ਇਮੀਗ੍ਰੇਸ਼ਨ ਨਿਊਜ਼ੀਲੈਂਡ ਦਾ ਨਾਂਅ ਵਰਤ ਕੇ ਧੋਖਾਧੜੀ ਕਰਨ ਵਾਲੇ ਫਿਰ ਸਰਗਰਮ- ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ

NZ PIC 1 Dec-2
ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਲੋਕਾਂ ਨੂੰ ਇਸ ਗੱਲ ਲਈ ਸੁਚੇਤ ਕੀਤਾ ਹੈ ਕਿ ਕੁਝ ਧੋਖੇਬਾਜਾਂ ਦਾ ਸਮੂਹ ਇਮੀਗ੍ਰੇਸ਼ਨ ਦਾ ਨਾਂਅ ਵਰਤ ਕੇ ਉਨ੍ਹਾਂ ਲੋਕਾਂ ਨੂੰ ਠਗਣ ਦੀ ਤਾਕ ਵਿਚ ਰਹਿੰਦਾ ਹੈ ਜਿਨ੍ਹਾਂ ਨੇ ਵੱਖ-ਵੱਖ ਸ਼੍ਰੇਣੀਆ ਅਧੀਨ ਵੀਜ਼ਾ ਅਰਜੀਆਂ ਦਾਖਲ ਕੀਤੀਆਂ ਹੋਈਆਂ ਹਨ। ਇਮੀਗ੍ਰੇਸ਼ਨ ਅਨੁਸਾਰ ਜਿਆਦਾ ਕੇਸ ਭਾਰਤੀ ਲੋਕਾਂ ਦੇ ਹਨ ਜਿਨ੍ਹਾਂ ਦੇ ਵਿਚ ਫੋਨ ਦੇ ਉਤੇ ਕਿਹਾ ਜਾਂਦਾ ਹੈ ਕਿ ਤੁਹਾਡੇ ਵੀਜੇ ਵਿਚ ਕੋਈ ਮੁਸ਼ਕਿਲ ਹੈ ਜਾਂ ਫਿਰ ਜੋ ਤੁਸੀਂ ਅਰਾਈਵਲ ਕਾਰਡ ਭਰਿਆ ਹੈ ਉਸ ਵਿਚ ਕੋਈ ਗਲਤੀ ਹੈ। ਇਸ ਕੰਮ ਨੂੰ ਦਰੁੱਸਤ ਕਰਨ ਦੇ ਲਈ ਵੈਸਟਨ ਯੂਨੀਅਨ ਦੇ ਰਾਹੀਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਅਤੇ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਨਹੀਂ ਤਾਂ ਤੁਹਾਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ ਜਾਂ ਵਾਪਿਸ ਮੁੜਨਾ ਪੈ ਸਕਦਾ ਹੈ। ਇਮੀਗ੍ਰੇਸ਼ਨ ਵਿਭਾਗ ਨੇ ਜਾਰੀ ਪ੍ਰੈਸ ਨੋਟ ਵਿਚ ਕਿਹਾ ਹੈ ਕਿ ਇਹ ਫੋਨ ਕਾਲਾਂ ਉਨ੍ਹਾਂ ਦੇ ਵਿਭਾਗ ਤੋਂ ਨਹੀਂ ਕੀਤੀਆਂ ਜਾ ਰਹੀਆਂ। ਜੇਕਰ ਕੋਈ ਅਜਿਹੀ ਫੋਨ ਕਾਲ ਪ੍ਰਾਪਤ ਕਰਦਾ ਹੈ ਤਾਂ ਉਹ ਇਸਦੀ ਸ਼ਿਕਾਇਤ ਪੁਲਿਸ ਨੂੰ ਕਰੇ ਜਾਂ ਇਮੀਗ੍ਰੇਸ਼ਨ ਵਿਭਾਗ ਨੂੰ ਸੂਚਿਤ ਕਰੇ।

Install Punjabi Akhbar App

Install
×