਟਾ ਸਾਇੰਸ, ਇੰਡਸਟਰੀ 4.0, ਸੰਸ਼ੋਧਿਤ ਰਿਐਲਟੀ ਅਤੇ ਸਾਈਬਰ ਸੁਰੱਖਿਆ ‘ਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਮਾਰਟ ਸ਼ਹਿਰ ਤਿਆਰ ਕਰਨਾ ਦੇਸ਼ ਦਾ ਅਗਲਾ ਡਰੀਮ ਪ੍ਰੋਜੈਕਟ ਹੈ। ਉਨ੍ਹਾਂ ਨੇ ਬੀ.ਐਫ.ਸੀ.ਈ.ਟੀ. ਨੂੰ ਅੰਤਰਰਾਸ਼ਟਰੀ ਪੱਧਰ ਦੀ ਅਜਿਹੀ ਗਿਆਨਵਾਨ ਕਾਨਫ਼ਰੰਸ ਦਾ ਪ੍ਰਬੰਧ ਕਰਨ ਲਈ ਵਧਾਈ ਵੀ ਦਿੱਤੀ।
ਉਦਘਾਟਨੀ ਸੈਸ਼ਨ ਵਿੱਚ ਪ੍ਰਮੁੱਖ ਬੁਲਾਰੇ ਡਾ. ਸਚਿਨ ਕੇ. ਮੰਗਲਾ, ਯੂਨੀਵਰਸਿਟੀ ਆਫ਼ ਪਲਾਈਮਾਊਥ, ਯੂ.ਕੇ. ਨੇ ਆਈ.ਓ.ਟੀ ਅਤੇ ਡਿਜ਼ੀਟਲਾਈਜੇਸ਼ਨ ਦੇ ਵਿਚਕਾਰ ਸੰਪਰਕ ਬਣਾਉਣ ਲਈ ਇੰਡਸਟਰੀ 4.0 ਸਥਾਈ ਬਿਜ਼ਨਸ ਆਪ੍ਰੇਸ਼ਨਾਂ ਲਈ ਇੰਡਸਟਰੀ 4.0 ਤਕਨੀਕਾਂ ਬਾਰੇ ਸ਼ਾਨਦਾਰ ਭਾਸ਼ਣ ਦਿੱਤਾ।
ਕਾਨਫ਼ਰੰਸ ਦੇ ਕਨਵੀਨਰ ਡਾ. ਤੇਜਿੰਦਰ ਪਾਲ ਸਿੰਘ ਸਰਾਓ ਨੇ ਸਾਰੇ ਬੁਲਾਰਿਆਂ ਦਾ ਭਾਗੀਦਾਰਾਂ ਨਾਲ ਆਪਣੀ ਮੁਹਾਰਤ ਸਾਂਝੀ ਕਰਨ ਲਈ ਸਮਾਂ ਦੇਣ ਅਤੇ ਮਿਹਨਤ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਸ ਕਾਨਫ਼ਰੰਸ ਵਿੱਚ 200 ਤੋਂ ਵੱਧ ਖੋਜ ਪੱਤਰ ਪ੍ਰਾਪਤ ਹੋਏ ਹਨ। ਜਿਨ੍ਹਾਂ ਵਿੱਚੋਂ 36 ਪੂਰੀ ਲੰਬਾਈ ਵਾਲੇ ਅਤੇ 8 ਸੱਦੇ ਗਏ ਖੋਜ ਪੱਤਰ ਪੇਸ਼ਕਾਰੀ ਲਈ ਚੁਣੇ ਗਏ ਹਨ ਜੋ ਬਾਅਦ ਵਿੱਚ ਸਪਰਿੰਗਰ ਦੁਆਰਾ ਪ੍ਰਕਾਸ਼ਿਤ ਕੀਤੇ ਜਾਣਗੇ। ਉਨ੍ਹਾਂ ਨੇ ਸਰੋਤਿਆਂ ਨਾਲ ਆਪਣਾ ਕੀਮਤੀ ਗਿਆਨ ਸਾਂਝਾ ਕਰਨ ਲਈ ਡਾ. ਸਹਸਰਾਬੁੱਧੇ ਅਤੇ ਡਾ. ਮੰਗਲਾ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ।
ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਅੰਤਰਰਾਸ਼ਟਰੀ ਕਾਨਫ਼ਰੰਸ ਦੇ ਇਸ ਸਫਲ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਾਨਫ਼ਰੰਸ ਉਨ੍ਹਾਂ ਵਿਦਵਾਨਾਂ ਅਤੇ ਰਿਸਰਚ ਸਕਾਲਰਾਂ ਤੇ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਹੋਵੇਗੀ ਜੋ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.), ਵਾਇਰਲੈੱਸ ਨੈੱਟਵਰਕ, ਸੁਰੱਖਿਆ ਅਤੇ ਇੰਟਰਨੈੱਟ ਆਫ਼ ਥਿੰਗਜ਼ ਦੇ ਖੇਤਰ ਵਿੱਚ ਖੋਜ ਕਾਰਜ ਕਰ ਰਹੇ ਹਨ।

Install Punjabi Akhbar App

Install
×