ਡ੍ਰੋਨ ਦੀ ਭਿਨਭਿਨਾਹਟ-ਲਿਆ ਸਕਦੀ ਹੈ ਭੜਕਾਹਟ….

– ਪ੍ਰਾਈਵੇਸੀ ਨੂੰ ਕਦੇ ਵੀ ਸੰਨ੍ਹ ਲਾ ਸਕਦੇ ਹਨ ਤੁਹਾਡੇ ਘਰਾਂ ਉਤੇ ਮੰਡਰਾਉਂਦੇ ਡ੍ਰੋਨ ਕੈਮਰੇ-ਸਾਵਧਾਨ ਰਹਿਣ ਦੀ ਚੇਤਾਵਨੀ
– ਮਾਊਂਟ ਵਲਿੰਗਟਨ ਵਿਖੇ ਘਰ ਦੇ ਪਿਛਵਾੜੇ ‘ਚ ਮਾਂ-ਧੀ ਦੀਆਂ ਧੁੱਪ ਸੇਕਦੀਆਂ ਦੀ ਵੀਡੀਓ ਰਿਕਾਰਡਿੰਗ ਦਾ ਮਾਮਲਾ ਸਾਹਮਣੇ ਆਇਆ

NZ PIC 27 Feb-2
ਔਕਲੈਂਡ -ਆਪਣੇ ਮੁਹੱਲੇ ਜਾਂ ਪਿੰਡ ਦੇ ਵਿਚ ‘ਚ ਕਿਹੜਾ ਜਸ਼ਨ ਜਾਂ ਪਾਰਟੀ ਚੱਲ ਰਹੀ ਹੈ, ਬਾਰੇ ਜਾਨਣ ਦੀ ਕੁਝ ਇਛਾ ਜਾਗਦੀ ਹੋਵੇ ਪਰ ਤੁਹਾਡੀ ਪਹੁੰਚ ਉਥੇ ਤੱਕ ਨਾ ਹੋਵੇ ਤਾਂ ਕਿਹਾ ਜਾਂਦਾ ਹੈ ਕਿ ਉਪਰ ਵਾਲਾ ਹੀ ਜਾਣੇ ਉਥੇ ਕੀ ਹੋ ਰਿਹਾ ਹੋਵੇਗਾ। ਪਰ ਲਗਦਾ ਹੁਣ ਉਪਰ ਵਾਲੇ ਦਾ ਮਤਲਬ ‘ਡ੍ਰੋਨ’ ਹੋ ਜਾਇਆ ਕਰੇਗਾ ਕਿਉਂਕਿ ਅਜਿਹੇ ‘ਡ੍ਰੋਨ’ (ਭਿਨ-ਭਿਨਾਹਰਟ ਦੀ ਆਵਾਜ਼ ਕਰਨ ਵਾਲਾ) ਕੈਮਰੇ ਆ ਗਏ ਹਨ ਜਿਹੜੇ ਕਿ ਤੁਹਾਡੇ ਘਰ ਦੀ ਵੀਡੀਓ ਰਿਕਾਰਡਿੰਗ ਬਹੁਤ ਉਚਾਰੀ ਤੋਂ 4ਕੇ ਦੀ ਉਚ ਕੁਆਲਿਟੀ ਨਾਲ ਕਰ ਸਕਦੇ ਹਨ। ਇਹ ਕੈਮਰੇ 7 ਕਿਲੋਮੀਟਰ ਦੇ ਘੇਰੇ ਵਿਚ ਨਿੱਕੇ ਜਿਹੇ ਰਿਮੋਟ ਨਾਲ ਉਡਾਏ ਜਾ ਸਕਦੇ ਹਨ। ਤੁਹਾਡੇ ਘਰ ਦੀ ਪ੍ਰਾਈਵੇਸੀ (ਨਿੱਜੀ ਅਵਸਥਾ) ਨੂੰ ਕਦੋਂ ਇਹ ਵੀਡੀਓ ਰਾਹੀਂ ਰਿਕਾਰਡ ਕਰਕੇ ਤੁਹਾਨੂੰ ਭੜਕਾਹਟ ਵਿਚ ਲਿਆ ਦੇਣ ਨਹੀਂ ਕਿਹਾ ਜਾ ਸਕਦਾ। ਤਾਜ਼ਾ ਘਟਨਾ ਮਾਊਂਟ ਵਲਿੰਗਟਨ ਦੀ ਹੋਈ ਹੈ ਜਿੱਥੇ ਮਾਂ-ਧੀ ਆਪਣੇ ਘਰ ਦੇ ਪਿਛਲੇ ਪਾਸੇ ਘੱਟ ਕੱਪੜਿਆਂ ਦੇ ਵਿਚ ਸੂਰਜ ਦੀ ਰੌਸ਼ਨੀ ਦਾ ਇਸ਼ਨਾਨ ਕਰ ਰਹੀਆਂ ਸਨ। ਐਨੇ ਨੂੰ ਉਨ੍ਹਾਂ ਦੇ ਗੁਆਂਢੀ ਨੇ ਦੱਸਿਆ ਕਿ ਤੁਹਾਡੇ ਘਰ ਦੇ ਉਤੋਂ ਇਕ ਡ੍ਰੋਨ ਰਿਕਾਰਡਿੰਗ ਕਰ ਰਿਹਾ ਸੀ। ਧੀ ਦੀ ਉਮਰ 23 ਕੁ ਸਾਲ ਸੀ ਅਤੇ ਉਸਨੂੰ ਇਸ ਘਟਨਾ ਨਾਲ ਬਹੁਤ ਦੁੱਖ ਹੋਇਆ ਕਿ ਉਸਦੀ ਕਿਸੀ ਨੇ ਵੀਡੀਓ ਰਿਕਾਰਡਿੰਗ ਕਰ ਲਈ ਹੈ। ਮਾਮਲਾ ਪੁਲਿਸ ਕੋਲ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਸਿਵਲ ਏਵੀਏਸ਼ਨ ਅਥਾਰਟੀ ਦਾ ਹੈ। ਸਿਵਲ ਏਵੀਏਸ਼ਨ ਦੇ ਭਾਵੇਂ ਕਾਨੂੰਨ ਪ੍ਰਾਈਵੇਸੀ ਨੂੰ ਸੁਰੱਖਿਅਤ ਰੱਖਦੇ ਹਨ ਪਰ ਤਕਨਾਲੋਜੀ ਐਨੀ ਤੇਜ਼ੀ ਨਾਲ ਅੱਗੇ ਜਾ ਰਹੀ ਹੈ ਕਿ ਮੌਜੂਦਾ ਕਾਨੂੰਨ ਦੇ ਹੱਥ ਛੋਟੇ ਹੁੰਦੇ ਨਜ਼ਰ ਆਉਂਦੇ ਹਨ। ਨਵੇਂ ਡਰੋਨ ਤਾਂ 65 ਕਿਲੋਮੀਟਰ ਦੀ ਗਤੀ ਨਾਲ ਦੌੜ ਵੀ ਸਕਦੇ ਹਨ ਅਤੇ ਇਕ ਤੋਂ ਜਿਆਦਾ ਲੋਕ ਇਸਦੀਆਂ ਦੌੜਾਂ ਲਗਵਾ ਕੇ ਮਨ ਪ੍ਰਚਾਵਾ ਕਰ ਸਕਦੇ ਹਨ। ਸੋ ਸਾਵਧਾਨ ਰਹਿਣ ਦੀ ਲੋੜ ਹੈ ਹੋ ਸਕਦਾ ਹੈ ਤੁਹਾਡੇ ਘਰ ਦੇ ਉਤੇ ਤੁਹਾਨੂੰ ਕਦੇ ਡ੍ਰੋਨ ਉਡਦਾ ਦਿਸੇ ਤਾਂ ਤੁਸੀਂ ਪੁਲਿਸ ਜਾਂ ਸਿਵਲ ਏਵੀਏਸ਼ਨ ਦੇ ਨਾਲ ਸੰਪਰਕ ਕਰ ਸਕਦੇ ਹੋ। ਬਿਨਾਂ ਆਗਿਆ ਤੁਹਾਡੇ ਘਰ ਦੀ ਕੋਈ ਵੀਡੀਓ ਬਣਾ ਰਿਹਾ ਹੈ ਤਾਂ ਉਹ ਅਪਰਾਧ ਹੋ ਸਕਦਾ ਹੈ।

Install Punjabi Akhbar App

Install
×